‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਨੇ ਅਸਤੀਫ਼ੇ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚ ਗਈ ਹੈ। ਹਰ ਕੋਈ ਸਿੱਧੂ ਦੇ ਅਚਾਨਕ ਅਸਤੀਫ਼ਾ ਦੇਣ ਤੋਂ ਹੈਰਾਨ ਹੈ ਅਤੇ ਸਿੱਧੂ ਦੇ ਅਸਤੀਫ਼ੇ ਬਾਰੇ ਆਪਣੀਆਂ-ਆਪਣੀਆਂ ਕਿਆਸਰਾਈਆਂ ਲਾ ਰਿਹਾ ਹੈ। ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਬਹੁਤ ਸਾਰੇ ਸਿਆਸੀ ਲੀਡਰਾਂ ਦੇ ਬਿਆਨ ਸਾਹਮਣੇ ਆਏ ਹਨ।
- ਰਾਜ ਕੁਮਾਰ ਵੇਰਕਾ ਨੇ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕਿਹਾ ਕਿ ਅਸੀਂ ਸਿੱਧੂ ਦਾ ਅਸਤੀਫ਼ਾ ਵਾਪਸ ਕਰ ਦਿਆਂਗੇ। ਮੈਨੂੰ ਸਿੱਧੂ ਦੇ ਅਸਤੀਫ਼ੇ ਬਾਰੇ ਕੋਈ ਪਤਾ ਨਹੀਂ ਸੀ, ਮੈਂ ਤਾਂ ਅੱਜ ਹੀ ਚਾਰਜ ਸੰਭਾਲਿਆ ਹੈ।
- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, “ਅਸੀਂ ਸਿੱਧੂ ਸਾਹਿਬ ਨਾਲ ਬੈਠ ਕੇ ਗੱਲ ਕਰਾਂਗੇ। ਉਹ ਚੰਗੇ ਲੀਡਰ ਹਨ। ਅਜੇ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਸਤੀਫਾ ਕਿਉਂ ਦਿੱਤਾ। ਨਵਜੋਤ ਸਿੰਘ ਸਿੱਧੂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਮੇਰੀ ਅਜੇ ਉਨ੍ਹਾਂ ਨਾਲ ਗੱਲ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਉੱਤੇ ਮੈਨੂੰ ਪੂਰਾ ਭਰੋਸਾ ਹੈ।”
- ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ’ਤੇ ਬੋਲਦਿਆਂ ਕਿਹਾ ਹੈ, “ਮੈਂ ਪਹਿਲਾਂ ਹੀ ਕਿਹਾ ਸੀ ਕਿ ਉਹ ਇੱਕ ਸਥਿਰ ਵਿਅਕਤੀ ਨਹੀਂ ਹੈ ਤੇ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਸਹੀ ਨਹੀਂ ਹੈ।”
ਇਕ ਹੋਰ ਟਵੀਟ ਵਿਚ ਕੈਪਟਨ ਨੇ ਲਾਇਆ ਸਿੱਧੂ ਤੇ ਟੋਰਾ, ਕਿਹਾ ਨਿਯੁਕਤੀ ਦੇ ਦੋ ਮਹੀਨਿਆਂ ਅੰਦਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਦੇਣਾ ਕਰਦਾ ਹੈ ਸਾਬਿਤ, ਐਸੰਬਲੀ ਚੋਣਾਂ ਤੋਂ ਪਹਿਲਾਂ ਕਿਸੇ ਹੋਰ ਪਾਰਟੀ ਵਿੱਚ ਜਾਣ ਲਈ ਸਿੱਧੂ ਕਰ ਰਹੇ ਹਨ ਗਰਾਉਂਡ ਤਿਆਰ।
- ਕਾਂਗਰਸ ਆਗੂ ਅਸ਼ਵਿਨੀ ਕੁਮਾਰ ਨੇ ਨਵਜੋਤ ਸਿੰਘ ਸਿੱਧੂ ਦੇ ਪੀਪੀਸੀਸੀ ਦੇ ਪ੍ਰਧਾਨ ਵਜੋਂ ਅਸਤੀਫੇ ਬਾਰੇ ਕਿਹਾ, “ਇਹ ਬਹੁਤ ਮੰਦਭਾਗਾ ਹੈ ਪਰ ਮੈਂ ਉਸ ‘ਤੇ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਨਹੀਂ ਪੜ੍ਹਿਆ ਕਿ ਉਨ੍ਹਾਂ ਨੇ ਕੀ ਲਿਖਿਆ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਪੀਪੀਸੀਸੀ ਮੁਖੀ ਬਣਾਇਆ ਗਿਆ ਸੀ। ਸਿੱਧੂ ਨੇ ਜੋ ਕਹਿਣਾ ਸੀ ਕਿਹਾ ਦਿੱਤਾ ਹੁਣ ਇਸ ਦਾ ਫੈਸਲਾ ਕਾਂਗਰਸ ਮੁਖੀ ਕਰਨਗੇ ਅਤੇ ਬਹੁਤ ਜਲਦੀ ਕਰਨਗੇ। ਚੋਣਾਂ ਸਿਰ ‘ਤੇ ਹਨ, ਮੈਨੂੰ ਉਮੀਦ ਹੈ ਕਿ ਕਾਂਗਰਸ ਲੀਡਰਸ਼ਿਪ ਇਸ ਮਸਲੇ ਨੂੰ ਜਲਦੀ ਹੱਲ ਕਰੇਗੀ ਤਾਂ ਕਿ ਅਸੀਂ ਇੱਕਜੁੱਟ ਹੋ ਕੇ ਚੋਣਾਂ ਲੜੀਏ।”
- ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਕਿਹਾ, “ਪਿਛਲੇ 15 ਦਿਨਾਂ ਦੇ ਵਿੱਚ-ਵਿੱਚ ਜਿਵੇਂ ਕਾਂਗਰਸ ਨੇ ਕੈਪਟਨ ਨੂੰ ਹਟਾਇਆ ਗਿਆ ਉਹ ਬਹੁਤ ਮਾੜਾ ਸੀ। ਫਿਰ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਹਰ ਦੋ ਘੰਟੇ ਬਾਅਦ ਨਵੇਂ ਨਾਮ ਸਾਹਮਣੇ ਆ ਰਹੇ ਸੀ। ਉਦੋਂ ਹੀ ਕਾਂਗਰਸ ਵਿੱਚ ਨਿਘਾਰ ਦੇਖਿਆ। ਅੱਜ ਜੋ ਹੋ ਰਿਹਾ ਇੰਡੀਅਨਲ ਨੈਸ਼ਨਲ ਕਾਂਰਗਸ ਦਾ ਨਾਮ ਇੰਡੀਅਨਲ ਨੈਸ਼ਨਲ ਸਰਕਸ ਰੱਖ ਦੇਣਾ ਚਾਹੀਦਾ ਹੈ।”
- ਮਨੀਸ਼ ਤਿਵਾੜੀ ਨੇ ਸਿੱਧੂ ਦੇ ਅਸਤੀਫ਼ੇ ‘ਤੇ ਟਵੀਟ ਕਰਦਿਆਂ ਇੱਕ ਗਾਣੇ ਦਾ ਜ਼ਿਕਰ ਕੀਤਾ ਕਿ “ਚੜ੍ਹਦੇ ਮਿਰਜ਼ੇ ਖਾਨ ਨੂੰ, ਵੱਡੀ ਭਾਬੀ ਦਿੰਦੀ ਮੱਤ। ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ। ਹੱਸ-ਹੱਸ ਲਾਉਣ ਯਾਰੀਆਂ ਤੇ ਰੋ-ਰੋ ਦੇਣ ਛੱਡ।”
- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਕੇ ਕਾਂਗਰਸ ਹਾਈਕਮਾਂਡ ਨੂੰ ਵੰਗਾਰਿਆ ਹੈ। ਢੀਂਡਸਾ ਨੇ ਕਿਹਾ ਕਿ ਕਾਂਗਰਸ ’ਚ ਚੱਲ ਰਿਹਾ ਆਪਸੀ ਕਾਟੋ ਕਲੇਸ਼ ਪੰਜਾਬ ਦੇ ਭਵਿੱਖ ਦਾ ਕੁਝ ਨਹੀਂ ਸਵਾਰ ਸਕਦਾ। ਇਹ ਪ੍ਰਗਟਾਵਾ ਸੁਖਦੇਵ ਸਿੰਘ ਢੀਂਡਸਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਚੱਲ ਰਹੀ ਉਥਲ-ਪੁਥਲ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ’ਚ ਹਮੇਸ਼ਾ ਅਹੁਦਿਆਂ ਪਿੱਛੇ ਖੜਕੀ ਹੈ ਅਤੇ ਹੁਣ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਖੜਕਾਏ ਜਾ ਰਹੇ ਭਾਂਡੇ ਇਹ ਸਪੱਸ਼ਟ ਕਰਦੇ ਹਨ ਕਿ ਕਾਂਗਰਸ ਦੇ ਹੱਥਾਂ ’ਚ ਪੰਜਾਬ ਦਾ ਭਵਿੱਖ ਸੁਰੱਖਿਅਤ ਨਹੀਂ।
- ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਉਹ ‘ਇਹ ਬਰਦਾਸ਼ਤ ਨਹੀਂ ਕਰ ਸਕਦੇ’ ਕਿ ਇੱਕ ਦਲਿਤ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ।
- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, “ਦੋ-ਤਿੰਨ ਮਹੀਨੇ ਪਹਿਲਾਂ ਮੈਂ ਇੱਕ ਬਿਆਨ ਦਿੱਤਾ ਸੀ ਕਿ ਸਿੱਧੂ ਮਿਸਗਾਇਡੇਡ ਮਿਜ਼ਾਇਲ ਹੈ, ਇਸ ਦਾ ਪਤਾ ਨਹੀਂ ਕਿਸ ‘ਤੇ ਡਿੱਗੇਗਾ ਤੇ ਕਿਸ ਨੂੰ ਮਾਰੇਗਾ। ਜਦੋਂ ਸਿੱਧੂ ਨੂੰ ਪ੍ਰਧਾਨ ਬਣਾਇਆ ਸਭ ਤੋਂ ਪਹਿਲਾਂ ਕੈਪਟਨ ‘ਤੇ ਡਿੱਗਿਆ ਤੇ ਕੈਪਟਨ ਨੂੰ ਮਾਰਿਆ। ਹੁਣ ਆਪਣੀ ਹੀ ਪਾਰਟੀ ਜਿਸ ਨੇ ਇਸ ਨੂੰ ਪ੍ਰਧਾਨ ਬਣਾਇਆ ਸੀ, ਉਸ ਉੱਤੇ ਡਿੱਗਿਆ ਹੈ। ਹੁਣ ਉਸ ਦਾ ਸਫ਼ਾਇਆ ਕਰ ਰਿਹਾ ਹੈ। ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ, ਉਸ ਵਿੱਚ ਹੰਕਾਰ ਹੈ, ‘ਮੈਂ’ ਹੈ। ਪੰਜਾਬ ਨੂੰ ਬਚਾਉਣਾ ਹੈ ਤਾਂ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਨੂੰ ਛੱਡ ਕੇ ਮੁੰਬਈ ਚਲੇ ਜਾਓ।”
- ਪੰਜਾਬ ਦੇ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਲੀਡਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ ਹੈ। ਕਾਂਗਰਸ ਵਿੱਚ ਅਸਤੀਫ਼ਿਆਂ ਦੀ ਕੜੀ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਅਸਤੀਫ਼ੇ ਹੋਣਗੇ। ਸਿੱਧੂ ਨੇ ਮੇਰੇ ਅਸਤੀਫ਼ੇ ਦਾ ਸਭ ਤੋਂ ਵੱਧ ਫਾਇਦਾ ਲਿਆ ਸੀ।
- ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਕਾਂਗਰਸੀਆਂ ਦੇ ਚਿਹਰੇ ਬਹੁਤ ਖਿਲੇ ਹੋਏ ਹਨ। ਕਾਂਗਰਸ ਇੱਕ ਹੋਈ ਪਈ ਹੈ। ਕਈ ਬੰਦੇ ਹੁੰਦੇ ਹਨ ਜਿਨ੍ਹਾਂ ਨੇ ਕਿਰਕਿਰੀ ਕਰਨੀ ਹੁੰਦੀ ਹੈ ਕਿ ਕਾਂਗਰਸ ਦੀ ਸਰਕਾਰ ਵਧੀਆ ਚੱਲ ਰਹੀ ਹੈ ਅਤੇ ਉਸਨੂੰ ਖਰਾਬ ਕਰਨਾ ਹੈ। ਕੀ ਪਤਾ ਉਨ੍ਹਾਂ ਨੂੰ ਕਿਸ ਪਾਰਟੀ ਤੋਂ ਸ਼ਹਿ ਮਿਲ ਰਹੀ ਹੁੰਦੀ ਹੈ। ਸਿੱਧੂ ਨੂੰ ਮਨਾਉਣ ਦਾ ਕੰਮ ਸਾਡਾ ਨਹੀਂ ਹੈ, ਇਹ ਤਾਂ ਹਾਈਕਮਾਂਡ ਵੇਖੇਗੀ। ਬੰਦੇ ਦੇ ਨਾਲ ਪਾਰਟੀਆਂ ਨੂੰ ਕਦੇ ਨੁਕਸਾਨ ਨਹੀਂ ਹੁੰਦਾ, ਬੰਦੇ ਪਾਰਟੀਆਂ ਵਿੱਚ ਆਉਂਦੇ-ਜਾਂਦੇ ਰਹਿੰਦੇ ਹਨ।
- ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਦੱਸਾਂਗੇ, ਚਾਹ ਪਾਣੀ ਪੀਉ, ਪ੍ਰੈਸ ਕਾਨਫਰੰਸ ਵਿੱਚ ਆ ਜਾਉ।