ਬਿਊਰੋ ਰਿਪੋਰਟ : ਕਹਿੰਦੇ ਨੇ ਸਿਆਸਤ ਵਿੱਚ ਦੁਸ਼ਮਣੀ ਅਤੇ ਦੋਸਤੀ ਬਦਲਦੇ ਹਾਲਾਤਾਂ ਦੇ ਨਾਲ ਚੱਲ ਦੀ ਹੈ, ਅਜਿਹਾ ਹੀ ਨਜ਼ਾਰਾ ਵੀਰਵਾਰ ਨੂੰ ਜਲੰਧਰ ਵਿੱਚ ਵੇਖਣ ਨੂੰ ਮਿਲਿਆ। ਦੋਸਤ ਤੋਂ ਦੁਸ਼ਮਣ ਅਤੇ ਦੁਸ਼ਮਣ ਤੋਂ ਦੋਸਤੀ ਵਿੱਚ ਤਬਦੀਲ ਹੋਣ ਦਾ ਸਿਆਸੀ ਨਰਾਜ਼ਾ ਵੇਖ ਕੇ ਹਰ ਹੋਈ ਹੈਰਾਨ ਹੋ ਗਿਆ । ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਜ਼ਬਰਦਸਤ ਸਿਆਸੀ ਲੜਾਈ ਸੀ। ਪਰ ਜਲੰਧਰ ਵਿੱਚ ਦੋਵਾਂ ਨੇ ਪਹਿਲਾਂ ਹੱਥ ਮਿਲਾਏ ਅਤੇ ਫਿਰ ਘੁੱਟ ਕੇ ਜੱਫੀ ਪਾਈ। ਸਿੱਧੂ ਜਦੋਂ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੇ ਬਲਜਿੰਦਰ ਸਿੰਘ ਹਮਦਰਦ ਨੂੰ ਸੰਬੋਧਨ ਕਰਦੇ ਹੋ ਕਿਹਾ ‘ਮੈਂ ਇਸ ਗੱਲ ਦਾ ਗੁਨਾਹਗਾਰ ਹਾਂ,ਤੁਸੀ ਮੈਨੂੰ ਕਿਹਾ ਸੀ ਗਿਲਾ ਹੱਥ ਮਿਲਾਉਣ ਜੋਗਾ ਰੱਖੀ ਦਾ ਹੈ,ਤਸੀਂ ਕਿਹਾ ਮੈਂ ਨਹੀਂ ਕੀਤਾ,ਮੇਰੀ ਗਲਤੀ ਸੀ,ਇਨਸਾਨ ਦੇ ਕਿਸੇ ਨਾਲ ਜਿੰਨੇ ਵੀ ਮਨ-ਮੁਟਾਵ ਹੋਣ,ਮੇਰੇ ਮਨ ਮੁਟਵਾ ਹੈ,ਪਰ ਜਦੋਂ ਆਦਮੀ ਸਾਰੀ ਦੁਨੀਆ ਦੇ ਸਾਹਮਣੇ ਕਿਸੇ ਨੂੰ ਮਿਲੇ ਤਾਂ ਇਨ੍ਹੇ ਜੋਗਾ ਹੋਵੇ ਕੀ ਹੱਥ ਮਿਲਾ ਲਏ। ਸਿੱਧੂ ਦਾ ਇਹ ਬਿਆਨ ਸੁਣਨ ਤੋਂ ਬਾਅਦ ਸਾਰੇ ਹੱਸਣ ਲੱਗੇ, ਫਿਰ ਸਿੱਧੂ ਨੇ ਕਿਹਾ ਜੱਫੀ ਪਾਈ ਹੈ ਕਟਾਰੂਚੱਕ ਅਤੇ ਲੰਗਾਹ ਵਰਗੀ ਦੋਸਤੀ ਨਹੀਂ । ਜਿਸ ਤੋਂ ਬਾਅਦ ਸਾਰੇ ਮੁੜ ਤੋਂ ਹੱਸਣ ਲੱਗੇ । ਹੁਣ ਵੱਡਾ ਸਵਾਲ ਇਹ ਕਿ ਇਸ ਜੱਫੀ ਦੇ ਮਾਇਨੇ ਕੀ ਹਨ।
ਜੱਫੀ ਦੇ ਮਾਇਨੇ
ਸਿੱਧੂ ਅਤੇ ਮਜੀਠੀਆ ਦੀ ਇਹ ਜੱਫੀ ਕੀ ਸਿੱਧੂ ਦੇ ਜਲਦ ਪਾਲਾ ਬਦਲਣ ਵਾਲਾ ਇਸ਼ਾਰ ਕਰ ਰਹੀ ਹੈ ? ਕੀ ਸਿੱਧੂ ਬੀਜੇਪੀ ਦੇ ਜ਼ਰੀਏ ਮੁੜ ਤੋਂ ਆਪਣੀ ਸਿਆਸੀ ਇਨਿੰਗ ਸ਼ੁਰੂ ਕਰ ਸਕਦੇ ਹਨ ? ਕਿਉਂਕਿ ਸਿਆਸਤ ਵਿੱਚ ਕੁਝ ਵੀ ਨਾ ਮੁਨਕਿਨ ਨਹੀਂ ਹੈ, ਸਿੱਧੂ ਅਤੇ ਮਜੀਠੀਆ ਦੀ ਜੱਫੀ ਨੇ ਇਸ ‘ਤੇ ਮੋਹਰ ਵੀ ਲਾ ਦਿੱਤੀ ਹੈ । ਸਿੱਧੂ ਨੇ ਜਿਸ ਵਜ੍ਹਾ ਨਾਲ ਬੀਜੇਪੀ ਛੱਡੀ ਸੀ ਉਸ ਨੂੰ ਹੁਣ ਉਨ੍ਹਾਂ ਨੇ ਘੁੱਟ ਕੇ ਗਲੇ ਵੀ ਲਾ ਲਿਆ ਹੈ। ਪਹਿਲਾਂ ਤੋਂ ਬੀਜੇਪੀ ਅਤੇ ਅਕਾਲੀ ਦਲ ਦੇ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਸਨ । ਇਹ ਜੱਫੀ ਆਉਣ ਵਾਲੇ ਦਿਨਾਂ ਵਿੱਚ ਵੱਡੇ ਸਿਆਸੀ ਗਠਜੋੜ ਵੱਲ ਇਸ਼ਾਰਾ ਕਰ ਰਹੀ ਹੈ। ਜੱਫੀ ਦੇ ਜ਼ਰੀਏ ਸਿੱਧੂ ਕਾਂਗਰਸ ਨੂੰ ਵੀ ਸੁਨੇਹਾ ਦੇ ਰਹੇ ਹਨ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਾ ਮਿਲੀ ਤਾਂ ਰਸਤੇ ਖੁੱਲੇ ਹਨ। ਸਿੱਧੂ ਇਸ ਦੇ ਜ਼ਰੀਏ ਕਿਧਰੇ ਨਾ ਕਿਧਰੇ ਪਾਰਟੀ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਰ ਕਰ ਰਹੇ ਹਨ।
ਇਸ ਤਰ੍ਹਾਂ ਦੋਵਾਂ ਦੇ ਵਿਚਾਲੇ ਦੁਸ਼ਮਣੀ ਹੋਈ ਸੀ
2009 ਦੀਆਂ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਜਦੋਂ ਬੀਜੇਪੀ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬਣ ਕੇ ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਲੜੇ ਸਨ ਤਾਂ ਉਹ ਕਾਂਗਰਸ ਦੇ ਉਮੀਦਵਾਰ ਓਪੀ ਸੋਨੀ ਤੋਂ ਸਿਰਫ ਕੁਝ ਹੀ ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ । ਉਨ੍ਹਾਂ ਨੇ ਜਨਤਕ ਤੌਰ ‘ਤੇ ਮਜੀਠੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਸੀ ਕਿ ਜੇਕਰ ਮਜੀਠਾ ਹਲਕੇ ਤੋਂ ਉਨ੍ਹਾਂ ਨੂੰ ਲੀਡ ਨਾ ਮਿਲਦੀ ਤਾਂ ਉਹ ਜਿੱਤ ਨਹੀਂ ਸਕਦੇ ਸਨ। ਮਜੀਠੀਆ ਅਤੇ ਸਿੱਧੂ ਦੇ ਵਿਚਾਲੇ ਜਦੋਂ ਦੁਸ਼ਮਣੀ ਹੋਈ ਤਾਂ ਮਜੀਠੀਆ ਅਕਸਰ ਸਿੱਧੂ ਦੇ ਇਸੇ ਬਿਆਨ ਦਾ ਵੀਡੀਓ ਪੇਸ਼ ਕਰਦੇ ਸਨ। ਇਸ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਜਦੋਂ ਅੰਮ੍ਰਿਤਸਰ ਪੂਰਵੀ ਤੋਂ ਵਿਧਾਇਕ ਬਣੀ ਤਾਂ ਉਹ ਸਰਕਾਰ ਵਿੱਚ ਪਾਰਲੀਮਾਨੀ ਸੱਕਤਰ ਸੀ,ਆਪਣੇ ਹਲਕੇ ਦੇ ਕੰਮ-ਕਾਜ ਨੂੰ ਲੈਕੇ ਉਹ ਅਕਸਰ ਆਪਣੀ ਹੀ ਅਕਾਲੀ ਦਲ ਅਤੇ ਬੀਜੇਪੀ ਸਰਕਾਰ ਦੇ ਖਿਲਾਫ ਬੋਲ ਦੀ ਸੀ ਅਤੇ ਉਨ੍ਹਾਂ ਦੇ ਨਿਸ਼ਾਨੇ ‘ਤੇ ਬਾਦਲ ਪਰਿਵਾਰ ਹੁੰਦਾ ਸੀ । ਬਸ ਇੱਥੋਂ ਹੀ ਦੋਵਾਂ ਦੇ ਵਿਚਾਰੇ ਦੁਸ਼ਮਣੀ ਸ਼ੁਰੂ ਹੋਈ, ਨਵਜੋਤ ਸਿੰਘ ਸਿੱਧੂ ਨੇ ਪਤਨੀ ਦੇ ਨਾਲ ਮਿਲਕੇ ਬਾਦਲ ਅਤੇ ਮਜੀਠੀਆ ਖਿਲਾਫ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। 2014 ਵਿੱਚ ਅਕਾਲੀ ਦਲ ਨੇ ਹਿਸਾਬ ਬਰਾਬਰ ਕਰਨ ਦੇ ਲਈ ਸਿੱਧੂ ਦੇ ਸਿਆਸੀ ਗੁਰੂ ਅਰੁਣ ਜੇਟਲੀ ਨੂੰ ਅੰਮ੍ਰਿਤਸਰ ਤੋਂ ਲੋਕਸਭਾ ਚੋਣ ਲੜਨ ਦੇ ਲਈ ਮਨਾਇਆ, ਪਾਰਟੀ ਨੇ ਸਿੱਧੂ ਦੀ ਟਿਕਟ ਕੱਟਕੇ ਅਰੁਣ ਜੇਟਲੀ ਨੂੰ ਅੰਮ੍ਰਿਤਸਰ ਤੋਂ ਮੈਦਾਨ ਵਿੱਚ ਉਤਾਰਿਆ ਪਰ ਅਕਾਲੀ ਦਲ ਦਾ ਇਹ ਦਾਅਵ ਉਲਟਾ ਪੈ ਗਿਆ, ਸਿੱਧੂ ਕੈਪੇਨਿੰਗ ਤੋਂ ਦੂਰ ਰਹੇ ਅਤੇ ਜੇਟਲੀ ਬੁਰੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕੋਲੋ ਹਾਰ ਗਏ। ਇਸ ਤੋਂ ਬਾਅਦ ਬੀਜੇਪੀ ਨੇ ਨਰਾਜ਼ ਸਿੱਧੂ ਨੂੰ ਰਾਜਸਭਾ ਦਾ ਟਿਕਟ ਦਿੱਤਾ,ਸਿੱਧੂ ਨੇ ਸਹੁੰ ਚੁੱਕੀ ਪਰ ਉਨ੍ਹਾਂ ਨੇ ਕੁਝ ਹੀ ਸਮੇਂ ਬਾਅਦ ਰਾਜਸਭਾ ਤੋਂ ਅਸਤੀਫਾ ਦੇ ਦਿੱਤਾ ।
2016 ਵਿੱਚ ਬੀਜੇਪੀ ਛੱਡੀ
ਬਾਦਲ ਪਰਿਵਾਰ ਅਤੇ ਮਜੀਠੀਆ ਦੀ ਵਜ੍ਹਾ ਕਰਕੇ ਹੀ ਨਵਜੋਤ ਸਿੰਘ ਸਿੱਧੂ ਨੇ 2016 ਵਿੱਚ ਬੀਜੇਪੀ ਛੱਡੀ ਸੀ। ਉਨ੍ਹਾਂ ਨੇ ਬੀਜੇਪੀ ਨੂੰ ਛੱਡਣ ਦੇ ਪਿੱਛੇ ਇਹ ਹੀ ਵਜ੍ਹਾ ਕਈ ਵਾਰ ਦੱਸੀ ਸੀ । ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਬੀਜੇਪੀ ਨੂੰ ਕਹਿੰਦੇ ਸਨ ਕਿ ਉਹ ਅਕਾਲੀ ਦਲ ਨਾਲ ਗਠਜੋੜ ਤੋੜ ਦੇਣ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ 2017 ਦੀਆਂ ਚੋਣਾਂ ਦੌਰਾਨ ਸਿੱਧੂ ਦੇ ਨਿਸ਼ਾਨੇ ‘ਤੇ ਸਿਰਫ਼ 2 ਹੀ ਨਾਂ ਹੁੰਦੇ ਸਨ ਇੱਕ ਸੀ ਸੁਖਬੀਰ ਸਿੰਘ ਬਾਦਲ ਅਤੇ ਦੂਜਾ ਬਿਕਰਮ ਸਿੰਘ ਮਜੀਠੀਆ। ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮਜੀਠੀਆ ਦੇ ਖਿਲਾਫ ਡਰੱਗ ਮਾਮਲੇ ਦੀ ਜਾਂਚ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਵਾਰ ਘੇਰਿਆ, ਜਿਸ ਦਾ ਨਤੀਜਾ ਇਹ ਹੋਇਆ ਸੀ ਕਿ ਸਿੱਧੂ ਦੇ ਦਬਾਅ ਤੋਂ ਬਾਅਦ ਕੈਪਟਨ ਨੂੰ ਆਪਣੀ ਕੁਰਸੀ ਗਵਾਉਣੀ ਪਈ ਸੀ । ਸਿੱਧੂ ਨੇ ਮਜੀਠੀਆ ਖਿਲਾਫ ਕਈ ਵਾਰ ਨਿੱਜੀ ਹਮਲੇ ਕੀਤੇ ਅਤੇ ਮਜੀਠੀਆ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ । ਦੋਵਾਂ ਦੇ ਵਿਚਾਲੇ ਦੁਸ਼ਮਣੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ 2022 ਦੀਆਂ ਚੋਣਾਂ ਵਿੱਚ ਸਿੱਧੂ ਨੂੰ ਹਰਾਉਣ ਦੇ ਲਈ ਮਜੀਠੀਆ ਨੇ ਆਪਣਾ ਹਲਕਾ ਛੱਡ ਕੇ ਅੰਮ੍ਰਿਤਸਰ ਪੂਰਵੀ ਤੋਂ ਸਿੱਧੂ ਦੇ ਖਿਲਾਫ ਮੈਦਾਨ ਵਿੱਚ ਉਤਰੇ ਸਨ । ਹਾਲਾਂਕਿ ਦੋਵੇ ਹੀ ਆਗੂ ਹਾਰ ਗਏ ਸਨ, ਪਰ ਮਜੀਠੀਆ ਜਿਸ ਮਕਸਦ ਨਾਲ ਆਏ ਸਨ ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ ਸੀ। ਚੰਨੀ ਸਰਕਾਰ ‘ਤੇ ਮਜੀਠੀਆ ਖਿਲਾਫ ਕੇਸ ਕਰਨ ਦੇ ਲਈ ਸਿੱਧੂ ਨੇ ਦਬਾਅ ਪਾਇਆ ਸੀ ਜਿਸ ਦਾ ਨਤੀਜਾ ਇਹ ਹੋਇਆ ਸੀ ਮਜੀਠੀਆ ਦੀ ਡਰੱਗ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਅਤੇ ਉਨ੍ਹਾਂ ਨੂੰ 6 ਮਹੀਨੇ ਜੇਲ੍ਹ ਜਾਣਾ ਪਿਆ, ਇਸ ਤੋਂ ਬਾਅਦ ਸਿੱਧੂ ਵੀ ਰੋਡ ਰੇਡ ਮਾਮਲੇ ਵਿੱਚ ਜੇਲ੍ਹ ਪਹੁੰਚੇ । ਦੋਵੇ ਪਟਿਆਲਾ ਜੇਲ੍ਹ ਵਿੱਚ ਬੰਦ ਸਨ। ਮਜੀਠੀਆ ਜਦੋਂ ਜੇਲ੍ਹ ਤੋਂ ਬਾਹਰ ਆਏ ਸਨ ਤਾਂ ਵੀ ਉਨ੍ਹਾਂ ਨੇ ਸਿੱਧੂ ਨੂੰ ਲੈਕੇ ਕਾਫੀ ਤੰਜ ਕੱਸੇ ਸਨ ਹਾਲਾਂਕਿ ਕਿ ਸਿੱਧੂ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਦਲ ਅਤੇ ਮਜੀਠੀਆ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸਿੱਧੂ ਅਫਸੋਸ ਕਰਨ ਦੇ ਲਈ ਲੰਬੀ ਪਹੁੰਚੇ ਸਨ ਅਤੇ ਸੁਖਬੀਰ ਸਿੰਘ ਬਾਦਲ ਨੂੰ ਦੁੱਖ ਸਾਂਝਾ ਕੀਤਾ ਸੀ । ਇਸ ਤਸਵੀਰ ਨੇ ਵੀ ਸਭ ਨੂੰ ਹੈਰਾਨ ਕਰਨ ਦਿੱਤਾ ਸੀ ।