‘ਦ ਖ਼ਾਲਸ ਬਿਊਰੋ:- ਪੰਜਾਬ ਦੇ ਬਹੁ-ਚਰਚਿਤ ਸਾਬਕਾ DGP ਸੁਮੇਧ ਸੈਣੀ ਦੇ ਦੋ ਚਹੇਤੇ ਸੇਵਾਮੁਕਤ ਪੁਲਿਸ ਅਫ਼ਸਰਾਂ ਖ਼ਿਲਾਫ਼ ਧਾਰਾ 195 A ਅਤੇ 500 ਤਹਿਤ ਗਵਾਹ ਨੂੰ ਧਮਕਾਉਣ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਿਸ ਦੇ ਇਹ ਦੋਵੇਂ ਸੇਵਾ ਮੁਕਤ ਪੁਲਿਸ ਅਧਿਕਾਰੀ ਅਨੋਖ ਸਿੰਘ ਜੋ ਕਿ ਸੈਕਟਰ-21 ਅਤੇ ਜਗੀਰ ਸਿੰਘ ਸੈਕਟਰ-51 ਦਾ ਰਹਿਣ ਵਾਲਾ ਹੈ। ਪੁਲਿਸ ਨੇ ਸੈਣੀ ਦੇ ਇਨ੍ਹਾਂ ਚਹੇਤੇ ਅਫਸਰਾਂ ਖਿਲਾਫ ਇਹ ਕਾਰਵਾਈ ਪੰਜਾਬ ਪੁਲੀਸ ਦੇ ਹੀ ਸਾਬਕਾ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਦੀ ਸ਼ਿਕਾਇਤ ਨੂੰ ਮੁੱਖ ਰੱਖਕੇ ਕੀਤੀ ਹੈ।
ਸ਼ਿਕਾਇਤਕਰਤਾ ਗੁਰਮੀਤ ਸਿੰਘ ਪਿੰਕੀ ਨੇ ਬਿਆਨ ਦਿੰਦਿਆਂ ਕਿਹਾ ਕਿ “ਜਦੋਂ 27 ਜੁਲਾਈ ਨੂੰ ਉਹ ਲਾਂਡਰਾਂ ਨੇੜੇ ਆਪਣੇ ਪਿੱਗ ਫਾਰਮ ’ਤੇ ਗਿਆ ਸੀ, ਤਾਂ ਸਾਬਕਾ ਇੰਸਪੈਕਟਰ ਅਨੋਖ ਸਿੰਘ ਵੀ ਫਾਰਮ ‘ਤੇ ਪਹੁੰਚ ਗਿਆ। ਗੱਲਾਂਬਾਤਾਂ ਦੌਰਾਨ ਗੁਰਮੀਤ ਸਿੰਘ ਪਿੰਕੀ ਨੇ ਆਪਣੇ ਫੋਨ ‘ਤੇ ਉਸ ਦੀ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ, ਬਾਅਦ ਵਿੱਚ ਉਸ ਰਿਕਾਰਡਿੰਗ ਨੂੰ ਕਿਸੇ ਮੀਡੀਆ-ਕਰਮੀ ਕੋਲ ਪਹੁੰਚਾ ਦਿੱਤਾ। ਜਿਸ ਤੋਂ ਬਾਅਦ ਦੋਵੇਂ ਇੰਸਪੈਕਟਰਾਂ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਅਦਾਲਤ ਵਿੱਚ ਕਿਸੇ ਵੀ ਤਰ੍ਹਾਂ ਦੀ ਗਵਾਹੀ ਭਰੀ ਤਾਂ ਉਸ ਨੂੰ ਇਸ ਦਾ ਹਰਜਾਨਾਂ ਭੁਗਤਣਾ ਪਏਗਾ”। ਜਿਸ ਤੋਂ ਬਾਅਦ ਪਿੰਕੀ ਨੇ ਪੁਲਿਸ ਕੋਲ ਰਿਪੋਰਟ ਕੀਤੀ ਤਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਦੋਵੇ ਸੇਵਾ ਮੁਕਤ ਅਫਸਰਾਂ ਖਿਲਾਫ ਕੇਸ ਦਰਜ ਕਰ ਦਿੱਤਾ।
ਇਸ ਮਾਮਲੇ ਸਬੰਧੀ ਹੁਣ 30 ਜੁਲਾਈ ਨੂੰ ਮੁਹਾਲੀ ਦੇ ਜਿਲ੍ਹਾ ਅਤੇ ਸ਼ੈਸ਼ਨ ਜੱਜ ਦੀ ਨਵੀਂ ਅਦਾਲਤ ਵਿੱਚ ਦੋਵੇਂ ਇੰਸਪੈਕਟਰਾਂ ਦੀ ਪੱਕੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਚਰਚਿਤ ਸਾਬਕਾ DGP ਸੁਮੇਧ ਸੈਣੀ ਸਮੇਤ ਇਨਾਂ ਦੋਵੇਂ ਅਫਸਰਾਂ ਖਿਲਾਫ ਅਪਰਾਧਿਕ ਮਾਮਲਿਆਂ ਦੀ ਵੀ ਸੁਣਵਾਈ ਹੋਵੇਗੀ।
ਸੁਮੇਧ ਸੈਣੀ ਨੂੰ ਪੰਜਾਬ ਦੇ ਸਾਬਕਾ IAS ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।