‘ਦ ਖ਼ਾਲਸ ਬਿਊਰੋ:- ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਿੰਨ ਰੋਜ਼ਾ ਪੰਜਾਬ ਦੌਰੇ ’ਤੇ ਆਏ ਹਨ। ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਰੈਲੀਆਂ ਤੇ ਟਰੈਕਟਰ ਮਾਰਚ ਕਰਨਗੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਦਾ ਵਿਰੋਧ ਕਾਲੀ ਪੱਗ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਰੋਸ ਵਿੱਚ ਇਸ ਲਈ ਹੈ ਕਿਉਂਕਿ ਉਸ ਦੀ ਆਮਦਨ ਘੱਟਦੀ ਜਾ ਰਹੀ ਹੈ ਤੇ ਐੱਮਐੱਸਪੀ ਖੋਹੀ ਜਾ ਰਹੀ ਹੈ।
ਨਵਜੋਤ ਸਿੱਧੂ ਦੇ ਭਾਸ਼ਣ ਦੀਆਂ ਮੁੱਖ ਗੱਲਾਂ:
- ਪੰਜਾਬ ਨੂੰ ਹਰੀ ਕ੍ਰਾਂਤੀ ਦੀ ਲੋੜ ਨਹੀਂ ਸੀ ਲੋੜ ਤਾਂ ਦੇਸ਼ ਨੂੰ ਸੀ, ਅੱਜ ਕੇਂਦਰ ਸਰਕਾਰ ਅਹਿਸਾਨ ਫਰਾਮੋਸ਼ ਹੋ ਗਈ ਹੈ।
- ਧੱਕੇ ਨਾਲ ਕੀਤੇ ਕਾਲੇ ਕਾਨੂੰਨ ਦਾ ਮੈਂ ਕਾਲੀ ਪੱਗ ਨਾਲ ਵਿਰੋਧ ਕਰਦਾ ਹਾਂ।
- ਇਹ ਕਾਨੂੰਨ 30 ਹਜ਼ਾਰ ਆੜਤੀਆਂ ਤੇ ਲੱਖਾਂ ਮਜ਼ਦੂਰ ਤਬਾਹ ਕਰ ਦੇਵੇਗਾ।
- ਜੇ ਸਾਡੇ ਤੋਂ ਮੰਡੀ ਲੈ ਲਈ ਤਾਂ ਅਸੀਂ ਕਿੱਥੇ ਜਾਵਾਂਗੇ, ਅੱਜ ਸਾਡੇ ਕੋਲ ਕੱਖ ਵੀ ਨਹੀਂ ਹੈ।
- ਸਾਡੀ ਜਿੱਤ ਤਾਂ ਹੈ ਜੇ ਅਸੀਂ ਅਡਾਨੀ ਤੇ ਅੰਬਾਨੀ ਨੂੰ ਪੰਜਾਬ ਵਿੱਚ ਵੜ੍ਹਨ ਨਾ ਦੇਵਾਂਗੇ।
- ਜੇਕਰ ਅਸੀਂ ਕੈਨੇਡਾ ਵਸਾ ਦਿੱਤਾ, ਅਮਰੀਕਾ ਵਸਾ ਦਿੱਤਾ ਤਾਂ ਪੰਜਾਬ ‘ਚ ਵੀ ਅਸੀਂ ਧਾਕ ਜਮਾਵਾਂਗੇ।
- ਕਿਸਾਨ ਯੂਨੀਅਨਾਂ ਕਾਪਰੇਟ ਬਣਾਉਣ। ਇਕੱਠੇ ਹੋ ਜਾਈਏ। ਫਿਰ ਹੱਕ ਮੰਗੀਏ। ਅਸੀਂ ਇੱਕ ਰੇਟ ‘ਤੇ ਫਸਲ ਵੇਚ ਸਕਦੇ ਹਨ।
ਇਸ ਰੈਲੀ ਵਿੱਚ ਸੁਰੱਖਿਆ ਦੇ ਇੰਤਜ਼ਾਮ ਵਜੋਂ ਮਹਿਲਾ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਰਾਹੁਲ ਗਾਂਧੀ ਦੀ ਰੈਲੀ ਵਿੱਚ ਔਰਤਾਂ ਦੇ ਜੱਥੇ ਵੀ ਪਹੁੰਚੇ ਹੋਏ ਹਨ।
ਰਾਹੁਲ ਗਾਂਧੀ ਵੱਲੋਂ ਪਹਿਲਾਂ ਇਹ ਮਾਰਚ ਤਿੰਨ ਅਕਤੂਬਰ ਤੋਂ ਕੀਤੇ ਜਾਣੇ ਸਨ ਪਰ ਬਾਅਦ ਵਿੱਚ ਇਨ੍ਹਾਂ ਨੂੰ ਇੱਕ ਦਿਨ ਅੱਗੇ ਪਾ ਕੇ ਚਾਰ ਅਕਤੂਬਰ ਤੋਂ ਕਰ ਦਿੱਤਾ ਗਿਆ ਸੀ।