‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਪ੍ਰਚਾਰ ਦੌਰਾਨ ਸਿੱਖਾਂ ਨਾਲ ਖ਼ਾਸ ਤੇਹ ਦਿਖਾਉਣ ਤੋਂ ਬਾਅਦ ਹੁਣ ਸੰਤਾਂ-ਮਹੰਤਾਂ ਨਾਲ ਮੁਲਾਕਾਤਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਨਰਿੰਦਰ ਮੋਦੀ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ‘ਤੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਹੋਰਾਂ ਨਾਲ ਮੀਟਿੰਗ ਕੀਤੀ। ਅੱਜ ਦੀ ਮੀਟਿੰਗ ਵਿੱਚ ਜਿਹੜੇ ਹੋਰ ਪ੍ਰਮੁੱਖ ਸਿੱਖ ਨੇਤਾ ਪਹੁੰਚੇ, ਉਨ੍ਹਾਂ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਦੇ ਨਾਂ ਦੱਸੇ ਜਾਂਦੇ ਹਨ। ਮੀਟਿੰਗ ਦੇ ਵੇਰਵਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਡੇਰਾ ਰਾਧਾਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਦੋ ਵਾਰ ਮੁਲਾਕਾਤ ਕੀਤੀ ਜਾ ਚੁੱਕੀ ਹੈ। ਇਸ ਤੋਂ ਬਿਨਾਂ ਡੇਰਾ ਸਿਰਸਾ ਨਾਲ ਵੀ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ ਹੈ ਅਤੇ ਡੇਰੇ ਦੇ ਮੁਖੀ ਰਾਮ ਰਹੀਮ ਵੱਲੋਂ ਅੱਜ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੰਤ ਸਮਾਜ ਵੱਲੋਂ ਪਹਿਲਾਂ ਹੀ ਹਮਾਇਤ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਬਿਨਾਂ ਉਦਾਸੀ ਨਿਰਮਲਾ ਕਾਰ ਸੇਵਾ ਅਤੇ ਨਿਹੰਗ ਜਥੇਬੰਦੀਆਂ ਅਕਾਲੀ ਦਲ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਕਾਂਗਰਸ ਪਾਰਟੀ ਵੱਲੋਂ ਡੇਰਾ ਸੱਚਖੰਡ ਬੱਲਾਂ ਤੋਂ ਵੱਡੀ ਉਮੀਦ ਲਗਾਈ ਜਾ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਨਾਲ ਵੀ ਸੰਪਰਕ ਵਿੱਚ ਹਨ। ਸਿਆਸੀ ਨੇਤਾਵਾਂ ਦੇ ਨਰਿੰਦਰ ਮੋਦੀ ਜਾਂ ਭਾਜਪਾ ਦੇ ਪ੍ਰਭਾਵ ਵਿੱਚ ਪਾਸਾ ਬਦਲਣ ਦੀ ਸਮਝ ਤਾਂ ਆ ਰਹੀ ਹੈ ਪਰ ਧਾਰਮਿਕ ਸ਼ਖਸੀਅਤਾਂ ਦਾ ਮੋਦੀ ਦੇ ਸੱਦੇ ‘ਤੇ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚਣਾ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦਾ ਹੈ ਅਤੇ ਚਿੰਤਾ ਦਾ ਵਿਸ਼ਾ ਵੀ ਬਣ ਰਿਹਾ ਹੈ।