The Khalas Tv Blog Punjab ਸਿੱਧੂ-ਬਾਜਵਾ ਦੀ ਲੜਾਈ ‘ਚ ਹਾਈਕਮਾਨ ਦੀ ਐਂਟਰੀ !
Punjab

ਸਿੱਧੂ-ਬਾਜਵਾ ਦੀ ਲੜਾਈ ‘ਚ ਹਾਈਕਮਾਨ ਦੀ ਐਂਟਰੀ !

 

ਬਿਉਰੋ ਰਿਪੋਰਟ : ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਕਲੇਸ਼ ਨੂੰ ਹੱਲ ਕਰਨ ਦੇ ਲਈ ਕਾਂਗਰਸ ਹਾਈਕਮਾਨ ਦੀ ਐਂਟਰੀ ਹੋ ਗਈ ਹੈ । ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਕੇ ਨੇ ਬਾਜਵਾ ਦਾ ਸਿੱਧੂ ‘ਤੇ ਦਿੱਤਾ ਬਿਆਨ ਮੰਗਵਾਇਆ ਹੈ,ਇਸ ਦੇ ਨਾਲ 9 ਸਾਬਕਾ ਵਿਧਾਇਕਾਂ ਦੀ ਪ੍ਰੈਸ ਰਿਲੀਜ਼ ਵਿੱਚ ਮੰਗੀ ਹੈ,ਜਿਸ ਵਿੱਚ ਉਨ੍ਹਾਂ ਨੇ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਸੀ। ਉਧਰ ਇਹ ਪੂਰਾ ਮਾਮਲਾ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਧਿਆਨ ਵਿੱਚ ਵੀ ਹੈ । ਪ੍ਰਿਯੰਕਾ ਗਾਂਧੀ ਸਿੱਧੂ ਦੇ ਕਾਫੀ ਕਰੀਬ ਮੰਨੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਹਾਲਾਤ ਨੂੰ ਲੈਕੇ ਉਨ੍ਹਾਂ ਦੀ ਵੀ ਸਿੱਧੂ ਨਾਲ ਗੱਲ ਹੋਈ ਹੋਵੇਗੀ । CWC ਦੀ ਮੀਟਿੰਗ ਤੋਂ ਬਾਅਦ ਕਾਰਵਾਈ ਹੋ ਸਕਦੀ ਹੈ। 2022 ਵਿੱਚ ਜੇਲ੍ਹ ਜਾਣ ਤੋਂ ਪਹਿਲਾਂ ਜਦੋਂ ਸਿੱਧੂ ਨੇ ਵੱਖ ਤੋਂ ਆਗੂਆਂ ਨਾਲ ਮੀਟਿੰਗ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਤਾਂ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸ਼ਿਕਾਇਤ ‘ਤੇ ਸਿੱਧੂ ਨੂੰ ਪਾਰਟੀ ਵੱਲੋਂ ਨੋਟਿਸ ਵੀ ਜਾਰੀ ਕੀਤੀ ਗਿਆ ਸੀ। ਪਰ ਸਿੱਧੂ ਦੇ ਜੇਲ੍ਹ ਜਾਣ ਦੀ ਖਬਰ ਤੋਂ ਬਾਅਦ ਮਾਮਲਾ ਠੰਡਾ ਪੈ ਗਿਆ ਸੀ । ਉਧਰ ਸਿੱਧੂ ਨੇ ਇੱਕ ਵਾਰ ਮੁੜ ਤੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਾਂਗਰਸ ਵਰਕਰਾਂ ਨੂੰ ਲੈਕੇ ਇੱਕ ਪੋਸਟ ਪਾਈ ਹੈ ਜਿਸ ਨੇ ਮੁੜ ਤੋਂ ਪੰਜਾਬ ਕਾਂਗਰਸ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ ।

ਸਿੱਧੂ ਦੀ ਨਵੀਂ ਪੋਸਟ

ਨਵਜੋਤ ਸਿੰਘ ਸਿੱਧੂ ਨੇ ਆਪਣੀ ਨਵੀਂ ਪੋਸਟ ਵਿੱਚ ਇੱਕ ਪ੍ਰਤਾਪ ਸਿੰਘ ਬਾਜਵਾ ਦੇ ਉਸੇ ਇਤਰਾਜ਼ ‘ਤੇ ਬਿਨਾਂ ਨਾਂ ਲਏ ਸਿਆਸੀ ਵਾਰ ਕੀਤਾ ਹੈ ਜਿਸ ਨੂੰ ਲੈਕੇ ਆਗੂ ਵਿਰੋਧੀ ਧਿਰ ਨੇ ਸਵਾਲ ਚੁੱਕੇ ਹਨ । ਬਾਜਵਾ ਨੇ ਸਿੱਧੂ ਨੂੰ ਨਸੀਹਤ ਦਿੱਤੀ ਸੀ ਕਿ ਉਹ ਆਪਣਾ ਵੱਖ ਤੋਂ ਮੰਚ ਨਾ ਲਾਉਣ ਅਤੇ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ । ਉਸ ‘ਤੇ ਸਿੱਧੂ ਨੇ ਹੁਣ ਤਾਜ਼ਾ ਪੋਸਟ ਪਾਕੇ ਕਿਹਾ ‘ਮੈਂ ਬਹੁਤ ਖੁਸ਼ ਹੋਵਾਂਗਾ ਜੇਕਰ ਕਾਂਗਰਸ ਦੇ 100 ਵਰਕਰ ਵੀ ਇੱਕ ਪਿੰਡ ਜਾਂ ਸ਼ਹਿਰ ਵਿੱਚ ਪਾਰਟੀ ਦੀ ਵਿਚਾਰਧਾਰਾ ਦੱਸਣ ਦੇ ਲਈ ਇਕੱਠੇ ਹੁੰਦੇ ਹਨ । ਇਹ ਹੀ ਪੰਜਾਬ ਨੂੰ ਮੁੜ ਖੜੇ ਕਰਨ ਦਾ ਏਜੰਡਾ ਹੈ ਅਤੇ ਮੌਜੂਦਾ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦਾ ਮੌਕਾ ਹੈ । ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਵਜੋਂ ਚੁਣਦੇ ਹਨ। ਇਹ ਸਾਡੀ ਪਾਰਟੀ ਨੂੰ ਮਜ਼ਬੂਤ ਦੇ ਨਾਲ ਜ਼ਮੀਨੀ ਪੱਧਰ ‘ਤੇ ਆਗੂਆਂ ਨੂੰ ਵੀ ਤਾਕਤ ਦੇਵੇਗਾ । 8000 ਸਮਰਥਕਾਂ ਲਈ ਅੜਿੱਕਾ ਕਿਉਂ ਬਣ ਦੇ ਹੋ ? ਵੱਡੀ ਗੱਲ ਇਹ ਹੈ ਕੀ ਪੰਜਾਬ ਦੇ ਲੋਕ ਤੁਹਾਡੀਆਂ ਪਾਰਟੀਆਂ ਦੇ ਏਜੰਡੇ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਤੁਹਾਨੂੰ ਇੱਕ ਵਿਕਲਪ ਮੰਨਦੇ ਹਨ?-ਇਹ ਸਭ ਕੁਝ ਮਾਇਨੇ ਰੱਖਦਾ ਹੈ’।

9 ਵਿਧਾਇਕਾਂ ਨੇ ਸਿੱਧੂ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਸੀ

ਬਾਜਵਾ,ਵੜਿੰਗ,ਚੰਨੀ ਅਤੇ ਰੰਧਾਵਾ ਧੜੇ ਦੇ 9 ਸਾਬਕਾ ਵਿਧਾਇਕਾਂ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਹੋਏ ਬੀਤੇ ਦਿਨ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ। ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਸਿੱਧੂ ਦਾ ਐਕਸ਼ਨ ਪਾਰਟੀ ਦੇ ਵਿਰੋਧ ਵਿੱਚ ਹੈ । ਇਸੇ ਵਜ੍ਹਾ ਨਾਲ ਉਨ੍ਹਾਂ ਦੀ ਲੀਡਰਸ਼ਿੱਪ ਵਿੱਚ ਕਾਂਗਰਸ 2022 ਵਿੱਚ 78 ਸੀਟਾਂ ਤੋਂ 18 ਸੀਟਾਂ ‘ਤੇ ਆ ਗਈ ਸੀ। ਨਕੋਦਰ ਤੋਂ ਸਾਬਕਾ ਵਿਧਾਇਕ ਨਵਜੋਤ ਸਿੰਘ ਧਈਆ ਨੇ ਕਿਹਾ ਨਵਜੋਤ ਸਿੰਘ ਸਿੱਧੂ ਦਾ ਇਹ ਇਤਿਹਾਸ ਰਿਹਾ ਹੈ ਕਿ ਉਹ ਹਮੇਸ਼ਾ ਪਾਰਟੀ ਦੇ ਸਟੈਂਡ ਤੋਂ ਉਲਟਾ ਚੱਲ ਦੇ ਹਨ । ਉਹ ਟੀਮ ਦੀ ਤਰ੍ਹਾਂ ਖੇਡਣ ਵਾਲੇ ਖਿਡਾਰੀ ਨਹੀਂ ਹਨ । ਅੰਮ੍ਰਿਤਸਰ ਦੱਖਣੀ ਤੋਂ ਸਿੱਧੂ ਦੇ ਕਰੀਬੀ ਰਹੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਲਈ ਚੁਣਿਆ ਗਿਆ ਸੀ ਤਾਂ ਸਿੱਧੂ ਸੀਨੀਅਰ ਆਗੂਆਂ ਦੇ ਨਾਲ ਮੌਜੂਦ ਸਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਦੇ ਨਾਲ ਸਟੈਂਡ ਨਹੀਂ ਕੀਤਾ । ਆਪਣੇ ਆਪ ਨੂੰ ਚਮਕਾਉਣ ਦੇ ਲਈ ਪਾਰਟੀ ਦਾ ਚੋਣਾਂ ਵਿੱਚ ਭਵਿੱਖ ਖਰਾਬ ਕਰ ਦਿੱਤਾ।

ਗੁਰਦਾਸਪੁਰ ਤੋਂ ਪਾਰਟੀ ਦੇ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਨੇ ਕਿਹਾ ਤੁਸੀਂ ਪਾਰਟੀ ਦੀ ਪ੍ਰਧਾਨਗੀ ਦੌਰਾਨ ਆਪਣੇ ਆਪ ਨੂੰ ਸਾਬਿਤ ਕਰਨ ਵਿੱਚ ਨਾਕਾਮ ਸਾਬਿਤ ਹੋਏ ਸੀ। ਤੁਸੀਂ ਟੀਮ ਦੇ ਕੈਪਟਨ ਦੀ ਭੂਮਿਕਾ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਹੋਏ। ਇਸ ਤੋਂ ਇਲਾਵਾ ਪ੍ਰੈਸ ਰਿਲੀਜ਼ ਵਿੱਚ ਮੋਹਿਤ ਸਿੰਗਲਾ, ਲਖਵੀਰ ਸਿੰਘ ਲੱਖਾ,ਦਵਿੰਦਰ ਸਿੰਘ ਘੁਬਾਇਆ। ਖੁਸ਼ਬਾਜ਼ ਸਿੰਘ ਜਟਾਨਾ ਅਤੇ ਅਮਿਤ ਵਿਜ ਦਾ ਨਾਂ ਵੀ ਸ਼ਾਮਲ ਸੀ ।

ਸਿੱਧੂ ਨੇ ਵਿਧਾਇਕਾ ਦਾ ਪਲਟਵਾਰ

ਸਤਿਕਾਰਯੋਗ ਬਾਜਵਾ ਸਾਬ ਜੀ,ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ‘ਚ ਸੱਦਿਆ ਜਾਂਦਾ ਹੈ। ਤੇ ਜੇ ਅਸੀਂ ਕਾਂਗਰਸ ਦੀ ਬੇਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ‘ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉੱਤੇ ਇੱਕਠ ਕੀਤਾ ਤਾ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉ ਕਿਹਾ ਜਾ ਰਿਹਾ ਹੈ। ਅਸੀਂ ਅਹੁਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਰੁੱਝੇ ਹੋਏ ਹਾਂ। ਪਰ ਸਰਦਾਰ ਨਵਜੋਤ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਪਾਰਟੀ ਨੂੰ ਉਨ੍ਹਾਂ ਹੀ ਪਿਆਰ ਅਤੇ ਸਤਿਕਾਰ ਦਿੰਦੇ ਹਾਂ ਜਿੰਨਾ ਤੁਸੀਂ। ਪਿਛਲੇ ਲਗਭਗ ਇਕ ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵੱਜੀ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲੀ ਰੈਲੀ ਕਰਕੇ ਸਰਕਾਰ ਅੱਗੇ ਰੱਖੇ। ਅਸਲ ‘ਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਅਤੇ ਨੁਮਾਇੰਦਗੀ ਨਹੀਂ ਮਿਲ ਰਹੀ ਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਂਹ ਫੜੀ ਹੈ ਤਾ ਕੁਝ ਲੀਡਰਾਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਅਤੇ ਸਾਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ।

ਵੱਲੋਂ :-
ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ MLA
ਰਾਜਿੰਦਰ ਸਿੰਘ ਸਮਾਣਾ, ਸਾਬਕਾ MLA
ਮਹੇਸ਼ਇੰਦਰ ਸਿੰਘ, ਸਾਬਕਾ MLA
ਰਾਮਿੰਦਰ ਆਮਲਾ, ਸਾਬਕਾ MLA
ਜਗਦੇਵ ਸਿੰਘ ਕਮਾਲੁ, ਸਾਬਕਾ MLA
ਵਿਜੈ ਕਾਲਰਾ , ਹਲਕਾ ਇੰਚਾਰਝ ਗੁਰੂਹਰਸਹਾਏ
ਹਰਵਿੰਦਰ ਸਿੰਘ ਲਾਡੀ ,ਹਲਕਾ ਇੰਚਾਰਜ ਬਠਿੰਡਾ ਦਿਹਾਤੀ
ਰਾਜਬੀਰ ਸਿੰਘ ਰਾਜਾ,ਰਾਮਪੁਰਾ ਫੂਲ
ਇੰਦਰਜੀਤ ਸਿੰਘ ਢਿੱਲੋਂ, ਰਾਮਪੁਰਾ ਫੂਲ
ਕਾਂਗਰਸ ਦੇ ਹੋਰ ਵਰਕਰ ਅਤੇ ਸੀਨੀਅਰ ਲੀਡਰ

ਮਾਲਵਿੰਦਰ ਸਿੰਘ ਮੱਲੀ ਦੇ ਜ਼ਰੀਏ ਸਿੱਧੂ ਦਾ ਵਾਰ

ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X ਤੇ ਆਪਣੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮੱਲੀ ਵੱਲੋਂ ਲਿਖੀ ਗਈ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ‘ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਘਬਰਾਹਟ ‘ਚੋ ਪੈਦਾ ਗੁਮਰਾਹਕੁੰਨ ਬਿਆਨ ਤੇ ਵਿਹਾਰ ਚੁਤਰਾਈ ਵਾਲੀ ਪੈਂਤੜੇਬਾਜੀ ਦਾ ਆਹਲਾ ਨਮੂਨਾ’।

‘ਤੁਸੀ ਇੰਡੀਆ ਗੱਠਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀ ਕਾਂਗਰਸ ਹਾਈਕਮਾਂਡ ਵੱਲੋਂ ਇਸ ਗੱਠਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਹੈ। ਪਰ ਜੇ ਸਿੱਧੂ ਇਹ ਆਖੇ ਕਿ ਹਾਈਕਮਾਂਡ ਨਾਲ ਖੜਾਂਗਾ ਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਹੋ ਗਿਆ?’

‘ਕਾਂਗਰਸ ਦੇ 78 ਤੋਂ 18 ਐਮ ਐਲ ਏ ਰਹਿਣ ਦੀ ਜ਼ੁੰਮੇਵਾਰੀ ਤੁਹਾਡੇ ਸਿਰ ਆਉਂਦੀ ਹੈ ਨਾ ਕਿ ਪ੍ਰਧਾਨ ਹੋਣ ਵਜੋਂ ਨਵਜੋਤ ਸਿੰਘ ਸਿੱਧੂ ਸਿਰ ਹੈ। ਤੁਸੀ ਨਵਜੋਤ ਸਿੰਘ ਸਿੱਧੂ ਦਾ ਲੁੱਟ ਖਤਮ ਕਰਨ ਵਾਲਾ ਪੰਜਾਬ ਏਜੰਡਾ ਨਕਾਰਕੇ ਦਲਿਤ ਪੱਤਾ ਖੇਡਿਆ। ਇਹ ਨਤੀਜਾ ਤੁਹਾਡੀ ਬਾਦਲਕਿਆਂ ਨਾਲ “ ਉੱਤਰ ਕਾਟੋ ਮੈਂ ਚੜਾਂ “ ਵਾਲੀ ਸਿਆਸਤ ਕਾਰਨ ਹੈ। ਬਾਜਵਾ ਸਾਹਿਬ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਵਾਂ ਫਾਰਮ ‘ਤੇ ਜਾਕੇ ਕੈਪਟਨ ਅਮਰਿੰਦਰ ਨਾਲ ਪਿਆਰ ਪੀਂਘਾਂ ਝੂਟਦੇ ਸੀ’

‘ਤੁਹਾਡਾ ਦੋ ਸਾਲ ਤੋਂ ਐਲਾਨਵੰਤ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਖ਼ਿਲਾਫ਼ ਅਖਾੜਾ ਲੱਗਿਆ ਹੈ? ਇਹ ਦੱਸੋਂ ਤੁਹਾਡੀ ਕਾਂਗਰਸ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਤੇ ਫੈਸਲਿਆਂ ਨੂੰ ਐਲਾਨਵੰਤ ਸਰਕਾਰ ਉਲੰਘ ਰਹੀ ਹੈ?’

‘ਨਵਜੋਤ ਸਿੰਘ ਸਿੱਧੂ ਨੇ ਐਲਾਨਵੰਤ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਉੱਪਰ ਹਮਲਾ ਕੀਤਾ ਹੈ ਤੇ ਤੁਹਾਨੂੰ ਕਿਊ ਤਕਲੀਫ ਹੋ ਰਹੀ ਹੈ? ਵਿਧਾਨ ਸਭਾ ਦੀ ਚੋਣ ਹਾਰਨ ਤੋਂ ਬਾਅਦ ਵੀ ਸਿੱਧੂ ਨੇ ਆਪ ਸਰਕਾਰ ਦੀਆਂ ਗਰੰਟੀਆਂ ਪੂਰੇ ਨਾ ਕਰਨ ਦੀ ਸਿਆਸਤ ਖ਼ਿਲਾਫ਼ ਹਮਲਾ ਕੀਤਾ ਸੀ ਤੇ ਐਲਾਨਵੰਤ ਨੂੰ ਉਸਨੂੰ ਗੱਲਬਾਤ ਕਰਨ ਲਈ ਸੱਦਾ ਦੇਣ ਲਈ ਮਜਬੂਰ ਹੋਣਾ ਪਿਆ ਸੀ’
ਹਾਲੇ ਐਨਾ ਹੀ •• **Malvinder Singh Malii

Exit mobile version