‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਦਾ ਮੁੜ ਤੋਂ ਚਾਰਜ ਸੰਭਾਲਣ ਮੌਕੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਸੱਤਾ ਵਿੱਚ ਆਉਣ ਲਈ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਸੁਧਾਰਨ ਲਈ ਲੜੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਤਕਰੀਰ ਬਦਲਣ ਲਈ ਜਿਹੜਾ ਰੋਡ ਮੈਪ ਉਨ੍ਹਾਂ ਨੇ ਤਿਆਰ ਕੀਤਾ ਹੈ, ਉਸਨੂੰ ਪਾਰਟੀ ਹਾਈਕਮਾਂਡ ਵੱਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ 25 ਸਾਲਾਂ ਤੋਂ ਕਰਜ਼ੇ ਲੈ ਕੇ ਸੂਬੇ ਨੂੰ ਚਲਾਉਣ ਦਾ ਟ੍ਰੈਂਡ ਬਦਲਿਆ ਜਾਵੇਗਾ। ਜਨਤਾ ਵੱਲੋਂ ਇਕੱਠੇ ਕੀਤੇ ਟੈਕਸ ਨੂੰ ਦੋ ਤੋਂ ਤਿੰਨ ਗੁਣਾ ਕਰਕੇ ਉਨ੍ਹਾਂ ਦੀ ਭਲਾਈ ਲਈ ਲਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਪੈਰਾਂ ਭਾਰ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇ ਹੁਣ ਨਾ ਸੰਭਲੇ ਤਾਂ ਮੌਕਾ ਮੁੜ ਹੱਥ ਨਹੀਂ ਲੱਗਣਾ। ਸਿੱਧੂ ਜਿਨ੍ਹਾਂ ਦੇ ਤੇਵਰ ਪਹਿਲਾਂ ਤੋਂ ਬਦਲੇ ਨਜ਼ਰ ਆਏ ਸਨ, ਨੇ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਇੱਕੋ ਰੱਥ ਦੇ ਦੋ ਪਹੀਏ ਹਨ ਅਤੇ ਦੋਹਾਂ ਨੂੰ ਨਾਲ-ਨਾਲ ਚੱਲਣਾ ਪਵੇਗਾ।
ਪਾਰਟੀ ਸੰਗਠਨ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨਾਂ ਅਤੇ ਬੁਲਾਰਿਆਂ ਦੀਆਂ ਸੂਚੀਆਂ ਤਿਆਰ ਹੋ ਚੁੱਕੀਆਂ ਹਨ ਅਤੇ ਅਗਲੇ ਹਫ਼ਤੇ ਜਾਰੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਨੇੜਲੇ ਭਵਿੱਖ ਵਿੱਚ ਇੱਕ ਇਤਿਹਾਸਕ ਸ਼ਕਤੀ ਪ੍ਰਦਰਸ਼ਨ ਕਰੇਗੀ। ਉਨ੍ਹਾਂ ਨੇ ਅਗਲੀਆਂ ਚੋਣਾਂ ਵਿੱਚ ਕਾਂਗਰਸ ਦੀ ਬੇਹਤਰ ਕਾਰਗੁਜ਼ਾਰੀ ਦਾ ਦਾਅਵਾ ਕਰਦਿਆਂ ਕਿਹਾ ਕਿ ਉਮੀਦਵਾਰਾਂ ਨੂੰ ਟਿਕਟਾਂ ਸਰਵੇ ਅਤੇ ਪ੍ਰਫਾਰਮੈਂਸ ਦੇ ਆਧਾਰ ‘ਤੇ ਦਿੱਤੀਆਂ ਜਾਣਗੀਆਂ। ਜ਼ਰੂਰੀ ਨਹੀਂ ਕਿ ਸਿਟਿੰਗ ਐੱਮਐੱਲਏ ਨੂੰ ਟਿਕਟ ਮਿਲੇਗੀ। ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਲਈ ਹਰੇਕ ਪੰਜਾਬੀ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਹੈ।
ਚੇਤੇ ਕਰਾਇਆ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ 28 ਜੁਲਾਈ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। 5 ਸਤੰਬਰ ਨੂੰ ਉਨ੍ਹਾਂ ਨੇ ਨਵੇਂ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਦੇ ਖਿਲਾਫ ਅਸੀਫ਼ਾ ਦੇ ਦਿੱਤਾ ਸੀ। ਪਿਛਲੇ ਦਿਨੀਂ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਸੀ ਅਤੇ ਅੱਜ ਮੁੜ ਅਹੁਦਾ ਚਾਰਜ ਲਿਆ ਹੈ।