‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਸ਼ੇ ਦੇ ਆਦੀ ਅੰਦਰ ਨਸ਼ਾ ਛੱਡਣ ਦੀ ਨਿੱਕੀ ਜਿਹੀ ਇੱਛਾ ਜ਼ਰੂਰ ਹੁੰਦੀ ਹੈ। ਜਿਸ ਤਰ੍ਹਾਂ ਹੌਲੀ-ਹੌਲੀ ਕੋਈ ਨਸ਼ੇ ਦਾ ਆਦੀ ਹੋ ਜਾਂਦਾ ਹੈ, ਉਸੇ ਤਰ੍ਹਾਂ ਉਸਨੂੰ ਹੌਲੀ-ਹੌਲੀ ਇਸ ਬਿਮਾਰੀ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਦਾ ਅਜਿਹਾ ਹੀ ਇੱਕ ਉਪਰਾਲਾ ਮਾਨਸਾ ਵਿੱਚ ਕੀਤਾ ਗਿਆ ਹੈ। ਨਸ਼ਿਆਂ ਦੇ ਵੱਧਦੇ ਪ੍ਰਭਾਵ ਨੂੰ ਖਤਮ ਕਰਨ ਦੇ ਮਕਸਦ ਨਾਲ ਮਾਨਸਾ ਦੇ ਵਾਰਡ ਨੰਬਰ 6 ਦੇ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ੇ ਦੇ ਖਾਤਮੇ ਲਈ 11 ਮੈਂਬਰਾਂ ਦੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਜਿੱਥੇ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਦੇ ਹਵਾਲੇ ਕਰੇਗੀ, ਉੱਥੇ ਹੀ ਨਸ਼ੇ ਦੇ ਪੀੜਤਾਂ ਦਾ ਇਲਾਜ ਕਰਵਾਉਣ ਲਈ ਮਦਦ ਵੀ ਕਰੇਗੀ। ਇਸ ਲਈ ਐੱਸਐੱਸਪੀ ਗੌਰਵ ਤੂਰਾ ਨੇ ਕਮੇਟੀ ਦੇ ਉਪਰਾਲੇ ਦਾ ਸਵਾਗਤ ਕਰਦਿਆਂ ਹੋਰ ਕੌਂਸਲਰਾਂ ਨੂੰ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਵਾਰਡ ਨੰਬਰ 6 ਦੇ ਨਿਵਾਸੀਆਂ ਵੱਲੋਂ ਨਸ਼ਿਆਂ ਖਿਲਾਫ ਗਠਿਤ ਕੀਤੀ 11 ਮੈਂਬਰੀ ਕਮੇਟੀ ਦੇ ਮੈਂਬਰ ਕੌਂਸਲਰ ਅਮਨਦੀਪ ਸਿੰਘ ਅਤੇ ਰਣਵੀਰ ਸਿੰਘ ਨੇ ਦੱਸਿਆ ਕਿ ਸਾਡੇ ਵਾਰਡ ਵਿੱਚ ਕਈ ਥਾਂਵਾਂ ਉੱਤੇ ਗੈਰ-ਕਾਨੂੰਨੀ ਨਸ਼ਾ ਵਿਕਦਾ ਹੈ, ਜਿਸ ਨੂੰ ਠੱਲ ਪਾਉਣ ਲਈ ਸਮੂਹ ਵਾਰਡ ਵਾਸੀਆਂ ਵੱਲੋਂ 11 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਕਿ ਨਸ਼ੇ ਵੇਚਣ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ਾ ਪੀੜਤਾਂ ਦਾ ਇਲਾਜ਼ ਕਰਵਾਉਣ ਵਿੱਚ ਮਦਦ ਕਰੇਗੀ।
ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਮਾਨਸਾ ਦੇ ਡੀ.ਸੀ. ਤੇ ਮਾਨਸਾ ਦੇ ਐਸ.ਐਸ.ਪੀ. ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਸਾਡੀ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ ਤੇ ਕਮੇਟੀ ਵੱਲੋਂ ਉਸਦਾ ਇਲਾਜ ਕਰਵਾਇਆ ਜਾਵੇਗਾ। ਵਾਰਡ ਵਾਸੀ ਜਿੱਤ ਸਿੰਘ ਨੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰ ਲੋਕਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ।
ਮਾਨਸਾ ਦੇ SSP ਗੌਰਵ ਤੂਰਾ ਨੇ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਵਾਰਡ ਨੰ 6 ਦੇ ਕੌਂਸਲਰ ਵੱਲੋਂ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ੇ ਖਿਲਾਫ ਮਤਾ ਪਾ ਕੇ ਇੱਕ ਕਮੇਟੀ ਬਣਾਈ ਗਈ ਹੈ ਜੋ ਨਸ਼ਿਆਂ ਨੂੰ ਰੋਕਣ ਦੇ ਨਾਲ-ਨਾਲ ਨਸ਼ਾ ਵੇਚਣ ਵਾਲੇ ਲੋਕਾਂ ਦੀ ਜਾਣਕਾਰੀ ਪੁਲਿਸ ਨੂੰ ਦੇਵੇਗੀ ਅਤੇ ਨਾਲ ਹੀ ਨਸ਼ੇ ਦੇ ਸ਼ਿਕਾਰ ਲੋਕਾਂ ਦਾ ਨਸ਼ਾ ਛੁਡਾਉਣ ਵਿੱਚ ਮਦਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਸੀਂ ਵਾਰਡ ਵਾਸੀਆਂ ਦੇ ਇਸ ਉਪਰਾਲੇ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇ ਵਿੱਚ ਹੋਰ ਕੌਂਸਲਰ ਵੀ ਆਪਣੇ ਵਾਰਡ ਵਿੱਚ ਇਸ ਨੂੰ ਲਾਗੂ ਕਰਨਗੇ ਤਾਂ ਕਿ ਮਾਨਸਾ ਸ਼ਹਿਰ ਵਿੱਚੋਂ ਨਸ਼ਾ ਘੱਟ ਸਕੇ।
ਨੌਜਵਾਨਾਂ ਦਾ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਣਾ ਚਿੰਤਾ ਦਾ ਵਿਸ਼ਾ ਹੈ। ਇਸ ਦਾ ਮੁੱਖ ਕਾਰਨ ਸਰਕਾਰਾਂ ਦੀ ਕੁੰਭਕਰਨੀ ਨੀਂਦ, ਵੱਧ ਰਹੀ ਬੇਰੁਜ਼ਗਾਰੀ, ਗਾਇਕਾਂ ਵੱਲੋਂ ਨਸ਼ਿਆਂ ਪ੍ਰਤੀ ਉਤਸ਼ਾਹਿਤ ਕਰਨਾ ਆਦਿ ਹਨ। ਜ਼ਰੂਰਤ ਹੈ ਕਿ ਸਰਕਾਰਾਂ ਇਸ ਸਬੰਧੀ ਠੋਸ ਕਦਮ ਚੁੱਕਣ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਨਸ਼ੇ ਨਾਲ ਬਰਬਾਦੀ ਦੀਆਂ ਕਈ ਉਦਾਹਰਣਾਂ ਦੇ ਬਾਵਜੂਦ ਕਈ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਬੀਤੇ ਦਿਨਾਂ ਵਿਚ ਨਕਲੀ ਸ਼ਰਾਬ ਦੀ ਤਸਕਰੀ ਕਾਰਨ ਕਈ ਅਣਆਈਆਂ ਮੌਤਾਂ ਵੀ ਹੋਈਆਂ ਹਨ। ਸਾਰੀਆਂ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਖਾਸਕਰ ਨੌਜਵਾਨਾਂ ਨੂੰ ਇਸ ਦੇ ਜਾਨਲੇਵਾ ਸਿੱਟਿਆਂ ਤੋਂ ਜਾਣੂ ਕਰਾਇਆ ਜਾਵੇ। ਪੰਜਾਬ ਦੇ ਵਿਕਾਸ ਲਈ ਨਸ਼ਿਆਂ ਦੀ ਰੋਕਥਾਮ ਜ਼ਰੂਰੀ ਹੈ। ਇਸ ਲਈ ਸਰਕਾਰ ਨੂੰ ਗੰਭੀਰਤਾ ਨਾਲ ਨਸ਼ਾ ਰੋਕੂ ਕਦਮ ਚੁੱਕਣੇ ਚਾਹੀਦੇ ਹਨ।