ਹਰਿਆਣਾ : ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਬਾਅਦ ਨਾਇਬ ਸੈਣੀ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਹ ਮਨੋਹਰ ਲਾਲ ਖੱਟਰ ਦੀ ਥਾਂ ਆਏ ਹਨ। ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਭਾਜਪਾ ਅਤੇ ਜੇਜੇਪੀ ਦਾ ਗਠਜੋੜ ਟੁੱਟਣ ਅਤੇ ਮਨੋਹਰ ਲਾਲ ਖੱਟਰ ਦੇ ਅਸਤੀਫੇ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਹੋਈ ਸੀ। ਮੰਗਲਵਾਰ ਸਵੇਰੇ ਹੀ ਮਨੋਹਰ ਲਾਲ ਖੱਟਰ ਨੇ ਪੂਰੇ ਮੰਤਰੀ ਮੰਡਲ ਸਮੇਤ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ।
ਸਹੁੰ ਚੁੱਕਣ ਤੋਂ ਬਾਅਦ ਨਾਇਬ ਸੈਣੀ ਨੇ ਮਨੋਹਰ ਲਾਲ ਖੱਟਰ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਉਨ੍ਹਾਂ ਦੇ ਨਾਲ ਪੰਜ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ।
ਨਾਇਬ ਸੈਣੀ ਦੀ ਕੈਬਨਿਟ ‘ਚ ਕੌਣ-ਕੌਣ ਸ਼ਾਮਿਲ ਸਨ?
- ਕੰਵਰਪਾਲ ਸਿੰਘ ਗੁਰਜਰ
- ਮੂਲਚੰਦ ਸ਼ਰਮਾ
- ਰਣਜੀਤ ਸਿੰਘ ਚੌਟਾਲਾ
- ਜੈਪ੍ਰਕਾਸ਼ ਦਲਾਲ
- ਡਾ ਬਨਵਾਰੀ ਲਾਲ
ਹਰਿਆਣਾ ਵਿਚ ਭਾਜਪਾ ਦੇ 41 ਵਿਧਾਇਕ ਹਨ ਅਤੇ ਉਸ ਨੂੰ 5 ਆਜ਼ਾਦ ਵਿਧਾਇਕਾਂ ਅਤੇ ਹਰਿਆਣਾ ਲੋਕਹਿਤ ਪਾਰਟੀ ਦੇ ਗੋਪਾਲ ਕਾਂਡਾ ਦਾ ਸਮਰਥਨ ਹਾਸਲ ਹੈ। 90 ਵਿਧਾਇਕਾਂ ਵਾਲੀ ਹਰਿਆਣਾ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕਰਨ ਲਈ 46 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ।