ਚੰਡੀਗੜ੍ਹ : ਸੂਬੇ ਵਿੱਚ ਝੋਨੇ ਦੀ ਵਾਢੀ ਦੇ ਨਾਲ ਕਣਕ ਦੀ ਬਿਜਾਈ ਵੀ ਤੇਜ਼ੀ ਨਾਲ ਚੱਲ ਰਹੀ ਹੈ। ਇਸ ਦੌਰਾਨ ਇੱਕ ਪਾਸੇ ਜਿੱਥੇ ਕਿਸਾਨ ਕਣਕ ਦੀ ਕਾਸ਼ਤ ਲਈ ਡੀਏਪੀ ਖਾਦ ਦੀ ਘਾਟ ਕਾਰਨ ਜੂਝ ਰਹੇ ਹਨ, ਉੱਥੇ ਹੀ ਇੱਕ ਨਵੇਂ ਫ਼ਰਮਾਨ ਨੇ ਕਿਸਾਨਾਂ ਲਈ ਮੁਸ਼ਕਲ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਦਰਅਸਲ ਹੁਣ ਸਹਿਕਾਰੀ ਸੁਸਾਇਟੀ ਦੇ ਮੈਂਬਰਾਂ ਨੂੰ ਖਾਦ ਮਿਲੇਗੀ। ਗੈਰ ਮੈਂਬਰ ਕਿਸਾਨਾਂ ਨੂੰ ਜੇਕਰ ਬਚ ਜਾਂਦੀ ਹੈ ਤਦ ਹੀ ਮਿਲੇਗੀ। ਇੰਨਾ ਹੀ ਨਹੀਂ ਖਾਦ ਦੇ 12-13 ਥੈਲੇ ਚੁੱਕਣ ਨਾਲ ਨੈਨੋ ਖਾਦ ਲੈਣੀ ਵੀ ਜ਼ਰੂਰੀ ਕਰ ਦਿੱਤੀ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ‘ਦ ਖਾਲਸ ਟੀਵੀ’ ਨਾਲ ਗੱਲਬਾਤ ਕਰਦਿਆਂ ਕੀਤਾ ਹੈ।
‘ਡੀਏਪੀ ਖਾਦ ਨਾਲ ਹੁਣ ਨੈਨੋ ਖਾਦ ਖ਼ਰੀਦਣੀ ਜ਼ਰੂਰੀ’
ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਇਸ ਵਾਰ 80 ਫ਼ੀਸਦੀ ਡੀਏਪੀ ਖਾਦ ਸਹਿਕਾਰੀ ਸੁਸਾਇਟੀਆਂ ਅਤੇ 20 ਫ਼ੀਸਦੀ ਵਪਾਰੀ ਵੰਡਣਗੇ। ਪ੍ਰਾਈਵੇਟ ਵਪਾਰੀਆਂ ਤੋਂ ਲੁੱਟ ਤੋਂ ਬਚਾਉਣ ਦਾ ਸਰਕਾਰ ਦਾ ਇਹ ਚੰਗਾ ਉਪਰਾਲਾ ਹੈ ਪਰ ਇਸ ਦੇ ਨਾਲ ਹੀ ਸਹਿਕਾਰੀ ਸਭਾਵਾਂ ਦੀ ਨਵੀਂ ਸ਼ਰਤ ਨੇ ਕਿਸਾਨ ਲਈ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਇਸ ਸ਼ਰਤ ਮੁਤਾਬਕ ਡੀਏਪੀ ਖਾਦ ਦੀਆਂ 12 ਤੋਂ ਉੱਪਰ ਬੋਰੀਆਂ ਚੁੱਕਣ ਦੇ ਨਾਲ ਨੈਨੋ ਖਾਦ ਵੀ ਖ਼ਰੀਦਣੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਕੰਮ ਤਾਂ ਪ੍ਰਾਈਵੇਟ ਵਾਪਰੀ ਖਾਦ ਲੈਣ ਉੱਤੇ ਕਿਸਾਨਾਂ ਉੱਤੇ ਧੱਕੇ ਨਾਲ ਖੇਤੀ ਸਬੰਧੀ ਹੋਰ ਵਸਤਾਂ ਮੜ੍ਹ ਦਿੰਦੇ ਸਨ, ਹੁਣ ਉਹੀ ਕੰਮ ਸਹਿਕਾਰੀ ਸਭਾਵਾਂ ਨੇ ਸ਼ੁਰੂ ਕਰ ਦਿੱਤਾ। ਇਹ ਸਰਾਸਰ ਕਿਸਾਨਾਂ ਨਾਲ ਧੱਕੇਸ਼ਾਹੀ ਹੈ।
‘ਸਹਿਕਾਰੀ ਸਭਾ ਦੇ ਸ਼ੇਅਰ ਹੋਲਡਰ ਨੂੰ ਹੀ ਮਿਲੇਗੀ ਖਾਦ’
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇੰਨਾ ਹੀ ਨਹੀਂ ਇੱਕ ਹੋਰ ਸ਼ਰਤ ਵੀ ਕਿਸਾਨਾਂ ਦੇ ਖ਼ਿਲਾਫ਼ ਹੈ। ਜਿਸ ਮੁਤਾਬਕ ਹੁਣ ਡੀਏਪੀ ਖਾਦ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਮਿਲੇਗੀ, ਜਿਹੜੇ ਸਹਿਕਾਰੀ ਸਭਾਵਾਂ ਦੇ ਸ਼ੇਅਰ ਹੋਲਡਰ ਹਨ। ਗੈਰ ਮੈਂਬਰਾਂ ਨੂੰ ਜੇਕਰ ਸੁਸਾਇਟੀ ਕੋਲ ਖਾਦ ਬਚੀ ਹੈ ਤਦ ਹੀ ਨਗਦੀ ਰੂਪ ਵਿੱਚ ਹੀ ਖਾਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਸੁਸਾਇਟੀਆਂ ਵਿੱਚ ਹਿੱਸੇਦਾਰੀ ਨਹੀਂ, ਉਹ ਖਾਦ ਕਿੱਥੋਂ ਲੈਣਗੇ। ਕਿਸਾਨਾਂ ਵੱਲੋਂ ਪਹਿਲਾਂ ਹੀ ਸ਼ੇਅਰ ਹੋਲਡਰ ਬੰਨ੍ਹਣ ਲਈ ਦਿੱਤੀਆਂ ਅਰਜ਼ੀਆਂ ਫਾਈਲਾਂ ਵਿੱਚ ਰੁਲ ਰਹੀਆਂ ਹਨ। ਨਵੇਂ ਮੈਂਬਰ ਵੀ ਨਹੀਂ ਬਣਾਉਣੇ ਅਤੇ ਖਾਦ ਵੀ ਨਹੀਂ ਦੇਣੀ।
ਕਿਸਾਨ ਆਗੂ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਕਿਸਾਨਾਂ ਕੁਦਰਤ ਦੀ ਵੱਡੀ ਮਾਰ ਪੈ ਰਹੀ ਹੈ। ਅਜਿਹੇ ਵਿੱਚ ਜਿਹੜੇ ਕਿਸਾਨ ਕਰਜ਼ਾ ਨਾ ਮੜ੍ਹਨ ਕਾਰਨ ਡਿਫਾਲਟਰ ਹੋ ਜਾਂਦੇ ਹਨ। ਉਨ੍ਹਾਂ ਨੂੰ ਵੀ ਸਹਿਕਾਰੀ ਸਭਾ ਦਾ ਮੈਂਬਰ ਨਹੀਂ ਬਣਾਇਆ ਜਾਂਦਾ। ਇਹ ਕਿਸਾਨ ਕਿੱਥੇ ਜਾਣ। ਕੁਦਰਤ ਦੀ ਮਾਰ ਦੇ ਨਾਲ ਕਿਸਾਨਾਂ ਨੂੰ ਸਰਕਾਰੀ ਨੀਤੀਆਂ ਦੀ ਮਾਰ ਵੀ ਝੱਲਣ ਨੂੰ ਮਜਬੂਰ ਹਨ।
‘ਸਮੇਂ ਰਹਿੰਦੇ ਮੰਗਾਂ ਪੂਰੀਆਂ ਹੋਣ ਤਾਂ ਧਰਨਿਆਂ ਦੀ ਕੀ ਲੋੜ’
ਕਿਸਾਨ ਆਗੂ ਨੇ ਕਿਹਾ ਜੇਕਰ ਕਿਸਾਨ ਨੂੰ ਖਾਦ ਨਾ ਮਿਲੀ ਤਾਂ ਉਹ ਮਜਬੂਰ ਸੜਕਾਂ ਉੱਤੇ ਧਰਨਾ ਲਾਉਣਗੇ। ਫੇਰ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਲੋਕਾਂ ਵਿੱਚ ਭੰਡੀ ਪ੍ਰਚਾਰ ਕਰੇਗੀ ਕਿ ਇਹ ਛੋਟੀ ਛੋਟੀ ਮੰਗਾਂ ਉੱਤੇ ਸੜਕਾਂ ਜਾਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋਣ ਜਾਣ ਤਾਂ ਅਜਿਹੇ ਹਾਲਾਤ ਹੀ ਨਾ ਬਣਨ।
ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੰਗ ਕੀਤੀ ਹੈ ਕਿ ਡੀਏਪੀ ਖਾਦ ਨਾਲ ਜਬਰੀ ਨੈਨੋ ਖਾਦ ਖ਼ਰੀਦਣ ਦੀ ਸ਼ਰਤ ਹਟਾਈ ਜਾਵੇ। ਸੁਸਾਇਟੀਆਂ ਵਿੱਚ ਨਵੇਂ ਕਿਸਾਨਾਂ ਨੂੰ ਸ਼ੇਅਰ ਹੋਲਡਰ ਬਣਾਇਆ ਜਾਵੇ ਅਤੇ ਪਹਿਲਾਂ ਦਿੱਤੀਆਂ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਵੇ। ਡਿਫਾਲਟਰ ਐਲਾਨੇ ਕਿਸਾਨਾਂ ਅਤੇ ਠੇਕੇ ਉੱਤੇ ਵਾਹੀ ਕਰਨ ਵਾਲੇ ਕਿਸਾਨਾਂ ਨੂੰ ਵੀ ਸਹਿਕਾਰੀ ਸਭਾ ਦੇ ਮੈਂਬਰ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਵੀ ਡੀਏਪੀ ਖਾਦ ਮਿਲ ਸਕੇ। ਕਿਸਾਨ ਆਗੂ ਨੇ ਕਿਹਾ ਕਿ ਡੀਏਪੀ ਖਾਦ ਦੀ ਘਾਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਕਣਕ ਦੀ ਬੀਜਾਂਦ ਕਰ ਸਕਣ।