ਬਿਊਰੋ ਰਿਪੋਰਟ : ਰੋਡ ਰੇਜ ਦੇ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਜੇਲ੍ਹ ਜਾਣ ਤੋਂ ਪਹਿਲਾਂ ਆਪਣੇ ਭਾਰ ਨੂੰ ਲੈਕੇ ਕਾਫੀ ਪਰੇਸ਼ਾਨ ਸਨ । ਡਾਕਟਰਾਂ ਨੇ ਉਨ੍ਹਾਂ ਨੂੰ ਵਜਨ ਘਟਾਉਣ ਦੀ ਸਲਾਹ ਵੀ ਦਿੱਤੀ ਸੀ । ਜੇਲ੍ਹ ਦੇ ਅੰਦਰ ਵੀ ਸਿੱਧੂ ਨੂੰ ਭਾਰ ਨੂੰ ਲੈਕੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਉਧਰ ਹੁਣ ਖ਼ਬਰ ਆ ਰਹੀ ਹੈ ਕਿ ਜੇਲ੍ਹ ਵਿੱਚ 6 ਮਹੀਨੇ ਪੂਰੇ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ 34 ਕਿਲੋ ਭਾਰ ਘਟਾ ਲਿਆ ਹੈ ਅਤੇ ਹੁਣ ਉਨ੍ਹਾਂ ਦਾ ਭਾਰ 99 ਪਹੁੰਚ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਭਾਰ 133 ਕਿਲੋ ਸੀ । ਨਵਜੋਤ ਸਿੰਘ ਸਿੱਧੂ ਨਾਲ ਪਟਿਆਲਾ ਦੀ ਜੇਲ੍ਹ ਵਿੱਚ 45 ਮਿੰਟ ਤੱਕ ਮੁਲਾਕਾਤ ਤੋਂ ਬਾਅਦ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਹ ਖੁਲਾਸਾ ਕੀਤਾ ਹੈ ।
ਨਵਤੇਜ ਚੀਮਾ ਨੇ ਦੱਸਿਆ ਕਿ ਭਾਰ ਘੱਟਣ ਦੀ ਵਜ੍ਹਾ ਕਰਕੇ ਹੁਣ ਨਵਜੋਤ ਸਿੰਘ ਸਿੱਧੂ ਦਾ ਲੀਵਰ ਵੀ ਸਹੀ ਕੰਮ ਕਰ ਰਿਹਾ ਹੈ ਜੋ ਕਿ ਪਹਿਲਾਂ ਕਾਫੀ ਚਿੰਤਾ ਦਾ ਕਾਰਨ ਬਣ ਗਿਆ ਸੀ । 58 ਸਾਲ ਦੇ ਨਵਜੋਤ ਸਿੰਘ ਸਿੱਧੂ ਜਦੋਂ ਜੇਲ੍ਹ ਗਏ ਸਨ ਤਾਂ ਉਨ੍ਹਾਂ ਦੇ ਗੋਢਿਆਂ ਵਿੱਚ ਵੀ ਕਾਫੀ ਦਰਦ ਸੀ । ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਭਾਰ ਘਟਾਉਣ ਦੀ ਸਲਾਹ ਦਿੱਤੀ ਸੀ । ਸਿੱਧੂ ਨੇ ਡਾਕਟਰਾਂ ਦੀ ਸਲਾਹ ਮਨ ਦੇ ਹੋਏ ਆਪਣੀ ਡਾਇਟ ਵਿੱਚ ਅਹਿਮ ਬਦਲਾਅ ਕੀਤੇ ।
ਸਿੱਧੂ ਨੇ ਇਸ ਡਾਇਟ ਨਾਲ ਭਾਰ ਘਟਾਇਆ
ਜੇਲ੍ਹ ਵਿੱਚ ਭਾਰ ਘਟਾਉਣ ਦੇ ਲਈ ਸਿੱਧੂ 4 ਘੰਟੇ ਮੈਜੀਟੇਸ਼ਨ ਕਰਦੇ ਹਨ ਇਸ ਤੋਂ ਇਲਾਵਾ 2 ਘੰਟੇ ਉਹ ਯੋਗਾ ਕਰਦੇ ਹਨ,ਖਾਣੇ ਨੂੰ ਲੈਕੇ ਵੀ ਸਿੱਧੂ ਨੇ ਖ਼ਾਸ ਧਿਆਨ ਦਿੱਤਾ ਹੈ । ਸਿੱਧੂ ਨੂੰ ਰੋਜ਼ਾਨਾ ਇਕ ਕੱਪ ਰੋਜ਼ਮੈਰੀ ਚਾਹ ਜਾਂ ਫਿਰ ਨਾਰੀਅਲ ਪਾਣੀ,ਪੰਜ ਤੋਂ ਛੇ ਬਦਾਮ,ਇੱਕ ਚਮਚ ਫਲੈਕਸ/ਸਨਫਲਾਵਰ/ਖਰਬੂਜ਼ਾ/ਚਿਆ ਦੇ ਬੀਜ,ਇੱਕ ਕੱਪ ਲੈਕਟੋਜ਼-ਮੁਕਤ ਦੁੱਧ,ਇੱਕ ਅਖਰੋਟ ਨਾਸ਼ਤੇ ਵਿੱਚ ਦਿੱਤਾ ਜਾਂਦਾ ਹੈ । ਇਸ ਤੋਂ ਇਲਾਵਾ ਸਵੇਰ ਦੇ ਰਾਸ਼ਤੇ ਅਤੇ ਦੁਪਹਿਰ ਦੇ ਲੰਚ ਵਿੱਚ ਡਾਕਟਰਾਂ ਨੇ ਸਿੱਧੂ ਨੂੰ ਸਿਰਫ਼ ਜੂਸ ਪੀਣ ਦੀ ਇਜਾਜ਼ਤ ਦਿੱਤੀ ਸੀ। ਲੰਚ ਵਿੱਚ ਸਿੱਧੂ ਨੂੰ ਖਾਣੇ ਵਿੱਚ ਇੱਕ ਕਟੋਰੀ ਖੀਰਾ,ਇੱਕ ਰੋਟੀ ਦੇ ਨਾਲ ਮੌਸਮੀ ਹਰੀਆਂ ਸਬਜ਼ੀਆਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਸ਼ਾਮ ਨੂੰ ਡਾਕਟਰਾਂ ਦੀ ਸਲਾਹ ‘ਤੇ ਸਿੱਧੂ ਨੂੰ ਘੱਟ ਫੈਟ ਦੁੱਧ ਵਾਲੀ ਚਾਹ ਅਤੇ ਅੱਧੇ ਨਿੰਬੂ ਦੇ ਨਾਲ 25 ਗ੍ਰਾਮ ਟੋਫੂ ਪੀਣਾ ਹੁੰਦਾ ਹੈ । ਜਦਕਿ ਰਾਤ ਨੂੰ ਸਿੱਧੂ ਨੂੰ ਮਿਕਸ ਸਬਜੀਆਂ,ਦਾਲ, ਸੂਪ ਅਤੇ ਕਾਲੇ ਛੋਲਿਆਂ ਦਾ ਸੂਪ ਦਿੱਤਾ ਜਾਂਦਾ ਹੈ ।ਸੌਣ ਤੋਂ ਪਹਿਲਾਂ, ਸਿੱਧੂ ਨੂੰ ਅੱਧਾ ਗਲਾਸ ਗਰਮ ਪਾਣੀ ਦੇ ਨਾਲ ਇੱਕ ਕੱਪ ਕੈਮੋਮਾਈਲ ਚਾਹ ਅਤੇ ਇੱਕ ਚਮਚ ਸਾਈਲੀਅਮ ਹਸਕ ਲੈਣ ਲਈ ਕਿਹਾ ਗਿਆ ਸੀ । ਸਿੱਧੂ ਖੰਡ ਅਤੇ ਕਣਕ ਨਹੀਂ ਲੈਂਦੇ ਅਤੇ ਦਿਨ ਵਿੱਚ 2 ਵਾਰ ਹੀ ਖਾਂਦੇ ਹਨ। ਸਾਬਕਾ ਕ੍ਰਿਕਟਰ ਸ਼ਾਮ 6 ਵਜੇ ਤੋਂ ਬਾਅਦ ਕੁਝ ਨਹੀਂ ਖਾਂਦੇ ਹਨ।
ਸਿੱਧੂ ਦੀ ਕੁਝ ਮਹੀਨੇ ਦੀ ਸਜ਼ਾ ਮੁਆਫ ਹੋ ਸਕਦੀ ਹੈ ।
ਰੋਡਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿੱਚ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਪਰੀਮ ਕੋਰਟ ਨੇ ਸੁਣਾਈ ਸੀ ਪਰ ਉਹ ਸਮੇਂ ਤੋਂ ਪਹਿਲਾਂ ਹੀ ਰਿਹਾ ਹੋ ਸਕਦੇ ਹਨ । ਭਾਸਕਰ ਵਿੱਚ ਛੱਪੀ ਖ਼ਬਰ ਦੇ ਮੁਤਾਬਿਕ ਸਿੱਧੂ ਦੇ ਚੰਗੇ ਵਤੀਰੇ ਦੀ ਵਜ੍ਹਾ ਕਰਕੇ ਸਰਕਾਰ 26 ਜਨਵਰੀ 2023 ਨੂੰ ਰਿਹਾ ਕਰ ਸਕਦੀ ਹੈ । ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ । ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਤਕਰੀਬਨ 12 ਸੀਨੀਅਰ ਕਾਂਗਰਸੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਜੇਲ੍ਹ ਗਏ ਸਨ । ਉਨ੍ਹਾਂ ਮੁਤਾਬਿਕ ਚੰਗੇ ਚਾਲ ਚੱਲਣ ਦੀ ਵਜ੍ਹਾ ਕਰਕੇ ਸਰਕਾਰ ਉਨ੍ਹਾਂ ਨੂੰ 26 ਜਨਵਰੀ ਨੂੰ ਰਿਹਾ ਕਰ ਸਕਦੀ ਹੈ । ਪਟਿਆਲਾ ਜੇਲ੍ਹ ਵਿੱਚ ਸਿੱਧੂ 6 ਮਹੀਨੇ ਤੋਂ ਕਲਰਕ ਦਾ ਕੰਮ ਕਰਦੇ ਹਨ । ਉਧਰ ਦੱਸਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਨੇ ਵੀ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਚਿੱਠੀ ਭੇਜੀ ਸੀ । ਮੰਨਿਆ ਜਾ ਰਿਹਾ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿੱਧੂ ਨੂੰ ਪਾਰਟੀ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ । ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਉਹ ਜ਼ਿੰਮੇਵਾਰੀ ਕੀ ਹੋਵੇਗੀ ਪਰ ਚਰਚਾਵਾਂ ਹਨ ਕਿ ਇਕ ਵਾਰ ਮੁੜ ਤੋਂ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਜਾ ਸਕਦੀ ਹੈ ।