The Khalas Tv Blog International ਕੈਨੇਡਾ ’ਚ ਵੀ ਪਈ ਸਿੱਧੂ ਦੇ ‘ਕੈਂਸਰ ਵਿਰੋਧੀ’ ਨੁਸਖ਼ੇ ਦੀ ਗੂੰਜ! ਨੁਸਖ਼ੇ ਵਾਲੀਆਂ ਵਸਤਾਂ ਦੀ ਮੰਗ ਤੇ ਵਿਕਰੀ ਦੁੱਗਣੀ-ਤਿੱਗਣੀ ਵਧੀ
International Lifestyle Punjab

ਕੈਨੇਡਾ ’ਚ ਵੀ ਪਈ ਸਿੱਧੂ ਦੇ ‘ਕੈਂਸਰ ਵਿਰੋਧੀ’ ਨੁਸਖ਼ੇ ਦੀ ਗੂੰਜ! ਨੁਸਖ਼ੇ ਵਾਲੀਆਂ ਵਸਤਾਂ ਦੀ ਮੰਗ ਤੇ ਵਿਕਰੀ ਦੁੱਗਣੀ-ਤਿੱਗਣੀ ਵਧੀ

ਬਿਉਰੋ ਰਿਪੋਰਟ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਤਨੀ ਦੇ ਖਾਣ-ਪੀਣ ਵਿੱਚ ਬਦਲਾਅ ਕਰ ਕੇ ਕੈਂਸਰ ਮੁਕਤ ਹੋ ਜਾਣ ਦੀ ਵੀਡੀਓ ਕੈਨੇਡਾ ਵਿੱਚ ਵਾਇਰਲ ਹੋਣ ਦੇ ਨਾਲ ਨਾਲ ਕੈਂਸਰ ਪੀੜਤ ਮਰੀਜ਼ਾਂ ਵਲੋਂ ਉਸ ਨੁਸਖ਼ੇ ਉੱਤੇ ਅਮਲ ਕੀਤੇ ਜਾਣ ਦਾ ਪਤਾ ਲੱਗਾ ਹੈ। ਦੱਸਿਆ ਜਾਂਦਾ ਹੈ ਕਿ ਭਾਰਤੀ ਸਟੋਰਾਂ ’ਤੇ ਇਸ ਨੁਸਖ਼ੇ ਵਿੱਚ ਸੁਝਾਏ ਸਾਮਾਨ ਦੀ ਮੰਗ ਕਾਫੀ ਵਧ ਗਈ ਹੈ।

ਪਹਿਲਾਂ ਸਟੋਰਾਂ ਤੋਂ ਸਾਮਾਨ ਲਿਜਾਣ ਵਾਲੇ ਲੋਕਾਂ ਦੀਆਂ ਟਰਾਲੀਆਂ ਵਿੱਚ ਹੁਣ ਮਿਕਸ ਬੈਰੀਜ਼ ਦੇ ਪੈਕਟ ਵੇਖੇ ਜਾਣ ਲੱਗੇ ਹਨ। ਇਨ੍ਹਾਂ ਸਟੋਰਾਂ ਦੇ ਸੇਲ ਅਮਲੇ ’ਚੋਂ ਕੁਝ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਦੋ ਕੁ ਦਿਨਾਂ ਤੋਂ ਉਸ ਨੁਸਖ਼ੇ ਵਾਲੀਆਂ ਵਸਤਾਂ ਦੀ ਮੰਗ ਤੇ ਵਿਕਰੀ ਪਹਿਲਾਂ ਤੋਂ ਦੁੱਗਣੀ-ਤਿੱਗਣੀ ਵਧ ਗਈ ਹੈ। ਇੱਕ ਵਿਅਕਤੀ ਨੇ ਦੱਸਿਆ ਕਿ ਨਿੰਮ ਤੇ ਤੁਲਸੀ ਦੇ ਪੱਤਿਆਂ ਦੀ ਮੰਗ ਪਹਿਲੀ ਵਾਰ ਹੋਣ ਲੱਗੀ ਹੈ।

ਕੁਝ ਸ਼ੱਕੀ ਕੈਂਸਰ ਮਰੀਜ਼ਾਂ ਨਾਲ ਗੱਲ ਕਰਨ ’ਤੇ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਨ੍ਹਾਂ ਸਿੱਧੂ ਦੀ ਗੱਲ ’ਤੇ ਇਤਬਾਰ ਕਰ ਕੇ ਆਪਣਾ ਖਾਣ ਪੀਣ ਬਦਲ ਲਿਆ ਹੈ। ਇੱਕ ਦਾ ਕਹਿਣਾ ਸੀ ਕਿ ਸਾਲਾਂ ਬੱਧੀ ਹਸਪਤਾਲਾਂ ਦੇ ਚੱਕਰ ਅਤੇ ਦਵਾਈਆਂ ਤੋਂ ਚੰਗਾ ਹੈ ਕਿ ਡੇਢ-ਦੋ ਮਹੀਨੇ ਉਹੀ ਕੁਝ ਖਾ ਪੀ ਕੇ ਵੇਖ ਲਿਆ ਜਾਏ ਜਿਵੇਂ ਵੀਡੀਓ ਵਿੱਚ ਕਿਹਾ ਗਿਆ ਹੈ।

ਇੱਕ ਨੇ ਤਾਂ ਸਿੱਧੂ ਦੀ ਗੱਲ ’ਤੇ ਭਰੋਸਾ ਜਿਤਾਉਂਦੇ ਹੋਏ ਕਿਹਾ ਕਿ ‘ਸਿਆਣਾ ਬਿਆਣਾ ਬੰਦਾ’ ਝੂਠ ਥੋੜ੍ਹਾ ਬੋਲ ਰਿਹਾ ਹੋਊ? ਆਯੁਰਵੈਦਿਕ ਦਵਾਈਆਂ ਦਿੰਦੇ ਡਾਕਟਰ ਨਾਲ ਗੱਲ ਹੋਈ ਤਾਂ ਉਸ ਨੇ ਪੁਸ਼ਟੀ ਕੀਤੀ ਕਿ ਮਨੁੱਖਾਂ ਦਾ ਖਾਣ ਪੀਣ ਹੀ ਸਰੀਰਕ ਪ੍ਰਣਾਲੀਆਂ ਦੇ ਸੰਚਾਲਨ ’ਤੇ ਨਿਯੰਤਰਣ ਕਰਦਾ ਹੈ ਤੇ ਖੁਰਾਕ ‘ਚੋਂ ਹੀ ਚੰਗੇ ਮਾੜੇ ਸੈਲ ਬਣਦੇ ਹਨ, ਜੋ ਵੱਖ ਵੱਖ ਬਿਮਾਰੀਆਂ ਦੇ ਕਾਰਨ ਬਣਦੇ ਹਨ। ਉਸ ਨੇ ਦੱਸਿਆ ਸਿੱਧੂ ਵਾਲਾ ਨੁਸਖ਼ਾ ਆਯੁਰਵੈਦ ’ਤੇ ਹੀ ਆਧਾਰਿਤ ਹੀ ਹੈ, ਪਰ ਉਸ ਲਈ ਮਨੁੱਖ ਦੇ ਮਨ ’ਚ ਵਿਸ਼ਵਾਸ਼ ਅਤੇ ਪ੍ਰਹੇਜ਼ ਜ਼ਰੂਰੀ ਹਨ।

Exit mobile version