The Khalas Tv Blog Punjab ਰਾਜੇ ਨੂੰ ਵਧਾਈ ਦੇ ਕੇ ਗੇਟ ਤੋਂ ਹੀ ਕਿਉਂ ਮੁੜੇ ਸਿੱਧੂ
Punjab

ਰਾਜੇ ਨੂੰ ਵਧਾਈ ਦੇ ਕੇ ਗੇਟ ਤੋਂ ਹੀ ਕਿਉਂ ਮੁੜੇ ਸਿੱਧੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਪ੍ਰਦੇਸ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਦੇ ਪ੍ਰੋਗਰਾਮ ਵਿੱਚ ਬੇਸ਼ੱਕ ਸ਼ਾਮਿਲ ਨਹੀਂ ਹੋਏ ਪਰ ਪ੍ਰੋਗਰਾਮ ਵਾਲੀ ਥਾਂ ਉੱਤੇ ਰਾਜਾ ਵੜਿੰਗ ਨੂੰ ਵਧਾਈ ਦੇਣ ਲਈ ਜ਼ਰੂਰ ਪਹੁੰਚੇ। ਨਵਜੋਤ ਸਿੱਧੂ ਨੇ ਪਹਿਲਾਂ ਰਾਜਾ ਵੜਿੰਗ ਦੇ ਨਾਲ ਹੱਥ ਮਿਲਾਇਆ ਅਤੇ ਫਿਰ ਗਲੇ ਲਾ ਕੇ ਵਧਾਈ ਦਿੱਤੀ। ਸਿੱਧੂ ਨੇ ਰਾਜਾ ਵੜਿੰਗ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਤਰੱਕੀ ਲਈ ਅਰਦਾਸ ਕੀਤੀ। ਸਿੱਧੂ ਨੇ ਕਿਹਾ ਕਿ ਆਉਣ ਵਾਲਾ ਸਮਾਂ ਦੱਸ ਦੇਵੇਗਾ ਕਿ ਰਾਜਾ ਵੜਿੰਗ ਦਾ ਕੌਣ ਕਿੰਨਾ ਸਾਥ ਦਿੰਦਾ ਹੈ। ਸਿੱਧੂ ਨੇ ਸੱਤਾ ਵਿੱਚ ਆਉਣ ਲਈ ਕਾਂਗਰਸ ਨੂੰ ਨਵੀਨੀਕਰਨ ਕਰਨ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨੈਤਿਕ ਅਸੂਲਾਂ ਪ੍ਰਤੀ ਵਚਨਬੱਧ ਇਮਾਨਦਾਰ ਚਿਹਰੇ ਇਸ ਸ਼ੁਰੂਆਤ ਦੇ ਸੰਚਾਲਕ ਹੋਣੇ ਚਾਹੀਦੇ ਹਨ। ਅਸੀਂ ਇਸ ਮਹਾਨ ਸੂਬੇ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਜਾਂ ਤਾਂ ਮਾਫੀਆ ਰਹੇਗਾ ਜਾਂ ਇਮਾਨਦਾਰ ਲੋਕ। ਉਨ੍ਹਾਂ ਨੇ ਕਿਹਾ ਕਿ ਮੇਰੀ ਲੜਾਈ ਪੰਜਾਬ ਦੇ ਮਾਫੀਏ ਖ਼ਿਲਾਫ਼ ਹੈ।

ਉਨ੍ਹਾਂ ਨੇ ਦੋਸ਼ ਲਾਉਂਦਿਆ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜ ਸਾਲਾਂ ਦੇ ਮਾਫੀਆ ਰਾਜ ਕਾਰਨ ਹਾਰੀ ਹੈ। ਮਾਫੀਆ ਨਾਲ ਲੜਾਈ ਕਿਸੇ ਇੱਕ ਵਿਅਕਤੀ ਖਿਲਾਫ ਨਹੀਂ ਸਗੋਂ ਸਿਸਟਮ ਖਿਲਾਫ ਸੀ। ਇਸ ਦੇ ਪਿੱਛੇ ਕੁੱਝ ਲੋਕ ਸਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਵੀ ਸ਼ਾਮਲ ਹੋ ਸਕਦੇ ਹਨ। ਅੱਜ ਵੀ ਪੰਜਾਬ ਦੀ ਹੋਂਦ ਦੀ ਲੜਾਈ ਹੈ, ਕਿਸੇ ਅਹੁਦੇ ਲਈ ਨਹੀਂ। ਜਿਸ ਦਿਨ ਪੰਜਾਬ ‘ਚੋਂ ਮਾਫੀਆ ਖਤਮ ਹੋ ਜਾਵੇਗਾ, ਸੂਬਾ ਫਿਰ ਤੋਂ ਖੜ੍ਹਾ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਅੱਜ ਜਿਹੜੀ ਸਰਕਾਰ ਆਈ ਹੈ, ਉਹ ਬਦਲਾਅ ਕਰਕੇ ਆਈ ਹੈ। ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣਾ ਛੋਟਾ ਭਰਾ ਦੱਸਿਆ। ਜੇ ਉਹ ਮਾਫੀਆ ਖਿਲਾਫ ਲੜੇਗਾ ਤਾਂ ਮੈਂ ਉਸਦਾ ਸਹਿਯੋਗ ਦੇਵਾਂਗਾ। ਉਨ੍ਹਾਂ ਕਿਹਾ ਕਿ ਸਵਾਲ ਵੀ ਉਹੀ ਕਰ ਸਕਦਾ ਹੈ ਜੋ ਇਮਾਨਦਾਰ ਹੋਵੇ। ਇਸ ਕਰਕੇ ਆਉਣ ਵਾਲਾ ਸਮਾਂ ਇਮਾਨਦਾਰਾਂ ਦਾ ਹੈ। ਉਨ੍ਹਾਂ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਕਾਂਗਰਸ ਵਿੱਚ 50 ਤੋਂ 60 ਅਜਿਹੇ ਲੀਡਰ ਹੋਣ, ਜਿਨ੍ਹਾਂ ‘ਤੇ ਲੋਕ ਭਰੋਸਾ ਕਰਦੇ ਹੋਣ। ਲੋਕਾਂ ਨੂੰ ਲੱਗੇ ਕਿ ਵਾਕਿਆ ਹੀ ਬਦਲਾਅ ਹੈ ਤੇ ਇਹ ਲੀਡਰ ਵਾਕਿਆ ਹੀ ਪੰਜਾਬ ਦੀ ਉਸਾਰੀ ਲਈ ਆਏ ਹਨ।

ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਨਵਜੋਤ ਸਿੱਧੂ ਦੀ ਬਿਆਨਬਾਜੀ ਉੱਤੇ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ਕਾਂਗਰਸੀਆਂ ਦੀ ਬਿਆਨਬਾਜੀ ਕਰਕੇ ਹੀ ਆਪ ਸੱਤਾ ਵਿੱਚ ਆਈ ਹੈ। ਕੋਈ ਵੀ ਸ਼ਖਸ ਪਾਰਟੀ ਤੋਂ ਵੱਡਾ ਨਹੀਂ ਹੈ।

ਅੱਜ ਪੰਜਾਬ ਪ੍ਰਦੇਸ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਚਾਰਜ ਸੰਭਾਲ ਲਿਆ ਹੈ। ਇਸ ਸਮਾਗਮ ਵਿੱਚ ਕਾਂਗਰਸ ਦੇ ਸਾਰੇ ਹੀ ਸੀਨੀਅਰ ਆਗੂ ਪਹੁੰਚੇ ਹੋਏ ਹਨ। ਇਹਨਾਂ ਵਿਚ ਚਰਨਜੀਤ ਸਿੰਘ ਚੰਨੀ, ਸ਼ਮਸ਼ੇਰ ਸਿੰਘ ਦੂਲੋਂ ਸੁਖਪਾਲ ਸਿੰਘ ਖਹਿਰਾ ,ਸੁਖਜਿੰਦਰ ਰੰਧਾਵਾ, ਸੁਖਪਾਲ ਖਹਿਰਾ, ਤ੍ਰਿਪਤ ਬਾਜਵਾ, ਰਾਜ ਕੁਮਾਰ ਵੇਰਕਾ, ਸੁੱਖ ਸਰਕਾਰੀਆ, ਵਿਜੇ ਇੰਦਰ ਸਿੰਗਲਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ, ਨਵਤੇਜ ਚੀਮਾ, ਅਸ਼ਵਨੀ ਸੇਖੜੀ, ਹਰੀਸ਼ ਚੌਧਰੀ, ਭਾਰਤ ਭੂਸ਼ਣ ਆਸ਼ੂ, ਪ੍ਰਤਾਪ ਬਾਜਵਾ, ਗੁਰਪ੍ਰੀਤ ਕਾਂਗੜ, ਰਾਜ ਕੁਮਾਰ ਚੱਬੇਵਾਲ, ਗੁਰਕੀਰਤ ਕੋਟਲੀ, ਜਸਬੀਰ ਸਿੰਘ ਡਿੰਪਾ, ਸੰਗਤ ਸਿੰਘ ਗਿਲਜੀਆਂ ਆਦਿ ਆਗੂ ਸ਼ਾਮਲ ਸਨ।

Exit mobile version