‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੁਅਲ ਕਾਨਫਰੰਸਿੰਗ ਦੇ ਰਾਹੀਂ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਕੈਪਟਨ ਨੇ ਕਿਹਾ ਕਿ ਉਹ ਪੰਜਾਬ ਦੇ 23ਵੇਂ ਜ਼ਿਲ੍ਹੇ ਮਲੇਰਕੋਟਲਾ ਨੂੰ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਨਾਲ ਮਲੋਰਕੋਟਲਾ ਦੇ ਲੋਕਾਂ ਦੀ ਚਿਰਕੋਣੀ ਇੱਛਾ ਪੂਰੀ ਹੋਈ ਹੈ। ਇਹ ਪੰਜਾਬ ਦੀ ਧਰਮ-ਨਿਰਪੱਖ ਇਕਸੁਰਤਾ ਅਤੇ ਏਕਤਾ ਦੀ ਸ਼ਾਨਦਾਰ ਵਿਰਾਸਤ ਅਤੇ ਸ਼ਹਿਰ ਲਈ ਵਿਕਾਸ ਅਤੇ ਤਰੱਕੀ ਦੇ ਨਵੇਂ ਰਾਹ ਖੋਲ੍ਹੇਗਾ।
ਕੈਪਟਨ ਨੇ ਕਿਹਾ ਕਿ ਕੁੱਝ ਲੋਕ ਕਹਿੰਦੇ ਹਨ ਕਿ ਅਸੀਂ ਔਰਤਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੰਦੇ ਪਰ ਮੇਰੀ ਚੀਫ ਸਕੱਤਰ ਔਰਤ ਹੈ, ਵਿੱਤ ਕਮਿਸ਼ਨਰ ਔਰਤ ਹੈ, ਮਲੇਰਕੋਟਲਾ ਤੋਂ ਮੰਤਰੀ ਔਰਤ, ਮੇਰੀ ਪਹਿਲੀ ਡਿਪਟੀ ਕਮਿਸ਼ਨਰ ਔਰਤ ਅਤੇ ਮਲੇਰਕੋਟਲਾ ਦਾ ਸਾਰਾ ਥਾਣਾ ਹੀ ਔਰਤਾਂ ਦੇ ਨਾਲ ਛਾ ਗਿਆ ਹੈ।
ਮਲੇਰਕੋਟਲਾ ਲਈ ਅਹਿਮ ਐਲਾਨ
- ਮਲੇਰਕੋਟਲਾ ਤਿੰਨ ਸਬ-ਡਿਵੀਜ਼ਨ ਦਾ ਜ਼ਿਲ੍ਹਾ ਹੋਵੇਗਾ।
- ਕੈਪਟਨ ਨੇ ਮਲੇਰਕੋਟਲਾ ਦਾ ਸਾਰਾ ਪ੍ਰਸ਼ਾਸਨਿਕ ਪ੍ਰਬੰਧ ਔਰਤਾਂ ਦੇ ਹਵਾਲੇ ਕੀਤਾ ਹੈ।
- ਮਲੇਰਕੋਟਲਾ ਵਿੱਚ ‘ਔਰਤ ਥਾਣਾ’ ਵਿਸ਼ੇਸ਼ ਤੌਰ ‘ਤੇ ਔਰਤ ਕਰਮਚਾਰੀਆਂ ਵੱਲੋਂ ਚਲਾਇਆ ਜਾਵੇਗਾ।
- ਮਲੇਰਕੋਟਲਾ ਵਿੱਚ ਦਫਤਰ ਅਤੇ ਹੋਰ ਕੰਮ-ਕਾਜ ਲਈ ਇਮਾਰਤਾਂ ਬਣਾਉਣ ਲਈ 20 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
- ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ ਲਈ 500 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰਾਜੈਕਟ ਬਣ ਰਿਹਾ ਹੈ। ਇਸ ਦੀ ਅੱਜ ਤੋਂ ਉਸਾਰੀ ਕੀਤੀ ਜਾਵੇਗੀ।
- ਮਲੇਰਕੋਟਲਾ ਵਿੱਚ ਕੁੜੀਆਂ ਲਈ ਸਰਕਾਰੀ ਕਾਲਜ ਵਾਸਤੇ 12 ਕਰੋੜ ਰੁਪਏ ਦਿੱਤੇ ਗਏ ਹਨ।
- ਮਲੇਰਕੋਟਲਾ ਵਿੱਚ ਨਿਊ ਬੱਸ ਸਟੈਂਡ ਲਈ 10 ਕਰੋੜ ਰੁਪਏ ਦਿੱਤੇ ਗਏ ਹਨ।
- ਮਲੇਰਕੋਟਲਾ ਦੇ ਅਰਬਨ ਵਿਕਾਸ ਵਾਸਤੇ 6 ਕਰੋੜ ਰੁਪਏ ਦਿੱਤੇ ਗਏ ਹਨ।
- ਇਤਿਹਾਸਕ ਮੁਬਾਰਕ ਮੰਜ਼ਿਲ ਮਹਿਲ ਦੀ ਸੰਭਾਲ ਅਤੇ ਨਵੀਨੀਕਰਨ ਦਾ ਕਾਰਜ ਆਗਾ ਖ਼ਾਨ ਫਾਊਂਡੇਸ਼ਨ (ਯੂ.ਕੇ.) ਵੱਲੋਂ ਕੀਤਾ ਜਾਵੇਗਾ।
- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਬ-ਡਿਵੀਜ਼ਨਲ ਕੰਪਲੈਕਸ ਦੀ ਉਸਾਰੀ ਲਈ 20 ਕਰੋੜ ਰੁਪਏ ਦਿੱਤੇ ਗਏ ਹਨ।
- ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ (ਯੂ.ਈ.ਆਈ.ਪੀ.) ਤਹਿਤ ਵਿਕਾਸ ਕਾਰਜ ਲਈ 6 ਕਰੋੜ ਰੁਪਏ ਦਿੱਤੇ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ 14 ਮਈ ਨੂੰ ਈਦ-ਉਲ-ਫਿਤਰ ਮੌਕੇ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨ ਕੇ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫਾ ਦਿੱਤਾ ਸੀ। ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾਂ ਬਣਾਉਣ ਤੋਂ ਬਾਅਦ ਮਲੇਰਕੋਟਲਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।