The Khalas Tv Blog Punjab ਸ੍ਰੀ ਹਰਿਮੰਦਰ ਸਾਹਿਬ ‘ਚ ਸੰਗਤਾਂ ਦੀ ਲੱਗਿਆ ਕਰੂ ਗੂੜੀ ਲਿਵ
Punjab

ਸ੍ਰੀ ਹਰਿਮੰਦਰ ਸਾਹਿਬ ‘ਚ ਸੰਗਤਾਂ ਦੀ ਲੱਗਿਆ ਕਰੂ ਗੂੜੀ ਲਿਵ

‘ਦ ਖ਼ਾਲਸ ਬਿਊਰੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਦੇ ਵੱਗ ਰਹੇ ਪ੍ਰਵਾਹ ਨੂੰ ਹੋਰ ਮਧੁਰ ਅਤੇ ਸੁਰੀਲਾ ਬਣਾਉਣ ਲਈ ਹੁਣ ਰਾਗੀ ਸਿੰਘ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਮੰਤਰਮੁਗਧ ਕਰਿਆ ਕਰਨਗੇ। ਹਰਮੋਨੀਅਮ ਸਮੇਤ ਵੱਧ ਆਵਾਜ਼ ਦੇਣ ਵਾਲੇ ਸਾਜ਼ਾਂ ਨੂੰ ਵਜਾਉਣ ਤੋਂ ਗੁਰੇਜ਼ ਕੀਤਾ ਜਾਇਆ ਕਰੇਗਾ। ਪੰਜ ਸਿੰਘ ਸਾਹਿਬਾਨਾਂ ਵੱਲੋਂ ਜਾਰੀ ਗੁਰਮਤੇ ਉੱਤੇ ਅਮਲ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਉੱਤੇ ਪੜਾਅਵਾਰ ਅਮਲ ਕਰਨ ਦਾ ਫੈਸਲਾ ਲਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਜਪੁਜੀ ਸਾਹਿਬ ਨੂੰ ਛੱਡ ਕੇ ਬਾਕੀ ਬਾਣੀ ਰਾਗਾਂ ਵਿੱਚ ਦਰਜ ਹੈ।

ਪੰਜ ਸਿੰਘ ਸਾਹਿਬਾਨਾਂ ਦੇ ਗੁਰਮਤੇ ਤੋਂ ਬਾਅਦ ਜਿਹੜੇ ਤੰਤੀ ਸਾਜ਼ਾਂ ਦੀ ਵਰਤੋਂ ਵਿੱਚ ਲਿਆਂਦੇ ਜਾਣਗੇ, ਉਨ੍ਹਾਂ ਵਿੱਚ ਰਬਾਬ, ਤਾਊਸ, ਦਿਲਰੁਬਾ, ਸਰੰਦਾ, ਪਖਾਵਜ, ਮ੍ਰਿਦੰਗ, ਤਬਲਾ ਅਤੇ ਢੋਲਕ ਆਦਿ ਸਾਜ਼ਾਂ ਦੀ ਵਰਤੋਂ ਮੁੱਢ ਕਦੀਮ ਤੋਂ ਹੁੰਦੀ ਆ ਰਹੀ ਹੈ। ਸ਼੍ਰੋਮਣੀ ਕਮੇਟੀ ਹਾਰਮੋਨੀਅਮ ਦੀ ਵਰਤੋਂ ਨੂੰ ਇੱਕ ਵਾਰ ਵਿੱਚ ਹੀ ਬੰਦ ਨਹੀਂ ਕਰੇਗੀ। ਇਸ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ।

ਰਬਾਬ

ਗੁਰਮਤਾ ਲਾਗੂ ਹੋਣ ਤੋਂ ਤਿੰਨ ਸਾਲਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਹਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਅਲੋਪ ਹੋ ਜਾਵੇਗੀ। ਤਿੰਨ ਸਾਲ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥੇ ਹਾਰਮੋਨੀਅਮ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦੇਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਾਗੂ ਕਰਨ ਲਈ ਕਹਿ ਦਿੱਤਾ ਹੈ।

ਤਾਊਸ

ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਲੇ 15 ਜਥੇ ਹਨ, ਜੋ 24 ਘੰਟਿਆਂ ਵਿੱਚੋਂ 20 ਘੰਟੇ ਕੀਰਤਨ ਕਰਦੇ ਹਨ। ਇਹ ਜਥੇ ਦਿਨ ਅਤੇ ਰੁੱਤਾਂ ਅਨੁਸਾਰ 31 ਮੁੱਖ ਰਾਗਾਂ ਵਿੱਚੋਂ ਇੱਕ-ਇੱਕ ਰਾਗ ਚੁਣਦੇ ਹਨ ਅਤੇ ਉਹਨਾਂ ਦਾ ਗਾਇਨ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ 5 ਜਥੇ ਅਜਿਹੇ ਹਨ ਜੋ ਬਿਨਾਂ ਹਾਰਮੋਨੀਅਮ ਤੋਂ ਕੀਰਤਨ ਕਰਨਾ ਜਾਣਦੇ ਹਨ। ਇਹ ਜਥੇ ਰਬਾਬ ਅਤੇ ਸਰੰਦਾ ਵਰਗੇ ਸਾਜ਼ਾਂ ਦੀ ਵਰਤੋਂ ਕਰਦੇ ਹਨ। ਹੋਰਨਾਂ ਦੀ ਸਿਖਲਾਈ ਵੀ ਸ਼ੁਰੂ ਹੋ ਗਈ ਹੈ। ਅਗਲੇ ਤਿੰਨ ਸਾਲਾਂ ਵਿੱਚ ਇਹ ਸਾਰੇ ਜਥੇ ਬਿਨਾਂ ਹਰਮੋਨੀਅਮ ਤੋਂ ਕੀਰਤਨ ਕਰ ਸਕਣਗੇ।

ਦਿਲਰੁਬਾ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਾਂਝੇ ਤੌਰ ਉੱਤੇ ਕਹਿਣਾ ਹੈ ਕਿ ਹਾਰਮੋਨੀਅਮ ਕਦੇ ਵੀ ਗੁਰੂ ਸਾਹਿਬਾਨ ਵੱਲੋਂ ਵਰਤਿਆ ਜਾਣ ਵਾਲਾ ਸਾਜ਼ ਨਹੀਂ ਸੀ। ਭਾਰਤ ਵਿੱਚ ਹਾਰਮੋਨੀਅਮ ਅੰਗਰੇਜ਼ਾਂ ਦੁਆਰਾ ਦਿੱਤਾ ਗਿਆ ਇੱਕ ਸਾਜ਼ ਹੈ। ਹਾਰਮੋਨੀਅਮ ਨੂੰ ਬ੍ਰਿਟਿਸ਼ ਰਾਜ ਦੌਰਾਨ ਭਾਰਤ ਲਿਆਂਦਾ ਗਿਆ ਸੀ ਅਤੇ ਸਾਲ 1901 ਵਿੱਚ ਰਾਗੀ ਜਥਿਆਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਪਹਿਲੀ ਵਾਰ ਹਾਰਮੋਨੀਅਮ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ। ਹੁਣ 122 ਸਾਲ ਬਾਅਦ ਹਾਰਮੋਨੀਅਮ ਦੀ ਵਰਤੋਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ 125 ਸਾਲ ਬਾਅਦ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਇੱਥੇ ਇਹ ਦੱਸਣਾ ਵੀ ਦਿਲਚਸਪ ਹੋਵੇਗਾ ਕਿ ਪੰਜਾਬ ਵਿੱਚ ਕਈ ਧਾਰਮਿਕ ਸੰਸਥਾਵਾਂ ਵੱਲੋਂ ਤੰਤੀ ਸਾਜ਼ ਵਜਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।

ਸਰੰਦਾ
Exit mobile version