The Khalas Tv Blog India ਅਨੰਦਪੁਰ ਸਾਹਿਬ ਹੋਲਾ ਮੁਹੱਲਾ ਮਨਾਉਣ ਦੀ ਤਿਆਰੀ ਕਰਨ ਵਾਲੇ ਪੜ੍ਹ ਲੈਣ ਇਹ ਖ਼ਬਰ, ਕੁੰਭ ਦਾ ਮੇਲਾ ਵੇਖਣ ਲਈ ਜਾਣ ਵਾਲੇ ਹੋ ਜਾਣ ਬੇਫਿਕਰ
India International Punjab

ਅਨੰਦਪੁਰ ਸਾਹਿਬ ਹੋਲਾ ਮੁਹੱਲਾ ਮਨਾਉਣ ਦੀ ਤਿਆਰੀ ਕਰਨ ਵਾਲੇ ਪੜ੍ਹ ਲੈਣ ਇਹ ਖ਼ਬਰ, ਕੁੰਭ ਦਾ ਮੇਲਾ ਵੇਖਣ ਲਈ ਜਾਣ ਵਾਲੇ ਹੋ ਜਾਣ ਬੇਫਿਕਰ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜਿੱਥੇ ਸੂਬਾ ਸਰਕਾਰ ਰਾਤ ਦੇ ਕਰਫਿਊ ਵਰਗੇ ਸਖਤ ਫੈਸਲੇ ਲੈ ਰਹੀ ਹੈ, ਉੱਥੇ ਇਸ ਵਾਰ ਅਨੰਦਪੁਰ ਸਾਹਿਬ ਵਿਖੇ ਵੀ ਹੋਲਾ ਮੁਹੱਲਾ ਮਨਾਉਣ ਦੀ ਤਿਆਰੀ ਕਰਨ ਵਾਲਿਆਂ ਨੂੰ ਨਵੇਂ ਹੁਕਮਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ।

ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਰਗ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ ਸਿਰਫ ਉਹੀ ਲੋਕ ਅਨੰਦਪੁਰ ਸਾਹਿਬ ਦਾਖਿਲ ਹੋ ਸਕਣਗੇ ਜੋ ਕੋਰੋਨਾ ਜਾਂਚ ਦੀ ਆਪਣੀ ਨੈਗਟਿਵ ਰਿਪੋਰਟ ਨਾਲ ਲੈ ਕੇ ਆਉਣਗੇ। ਜ਼ਿਕਰਯੋਗ ਹੈ ਕਿ ਜਿਲ੍ਹਾ ਰੂਪਨਗਰ ਵਿੱਚ ਹੋਲਾ ਮਹੱਲਾ 24 ਮਾਰਚ ਤੋਂ 26 ਮਾਰਚ ਤੱਕ, ਕੀਰਤਪੁਰ ਸਾਹਿਬ ਵਿਖੇ 27 ਮਾਰਚ ਤੋਂ 29 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਦੇ ਅਨੁਸਾਰ ਰੋਪੜ ਜ਼ਿਲ੍ਹੇ ਵਿੱਚ ਵੀ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਜਿਲ੍ਹੇ ਵਿੱਚ ਕਰੋਨਾ ਦਾ ਰਿਕਵਰੀ ਰੇਟ ਵੀ ਘੱਟ ਕੇ 86 ਫਿਸਦੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਹੋਲਾ ਮਹੱਲਾ ‘ਤੇ ਆਉਣ ਵੇਲੇ ਆਪਣੇ ਨਾਲ 72 ਘੰਟਿਆਂ ਦੇ ਵਿੱਚ ਜਾਰੀ ਕੀਤੀ ਗਈ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ ਹੈ।

ਦੱਸ ਦਈਏ ਕਿ ਬੀਤੇ ਦਿਨ ਰੂਪਨਗਰ ਜ਼ਿਲ੍ਹੇ ਵਿੱਚ 109 ਵਿਅਕਤੀਆਂ ਦੀ ਕਰੋਨਾ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਬੀਤੇ ਦਿਨੀਂ 39 ਵਿਅਕਤੀ ਠੀਕ ਵੀ ਹੋਏ ਹਨ ਅਤੇ ਦੋ ਵਿਅਕਤੀਆਂ ਦੀ ਮੌਤ ਵੀ ਹੋਈ ਹੈ।

ਅੰਮ੍ਰਿਤਸਰ ਵਿੱਚ ਵੀ ਲਾਗੂ ਹੋਇਆ ਰਾਤ ਦਾ ਕਰਫਿਊ
ਉੱਧਰ, ਅੰਮ੍ਰਿਤਸਰ ਵਿੱਚ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਹੈ। ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਹਦਾਇਤ ਕੀਤੀ ਗਈ।

ਹਰਿਦਵਾਰ ਦੇ ਕੁੰਭ ‘ਚ ਆਉਣ ਵਾਲਿਆਂ ਲਈ ਕੋਰੋਨਾ ਜਾਂਚ ਰਿਪੋਰਟ ਲਿਆਉਣ ਦੀ ਲੋੜ ਨਹੀਂ

ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਨੇ ਕਿਹਾ ਕਿ ਕੁੰਭ ਮੇਲੇ ‘ਚ ਆਉਣ ਵਾਲਿਆਂ ਲਈ ਕੋਵਿਡ 19 ਦੀ ਨੈਗੇਟਿਵ ਰਿਪੋਰਟ ਲੈ ਕੇ ਆਉਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ 12 ਸਾਲ ਇਸ ਮੇਲੇ ਦੇ ਲੱਗਣ ਦਾ ਇੰਤਜ਼ਾਰ ਕਰਦੇ ਹਨ। ਅਜਿਹਾ ਵਾਤਾਵਰਣ ਨਹੀਂ ਬਣਾਉਣਾ ਚਾਹੀਦਾ ਕਿ ਲੋਕ ਸੋਚਣ ਕਿ ਕੁੰਭ ਦੇ ਮੇਲੇ ਵਿਚ ਆਉਣ ਨਾਲ ਪਤਾ ਨਹੀਂ ਕੀ ਹੋ ਜਾਵੇਗਾ। ਇਹ ਭਾਵਨਾਤਮਕ ਵਿਸ਼ਾ ਹੈ, ਇਸ ਲਈ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਸੰਬਧਿਤ ਨਿਰਦੇਸ਼ਾਂ ਦਾ ਪਾਲਨ ਕਰਦਿਆਂ ਸਾਰੇ ਲੋਕਾਂ ਨੂੰ ਹਰਿਦਵਾਰ ਕੁੰਭ ‘ਚ ਬੇਰੋਕ-ਟੋਕ ਆਉਣ ਦੀ ਇਜ਼ਾਜਤ ਹੋਣੀ ਚਾਹੀਦੀ।
ਮੁੱਖ ਮੰਤਰੀ ਬੀਜਾਪੁਰ ਸਥਿਤ ਸੇਫ ਹਾਉਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਮੇਲਾ ਇਕੱਲੇ ਉਤਰਾਖੰਡ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਲੱਖਾਂ ਲੋਕ ਆਉਣਗੇ, ਕਿਸ-ਕਿਸ ਦੀ ਜਾਂਚ ਕਰਾਂਗੇ।

Exit mobile version