The Khalas Tv Blog India ਕੌਣ ਆਪਣੇ ਘਰਵਾਲੇ ਨੂੰ ਅਰੂਸਾ ਕੋਲ ਜਾਣ ਤੋਂ ਰੋਕਦੀ ਸੀ !
India Punjab

ਕੌਣ ਆਪਣੇ ਘਰਵਾਲੇ ਨੂੰ ਅਰੂਸਾ ਕੋਲ ਜਾਣ ਤੋਂ ਰੋਕਦੀ ਸੀ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਔਰਤ ਮਿੱਤਰ ਅਰੂਸਾ ਆਲਮ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਜਿਹੜੀ ਵੀ ਪੋਸਟਿੰਗ ਪੰਜਾਬ ਵਿੱਚ ਹੋਈ ਹੈ, ਕੋਈ ਵੀ ਬਿਨਾ ਅਟੈਚੀ ਦੇ, ਅਰੂਸਾ ਆਲਮ ਨੂੰ ਬਿਨਾਂ ਗਿਫਟ ਦਿੱਤੇ ਨਹੀਂ ਹੋਈ ਹੈ। ਸਾਡੇ ਵਰਗਿਆਂ ਦੀ ਇਸ ਲਈ ਨਹੀਂ ਬਣੀ ਕਿਉਂਕਿ ਮੈਂ ਆਪਣੇ ਘਰਵਾਲੇ ਨੂੰ ਅਰੂਸਾ ਦੇ ਨੇੜੇ ਨਹੀਂ ਜਾਣ ਦਿੱਤਾ। ਅਰੂਸਾ ਅਟੈਚੀ ਵਾਲੇ ਪੈਸੇ ਦੁਬਈ ਅਤੇ ਇੰਗਲੈਂਡ ਲੈ ਕੇ ਭੱਜ ਗਈ। ਹਰ ਅਕਾਲੀ ਬੰਦਾ ਉਸਦੇ ਕੋਲ ਡਾਇਮੰਡ ਦੇ ਸੈੱਟ ਤੋਂ ਬਿਨਾਂ ਨਹੀਂ ਜਾਂਦਾ ਸੀ। ਕੋਈ ਵੀ ਬੰਦਾ ਅਟੈਚੀ ਤੋਂ ਬਿਨਾਂ ਚੇਅਰਮੈਨ ਨਹੀਂ ਲੱਗਦਾ ਸੀ। ਪੁਲਿਸ ਦੀ ਕੋਈ ਵੀ ਵੱਡੀ ਪੋਸਟਿੰਗ ਅਰੂਸਾ ਆਲਮ ਤੋਂ ਬਿਨਾਂ ਨਹੀਂ ਹੁੰਦੀ ਸੀ। ਉਸਦੇ ਕੋਲ ਅਟੈਚੀ ਜਾਂਦਾ ਸੀ ਅਤੇ ਇਹ ਓਪਨ ਸੀਕਰੇਟ ਹੈ। ਹੁਣ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਉਸਦੇ ਪਿੱਛੇ-ਪਿੱਛੇ ਜਾਣ ਅਤੇ ਉਸ ਪੈਸੇ ‘ਤੇ ਨਿਗ੍ਹਾ ਰੱਖਣ ਨਹੀਂ ਤਾਂ ਉਹ ਪੈਸਾ ਵੀ ਉਨ੍ਹਾਂ ਦੇ ਹੱਥੋਂ ਚਲਾ ਜਾਵੇਗਾ, ਇਸ ਲਈ ਉਸ ਪੈਸੇ ਨਾਲ ਉਹ ਆਪ ਵੀ ਥੋੜ੍ਹੀ ਬਹੁਤ ਐਸ਼ ਕਰ ਲੈਣ।

ਗਰੇਵਾਲ ਨੇ ਪੂਰਿਆ ਕੈਪਟਨ ਦਾ ਪੱਖ

ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਇਸ ‘ਤੇ ਇੱਕ ਹਿਸਾਬ ਦੇ ਨਾਲ ਕੈਪਟਨ ਦਾ ਸਾਥ ਦਿੰਦਿਆਂ ਕਿਹਾ ਕਿ ਇਹ ਸਾਢੇ ਚਾਰ ਸਾਲ ਇਸ ਮਸਲੇ ‘ਤੇ ਕੁੱਝ ਨਹੀਂ ਬੋਲੇ, ਨਵਜੋਤ ਕੌਰ ਸਿੱਧੂ ਤਾਂ ਉਨ੍ਹਾਂ ਦੀ ਵਜ਼ਾਰਤ ਵਿੱਚ ਵੀ ਰਹੇ। ਗਰੇਵਾਲ ਨੇ ਨਵਜੋਤ ਕੌਰ ਸਿੱਧੂ ਦੇ ਉਸ ਬਿਆਨ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਜਿਸ ਵਿੱਚ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਘਰਵਾਲੇ ਨੂੰ ਅਰੂਸਾ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਸੀ, ਇਸ ‘ਤੇ ਗਰੇਵਾਲ ਨੇ ਕਿਹਾ ਕਿ ਕੀ ਉਨ੍ਹਾਂ ਨੂੰ ਆਪਣੇ ਘਰਵਾਲੇ ‘ਤੇ ਸ਼ੱਕ ਸੀ। ਇਸ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਤੁਸੀਂ ਪਹਿਲਾਂ ਕੋਈ ਸਬੂਤ ਲੈ ਕੇ ਆਉ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਹੋਰ ਤਾਂ ਬਹੁਤ ਗੱਲਾਂ ਸੁਣੀਆਂ ਸਨ ਪਰ ਇਹ ਗੱਲ ਨਹੀਂ ਸੁਣੀ ਸੀ ਕਿ ਉਹ ਪੈਸੇ ਵੀ ਲੈਂਦੇ ਹਨ। ਇਨ੍ਹਾਂ ਨੂੰ ਸਬੂਤ ਦੇਣੇ ਚਾਹੀਦੇ ਹਨ।

ਗਰੇਵਾਲ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਦੇ ਬਿਆਨ ਰੰਧਾਵਾ ਦੇ ਰਹੇ ਹਨ, ਇਹ ਪੰਜਾਬ ਦੇ ਵਿਕਾਸ, ਪੰਜਾਬ ਦੀਆਂ ਸਮੱਸਿਆਵਾਂ ਦੇ ਲਈ ਲਾਹੇਵੰਦ ਨਹੀਂ ਹਨ। ਜੇ ਕੈਪਟਨ ਅੱਜ ਸੱਤਾ ਤੋਂ ਬਾਹਰ ਹੋ ਗਏ ਹਨ ਤਾਂ ਉਨ੍ਹਾਂ ‘ਤੇ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ। ਜਾਂਚ ਦੀ ਤਾਂ ਕੋਈ ਗੱਲ ਨਹੀਂ ਹੈ ਪਰ ਵਿੱਚੋਂ ਨਿਕਲਣਾ ਕੁੱਝ ਨਹੀਂ ਹੈ, ਲੋਕਾਂ ਦਾ ਧਿਆਨ ਭਟਕਾ ਰਹੇ ਹਨ। ਇਹ ਪੰਜਾਬ ਦੇ ਅਸਲੀ ਮੁੱਦਿਆਂ ਦੀ ਗੱਲ ਕਰਨ। ਮੈਂ ਇਨ੍ਹਾਂ ਨੂੰ ਇੱਕੋ ਹੀ ਅਪੀਲ ਕਰਦਾ ਹਾਂ ਕਿ ਮੌਕਾ ਵੇਖ ਕੇ ਮੌਕਾਪ੍ਰਸਤੀ ਨਾ ਵਿਖਾਉਣ।

ਜਦੋਂ ਇੱਕ ਪੱਤਰਕਾਰ ਵੱਲੋਂ ਗਰੇਵਾਲ ਨੂੰ ਸਵਾਲ ਕੀਤਾ ਗਿਆ ਕਿ ਕੈਪਟਨ ਨੇ ਤਾਂ ਹਾਲੇ ਆਪਣੀ ਪਾਰਟੀ ਦਾ ਐਲਾਨ ਵੀ ਨਹੀਂ ਕੀਤਾ ਤੇ ਬੀਜੇਪੀ ਪਹਿਲਾਂ ਹੀ ਕੈਪਟਨ ਦੇ ਡਿਫੈਂਸ ਮੂਡ ਵਿੱਚ ਆ ਗਈ ਹੈ ਤਾਂ ਗਰੇਵਾਲ ਨੇ ਜਵਾਬ ਦਿੱਤਾ ਕਿ ਅਸੀਂ ਡਿਫੈਂਸ ਦੇ ਮੂਡ ਵਿੱਚ ਨਹੀਂ ਹਾਂ, ਇਹ ਤਾਂ ਸਾਰੇ ਹੱਥ ਧੋ ਕੇ ਇੱਕ ਬੰਦੇ ਦੇ ਹੀ ਪਿੱਛੇ ਪੈ ਗਏ ਹਨ। ਅਸੀਂ ਤਾਂ ਸਿਰਫ ਉਸਨੂੰ ਬਚਾ ਰਹੇ ਹਾਂ ਜਿਸਨੇ ਕੋਈ ਗਲਤੀ ਨਹੀਂ ਕੀਤੀ। ਅਸੀਂ ਇਨ੍ਹਾਂ ਚੀਜ਼ਾਂ ਨੂੰ ਭਾਵ ਨਿੱਜੀ ਕੰਮਾਂ ਵਿੱਚ ਕਦੇ ਦਖਲ ਨਹੀਂ ਦਿੱਤਾ, ਅਸੀਂ ਸਿਰਫ ਪੰਜਾਬ ਦੀ ਗੱਲ ਕਰਦੇ ਹਾਂ। ਕਾਂਗਰਸੀਆਂ ਨੂੰ ਇਨ੍ਹਾਂ ਚੀਜ਼ਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਦਿਲਚਸਪੀ ਹੈ। ਇਹ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਭਟਕਾ ਰਹੇ ਹਨ। ਇਸ ਮਾਮਲੇ ਬਾਰੇ ਇਹ ਕੋਈ ਸਬੂਤ ਦੇ ਕੇ ਜਾਂਚ ਕਰਵਾਉਣ ਤੇ ਜਾਂ ਫਿਰ ਇਸ ਤਰ੍ਹਾਂ ਦੇ ਬਿਆਨਾਂ ‘ਤੇ ਬਰੇਕ ਲਾਉਣ। ਜੇ ਇਹ ਇੱਦਾਂ ਹੀ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਦੁਰਦਸ਼ਾ ਹੋ ਜਾਵੇਗੀ।

Exit mobile version