ਬਿਉਰੋ ਰਿਪੋਰਟ: ਪੰਜਾਬ ਕਾਂਗਰਸ ਆਗੂ ਅਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਦਾਅਵੇ ’ਤੇ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਪੱਤਰ ਲਿਖ ਕੇ ਨਵਜੋਤ ਕੌਰ ਨੂੰ ਨਿੰਬੂ ਪਾਣੀ, ਕੱਚੀ ਹਲਦੀ ਅਤੇ ਨਿੰਮ ਨਾਲ ਕੈਂਸਰ ਠੀਕ ਕਰਨ ਦੇ ਦਾਅਵੇ ਨੂੰ ਲੈ ਕੇ 850 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ।
ਛੱਤੀਸਗੜ੍ਹ ਸਿਵਲ ਸੁਸਾਇਟੀ ਦੇ ਕਨਵੀਨਰ ਡਾ: ਕੁਲਦੀਪ ਸੋਲੰਕੀ ਨੇ ਕਿਹਾ ਕਿ ਤੁਹਾਡੀ ਖੁਰਾਕ ਬਾਰੇ ਸੁਣ ਕੇ ਦੇਸ਼-ਵਿਦੇਸ਼ ਵਿੱਚ ਕੈਂਸਰ ਦੇ ਮਰੀਜ਼ਾਂ ਵਿੱਚ ਐਲੋਪੈਥੀ ਦਵਾਈ ਪ੍ਰਤੀ ਭੰਬਲਭੂਸਾ ਅਤੇ ਵਿਰੋਧ ਦੀ ਸਥਿਤੀ ਪੈਦਾ ਹੋ ਰਹੀ ਹੈ। ਉਨ੍ਹਾਂ 7 ਦਿਨਾਂ ਦੇ ਅੰਦਰ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ 7 ਦਿਨਾਂ ਅੰਦਰ ਮੁਆਫ਼ੀ ਜਾਂ ਸਬੂਤ ਨਾ ਮਿਲੇ ਤਾਂ ਉਹ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਜਾਣਗੇ।
ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਮੰਗੀ ਇਹ ਜਾਣਕਾਰੀ
- ਡਾਕਟਰ ਕੁਲਦੀਪ ਸੋਲੰਕੀ ਨੇ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਉਨ੍ਹਾਂ ਦੇ ਪਤੀ ਨੇ ਖੁਰਾਕ ਰਾਹੀਂ ਕੈਂਸਰ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਹੈ। ਕੀ ਤੁਸੀਂ ਉਨ੍ਹਾਂ ਦੇ ਬਿਆਨ ਦਾ ਪੂਰਾ ਸਮਰਥਨ ਕਰਦੇ ਹੋ?
- ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਐਲੋਪੈਥੀ ਦਵਾਈ ਦੇ ਇਲਾਜ ਦਾ ਜੋ ਤੁਸੀਂ ਕਈ ਹਸਪਤਾਲਾਂ ਵਿੱਚ ਕਰਵਾਇਆ ਹੈ, ਉਸ ਦਾ ਤੁਹਾਨੂੰ ਕੋਈ ਲਾਭ ਨਹੀਂ ਹੋਇਆ?
- ਕੀ ਤੁਸੀਂ ਕੈਂਸਰ ਮੁਕਤ ਹੋਣ ਲਈ ਆਪਣੀ ਖੁਰਾਕ ਵਿੱਚ ਨਿੰਮ ਦੇ ਪੱਤੇ, ਨਿੰਬੂ ਪਾਣੀ, ਤੁਲਸੀ ਦੇ ਪੱਤੇ, ਹਲਦੀ ਦਾ ਸੇਵਨ ਕੀਤਾ ਹੈ? ਕਿਸੇ ਵੀ ਐਲੋਪੈਥੀ ਦਵਾਈ ਦੀ ਵਰਤੋਂ ਨਹੀਂ ਕੀਤੀ?
- ਜੇ ਤੁਸੀਂ ਆਪਣੇ ਪਤੀ ਦੇ ਦਾਅਵੇ ਦਾ ਸਮਰਥਨ ਕਰਦੇ ਹੋ, ਤਾਂ ਸਾਨੂੰ 7 ਦਿਨਾਂ ਦੇ ਅੰਦਰ ਸਾਰੇ ਪ੍ਰਮਾਣਿਤ ਦਸਤਾਵੇਜ਼ ਪ੍ਰਦਾਨ ਕਰੋ, ਜੋ ਇਹ ਸਾਬਤ ਕਰ ਸਕਦੇ ਹਨ ਕਿ ਤੁਸੀਂ ਬਿਨਾਂ ਕਿਸੇ ਦਵਾਈ ਦੇ ਜਾਂ ਬਿਨਾਂ ਕਿਸੇ ਡਾਕਟਰੀ ਸਹਾਇਤਾ ਦੇ ਆਪਣੀ ਖੁਰਾਕ ਵਿੱਚ ਤਬਦੀਲੀ ਕਰਕੇ 40 ਦਿਨਾਂ ਵਿੱਚ ਸਟੇਜ 4 ਦੇ ਕੈਂਸਰ ਨੂੰ ਠੀਕ ਕਰ ਲਿਆ ਹੈ ਤੁਸੀਂ ਕੈਂਸਰ ਮੁਕਤ ਹੋ ਗਏ ਹੋ।
ਡਾਕਟਰ ਕੁਲਦੀਪ ਸੋਲੰਕੀ ਨੇ ਆਪਣੇ ਪੱਤਰ ਵਿੱਚ ਨਵਜੋਤ ਕੌਰ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਆਪਣੇ ਪਤੀ ਨਵਜੋਤ ਸਿੱਧੂ ਦੇ ਦਾਅਵਿਆਂ ਦੇ ਸਮਰਥਨ ਲਈ ਕੋਈ ਪ੍ਰਮਾਣਿਤ ਦਸਤਾਵੇਜ਼ ਅਤੇ ਮੈਡੀਕਲ ਸਬੂਤ ਨਹੀਂ ਹਨ, ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟੀਕਰਨ ਦੇਣ।
ਸੋਲੰਕੀ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਕੈਂਸਰ ਦੇ ਦੂਜੇ ਮਰੀਜ਼ਾਂ ਨੂੰ ਭੰਬਲਭੂਸੇ ਵਿਚ ਪਾ ਰਿਹਾ ਹੈ। ਉਹ ਆਪਣੀਆਂ ਦਵਾਈਆਂ, ਇਲਾਜ ਅਤੇ ਡਾਕਟਰੀ ਇਲਾਜਾਂ ਨੂੰ ਛੱਡ ਕੇ ਅਤੇ ਤੁਹਾਡੇ ਅਤੇ ਤੁਹਾਡੇ ਪਤੀ ਦੇ ਕਹਿਣ ’ਤੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਨਾਲ ਜੂਆ ਖੇਡ ਰਹੇ ਹਨ।