The Khalas Tv Blog Punjab ਪੰਜਾਬ ਦੇ ਪਿੰਡਾਂ ਨੂੰ ਮਿਲੇ ਨਵੇਂ ਸਰਪੰਚ, 10,031 ਸਰਪੰਚਾਂ ਨੇ ਲਿਆ ਹਲਫ਼
Punjab

ਪੰਜਾਬ ਦੇ ਪਿੰਡਾਂ ਨੂੰ ਮਿਲੇ ਨਵੇਂ ਸਰਪੰਚ, 10,031 ਸਰਪੰਚਾਂ ਨੇ ਲਿਆ ਹਲਫ਼

ਸਾਹਨੇਵਾਲ : ਪੰਜਾਬ ਭਰ ਦੇ ਕਰੀਬ 10 ਹਜ਼ਾਰ ਸਰਪੰਚਾਂ ਨੇ ਅੱਜ ਆਪਣੇ ਅਹੁਦੇ ਲਈ ਹਲਫ਼ ਲਿਆ। ਇਹ ਸਰਪੰਚ 19 ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਜਦੋਂ ਕਿ 4 ਜ਼ਿਲ੍ਹੇ ਬਰਨਾਲਾ, ਸ਼੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਜ਼ਿਮਨੀ ਚੋਣਾਂ ਹੋਣ ਕਾਰਨ ਉਹਨਾਂ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਬਾਅਦ ਵਿੱਚ ਹੋਵੇਗਾ।

ਸਮਾਗਮ ਵਿੱਚ ਮੁੱਖ ਮਹਿਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਮਿਲ ਹੋਏ।

ਇਸ ਮੌਕੇ ਨਵੇਂ ਚੁਣੇ ਗਏ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਪੰਚ ਕਿਸੇ ਸਿਆਸੀ ਪਾਰਟੀ ਜਾਂ ਦਲ ਦਾ ਨਹੀਂ ਹੋਣਾ ਚਾਹੀਦਾ ਸਗੋਂ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤਾਂ ਲੋਕਤੰਤਰ ਦੀਆਂ ਨੀਂਹਾਂ ਹਨ।

ਏਕੇ ਨਾਲ ਹੀ ਕਾਮਯਾਬੀ- ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਪਿੰਡਾਂ ਦੇ ਏਕੇ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਉਹੀ ਪਿੰਡ ਕਾਮਯਾਬ ਹਨ। ਜਿਨ੍ਹਾਂ ਪਿੰਡਾਂ ਵਿੱਚ ਏਕਾ ਹੈ। ਉਹਨਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਆਪਣਾ ਭਾਈਚਾਰਾ ਹੋਰ ਮਜ਼ਬੂਤ ਕਰਨ ਦਾ ਹੌਕਾ ਦਿੱਤਾ।

ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਵੱਲ ਵਿਸ਼ੇਸ ਧਿਆਨ ਦੇ ਰਹੀ ਹੈ। ਸੂਬੇ ਵਿੱਚ ਕਰੀਬ 45ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਹਨਾਂ ਸਿੱਖਿਆ ਦੇ ਖੇਤਰ ਵਿੱਚ ਆਏ ਸੁਧਾਰ ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਚੰਗੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ। ਸਰਕਾਰੀ ਸਕੂਲਾਂ ਦੇ 157 ਬੱਚੇ IIT ਕਲਿਅਰ ਕਰ ਚੁੱਕੇ ਹਨ।

ਨਵੇਂ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਹਾਨੂੰ ਤੁਹਾਡੇ ਪਿੰਡ ਦੇ ਲੋਕਾਂ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਨਿਭਾਉਣਾ ਪਵੇਗਾ। ਇਹ ਚੰਗੀ ਗੱਲ ਹੈ ਕਿ ਤੁਸੀਂ ਸਰਪੰਚ ਚੁਣੇ ਗਏ ਹੋ। ਇਸ ਧਰਤੀ ’ਤੇ ਜੋ ਕੁਝ ਵੀ ਹੁੰਦਾ ਹੈ, ਰੱਬ ਹੀ ਕਰਦਾ ਹੈ। ਇਸ ਲਈ ਜੇਕਰ ਤੁਹਾਨੂੰ ਆਪਣੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਪ੍ਰਮਾਤਮਾ ਨੇ ਤੁਹਾਨੂੰ ਚੁਣਿਆ ਹੈ, ਪ੍ਰਮਾਤਮਾ ਤੁਹਾਡੇ ਰਾਹੀਂ ਤੁਹਾਡੇ ਪਿੰਡ ਦਾ ਭਲਾ ਕਰਨਾ ਚਾਹੁੰਦਾ ਹੈ।

ਉਨ੍ਹਾਂ ਕਿਹਾ ਕਿ ਸਾਰੇ ਫੈਸਲੇ ਪੂਰੇ ਪਿੰਡ ਦੇ ਸਾਹਮਣੇ ਹੋਣੇ ਚਾਹੀਦੇ ਹਨ। ਸਰਪੰਚ ਨੂੰ ਇਕੱਲੇ ਫੈਸਲੇ ਨਹੀਂ ਲੈਣੇ ਚਾਹੀਦੇ, ਸਾਰੇ ਗਲਤ ਫੈਸਲੇ, ਸਾਰੀਆਂ ਬੇਈਮਾਨੀਆਂ ਜੋ ਹੁੰਦੀਆਂ ਹਨ, ਉਹ ਬੰਦ ਕਮਰੇ ਵਿਚ ਹੁੰਦੀਆਂ ਹਨ।

MLA ਬਣਨਾ ਸੌਖਾ ਹੈ ਪਰ ਸਰਪੰਚ ਬਣਨਾ ਹੈ ਔਖਾ ਹੈ

ਕੇਜਰੀਵਾਲ ਨੇ ਕਿਹਾ ਕਿ ਵਿਧਾਇਕ ਬਣਨਾ ਸੌਖਾ ਹੈ ਪਰ ਸਰਪੰਚ ਬਣਨਾ ਔਖਾ ਹੁੰਦਾ ਹੈ। ਉਹਨਾਂ ਨਵੇਂ ਚੁਣੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਵਿਕਾਸ ਲਈ ਭੇਜੀ ਗਈ ਗ੍ਰਾਂਟ ਨੂੰ ਚੋਰੀ ਨਾ ਕਰਨਾ ਅਤੇ ਲੋਕਾਂ ਦੀ ਸਹਿਮਤੀ ਨਾਲ ਹੀ ਫੈਸਲੇ ਕਰਨਾ। ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਬਲਾਉਣ ਦਾ ਮੌਕਾ ਦਿੱਤਾ ਹੈ।

 

 

Exit mobile version