The Khalas Tv Blog International ਨੇਪਾਲ ’ਚ ਹਾਲਾਤ ਬੇਕਾਬੂ, ਖੇਤੀ ਤੇ ਸਿਹਤ ਮੰਤਰੀ ਨੇ ਵੀ ਦਿੱਤੇ ਅਸਤੀਫ਼ੇ, ਡਿੱਗ ਸਕਦੀ ਸਰਕਾਰ
International

ਨੇਪਾਲ ’ਚ ਹਾਲਾਤ ਬੇਕਾਬੂ, ਖੇਤੀ ਤੇ ਸਿਹਤ ਮੰਤਰੀ ਨੇ ਵੀ ਦਿੱਤੇ ਅਸਤੀਫ਼ੇ, ਡਿੱਗ ਸਕਦੀ ਸਰਕਾਰ

ਬਿਊਰੋ ਰਿਪੋਰਟ (9 ਸਤੰਬਰ 2025): ਨੇਪਾਲ ਵਿਚ ਸੋਸ਼ਲ ਮੀਡੀਆ ’ਤੇ ਬੈਨ ਲਗਾਉਣ ਦੇ ਖ਼ਿਲਾਫ਼ ਸੋਮਵਾਰ ਤੋਂ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਹੁਣ ਤੱਕ ਇਨ੍ਹਾਂ ਵਿਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੱਲ੍ਹ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਰਮੇਸ਼ ਲੇਖਕ ਅਤੇ ਸੂਚਨਾ ਮੰਤਰੀ ਪ੍ਰਥਵੀ ਸੁੱਬਾ ਗੁਰੂੰਗ ਦੇ ਘਰਾਂ ’ਚ ਭੰਨ੍ਹਤੋੜ ਅਤੇ ਅੱਗਜ਼ਨੀ ਕੀਤੀ ਗਈ। 

ਪੁਲਿਸ ਨੇ ਦੱਸਿਆ ਕਿ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਘਰ ’ਤੇ ਪੱਥਰਾਅ ਕੀਤਾ, ਫਿਰ ਹਾਲਾਤ ਅੱਗਜ਼ਨੀ ਵਿੱਚ ਬਦਲ ਗਏ। ਕੁਝ ਭੰਨ੍ਹਤੋੜ ਅਤੇ ਅੱਗ ਲਗਣ ਦੀਆਂ ਘਟਨਾਵਾਂ ਹੋਈਆਂ, ਪਰ ਹੁਣ ਹਾਲਾਤ ‘ਤੇ ਕਾਬੂ ਪਾ ਲਿਆ ਗਿਆ ਹੈ।

ਇਸੇ ਦੌਰਾਨ ਸਰਕਾਰ ਵਿੱਚ ਅਸਤੀਫ਼ਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਗ੍ਰਹਿ ਮੰਤਰੀ ਰਮੇਸ਼ ਲੇਖਕ ਤੋਂ ਬਾਅਦ ਮੰਗਲਵਾਰ ਨੂੰ ਖੇਤੀ ਮੰਤਰੀ ਰਾਮਨਾਥ ਅਧਿਕਾਰੀ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵਾਲ ਪੁੱਛਣ ਵਾਲਿਆਂ ਦਾ ਦਮਨ ਕਰਨਾ ਗ਼ਲਤ ਹੈ।

ਸਿਹਤ ਮੰਤਰੀ ਪ੍ਰਦੀਪ ਪੌਡੇਲ ਦੇ ਵੀ ਅਸਤੀਫ਼ੇ ਦੀਆਂ ਖ਼ਬਰਾਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਸਰਕਾਰ ਵਿੱਚ ਬਣੇ ਰਹਿਣ ਦਾ ਕੋਈ ਮਤਲਬ ਨਹੀਂ। ਨੇਪਾਲੀ ਕਾਂਗਰਸ ਦੇ ਮਹਾਸਚਿਵ ਗਗਨ ਠਾਪਾ ਨੇ ਵੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇਣ ਦਾ ਐਲਾਨ ਕੀਤਾ।

ਭਾਰੀ ਦਬਾਅ ਹੇਠ ਨੇਪਾਲ ਵਿੱਚ ਗਠਜੋੜ ਸਰਕਾਰ ਡਿੱਗਣ ਦਾ ਖ਼ਤਰਾ ਵੱਧ ਗਿਆ ਹੈ। ਦੇਸ਼ ਵਿੱਚ ਜੁਲਾਈ 2024 ਤੋਂ 88 ਸੀਟਾਂ ਵਾਲੀ ਸ਼ੇਰ ਬਹਾਦੁਰ ਦੇਉਬਾ ਦੀ ਨੇਪਾਲੀ ਕਾਂਗਰਸ ਅਤੇ 79 ਸੀਟਾਂ ਵਾਲੀ ਕੇ.ਪੀ. ਸ਼ਰਮਾ ਓਲੀ ਦੀ CPN (UML) ਮਿਲ ਕੇ ਸਰਕਾਰ ਚਲਾ ਰਹੀ ਹੈ। ਹੁਣ ਤੱਕ ਸਾਰੇ ਅਸਤੀਫ਼ੇ ਨੇਪਾਲੀ ਕਾਂਗਰਸ ਦੇ ਲੀਡਰਾਂ ਨੇ ਦਿੱਤੇ ਹਨ।

 

Exit mobile version