The Khalas Tv Blog Punjab ਸਿੱਧੂ ਨੇ ਟਵੀਟਾਂ ਨਾਲ ਸ਼ੁਰੂ ਕੀਤਾ ਨਵਾਂ ਸਫਰ
Punjab

ਸਿੱਧੂ ਨੇ ਟਵੀਟਾਂ ਨਾਲ ਸ਼ੁਰੂ ਕੀਤਾ ਨਵਾਂ ਸਫਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਟਵੀਟ ਕਰਕੇ ਪੰਜਾਬ ਦੇ ਲੋਕਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਸਿੱਧੂ ਨੇ ਕਿਹਾ ਕਿ ‘ਖੁਸ਼ਹਾਲੀ, ਸਹੂਲਤਾਂ ਅਤੇ ਖੁਦਮੁਖ਼ਤਿਆਰੀ ਕੁੱਝ ਕੁ ਲੋਕਾਂ ਵਾਸਤੇ ਹੀ ਨਹੀਂ ਸਗੋਂ ਸਾਰਿਆਂ ਵਿੱਚ ਵੰਡਣ ਲਈ ਕਾਂਗਰਸ ਵਰਕਰ ਵਜੋਂ ਮੇਰੇ ਪਿਤਾ ਨੇ ਰੱਜਿਆ-ਪੁੱਜਿਆ ਘਰ ਛੱਡ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲਿਆ। ਉਨ੍ਹਾਂ ਨੂੰ ਦੇਸ਼-ਭਗਤੀ ਦੇ ਕਾਰਜਾਂ ਬਦਲੇ ਸਜ਼ਾ-ਏ-ਮੌਤ ਸੁਣਾਈ ਗਈ, ਜੋ ਕਿ ਕਿੰਗਜ਼ ਐਮਨਸਟੀ (King’s Amnesty) ; ਰਾਣੀ ਦੇ ਜਨਮ-ਦਿਨ ਮੌਕੇ ਪਰਚੀਆਂ ਪਾ ਕੇ ਰੱਦ ਹੋਈ। ਫਿਰ ਉਹ ਦਹਾਕਿਆਂ ਤੱਕ ਜਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਰਹੇ, ਮੈਂਬਰ ਵਿਧਾਨ ਸਭਾ, ਮੈਂਬਰ ਵਿਧਾਨ ਪਰਿਸ਼ਦ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਬਣੇ’।

ਸਿੱਧੂ ਨੇ ਕਿਹਾ ਕਿ ‘ਅੱਜ, ਮੇਰਾ ਮਿਸ਼ਨ ਉਸੇ ਸੁਪਨੇ ਨੂੰ ਪੂਰਾ ਕਰਨਾ ਅਤੇ ਕੁੱਲ ਹਿੰਦ ਕਾਂਗਰਸ ਦੇ ਇਸ ਅਜੇਤੂ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਨ ਲਈ ਅਣਥੱਕ ਕੰਮ ਕਰਨਾ ਹੈ। ਬਹੁਤ ਹੀ ਸਤਿਕਾਰਯੋਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੀ, ਸ੍ਰੀ ਰਾਹੁਲ ਗਾਂਧੀ ਜੀ ਅਤੇ ਸ੍ਰੀਮਤੀ ਪ੍ਰਿਯੰਕਾ ਗਾਂਧੀ ਜੀ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰ-ਗੁਜਾਰ ਹਾਂ ਕਿ ਉਨ੍ਹਾਂ ਨੇ ਮੇਰੇ ਉੱਪਰ ਭਰੋਸਾ ਕਰਦਿਆਂ ਮੈਨੂੰ ਇਹ ਬੇਹੱਦ ਮਹੱਤਵਪੂਰਨ ਜ਼ੁੰਮੇਵਾਰੀ ਸੌਂਪੀ’।

ਉਨ੍ਹਾਂ ਕਿਹਾ ਕਿ ‘ਕਾਂਗਰਸ ਦਾ ਨਿਮਾਣਾ ਵਰਕਰ ਹੁੰਦਿਆਂ ਮੈਂ ਮਿਸ਼ਨ ‘ਜਿੱਤੇਗਾ ਪੰਜਾਬ’ ਪੂਰਾ ਕਰਨ ਲਈ ‘ਪੰਜਾਬ ਮਾਡਲ’ ਅਤੇ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਰਾਹੀਂ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਾਉਣ ਖ਼ਾਤਰ ਪੰਜਾਬ ਵਿੱਚ ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ।  ਮੇਰਾ ਸਫ਼ਰ ਅਜੇ ਸ਼ੁਰੂ ਹੀ ਹੋਇਆ ਹੈ !!’

Exit mobile version