The Khalas Tv Blog India ਜਹਾਜ਼ਾਂ ’ਚ ਬੰਬ ਦੀਆਂ ਫੋਕੀਆਂ ਧਮਕੀਆਂ ਦੇਣ ਵਾਲਾ ਕਾਬੂ! ਅੱਤਵਾਦ ’ਤੇ ਲਿਖ ਚੁੱਕਾ ਹੈ ਕਿਤਾਬ
India

ਜਹਾਜ਼ਾਂ ’ਚ ਬੰਬ ਦੀਆਂ ਫੋਕੀਆਂ ਧਮਕੀਆਂ ਦੇਣ ਵਾਲਾ ਕਾਬੂ! ਅੱਤਵਾਦ ’ਤੇ ਲਿਖ ਚੁੱਕਾ ਹੈ ਕਿਤਾਬ

ਬਿਉਰੋ ਰਿਪੋਰਟ: ਆਖ਼ਰ ਜਹਾਜ਼ਾਂ ਵਿੱਚ ਬੰਬ ਦੀ ਧਮਕੀ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਇੱਕ ਹੋਰ ਮੁਲਜ਼ਮ ਦੀ ਪਛਾਣ ਹੋ ਗਈ ਹੈ। ਨਾਗਪੁਰ ਪੁਲਿਸ ਮੁਤਾਬਕ ਇਹ ਮਹਾਰਾਸ਼ਟਰ ਦੇ ਗੋਂਡੀਆ ਦਾ ਰਹਿਣ ਵਾਲਾ ਜਗਦੀਸ਼ ਉਈਕੇ (35) ਹੈ। ਉਸਨੇ ਅੱਤਵਾਦ ’ਤੇ ਇੱਕ ਕਿਤਾਬ ਵੀ ਲਿਖੀ ਹੈ। ਡੀਸੀਪੀ ਸ਼ਵੇਤਾ ਖੇਡਕਰ ਨੇ ਦੱਸਿਆ ਕਿ ਪੁਲਿਸ ਟੀਮ ਨੇ ਫਰਜ਼ੀ ਈਮੇਲਾਂ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਟਰੇਸ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫ਼ਰਾਰ ਹੈ, ਜਿਸ ਨੂੰ ਫੜਨ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਉਸ ਨੂੰ 2021 ਵਿੱਚ ਇੱਕ ਕੇਸ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਜਗਦੀਸ਼ ਨੇ ਕਈ ਮੰਤਰਾਲਿਆਂ ਨੂੰ ਭੇਜੇ ਸਨ ਈਮੇਲ

ਨਾਗਪੁਰ ਪੁਲਿਸ ਨੇ ਦੱਸਿਆ ਕਿ ਜਗਦੀਸ਼ ਉਈਕੇ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ), ਰੇਲ ਮੰਤਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਅਤੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਸਮੇਤ ਕਈ ਸਰਕਾਰੀ ਦਫ਼ਤਰਾਂ ਨੂੰ ਈਮੇਲ ਭੇਜੇ ਸਨ। ਇਸ ਤੋਂ ਬਾਅਦ ਸੋਮਵਾਰ 28 ਅਕਤੂਬਰ ਨੂੰ ਨਾਗਪੁਰ ਪੁਲਿਸ ਨੇ ਸ਼ਹਿਰ ਵਿੱਚ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਸੀ।

ਜਗਦੀਸ਼ ਨੇ ਈਮੇਲ ਵਿੱਚ ਧਮਕੀ ਭਰਿਆ ਲਿਖਿਆ ਸੀ ਕਿ ਮੈਨੂੰ ਗੁਪਤ ਅੱਤਵਾਦੀ ਕੋਡ ਦੀ ਜਾਣਕਾਰੀ ਦੇਣ ਦਾ ਮੌਕਾ ਦਿੱਤਾ ਜਾਵੇ। ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਉਨ੍ਹਾਂ ਨੂੰ ਅੱਤਵਾਦੀ ਖ਼ਤਰਿਆਂ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ। ਜੇਕਰ ਮੈਨੂੰ ਮਿਲਣ ਦਾ ਮੌਕਾ ਨਾ ਦਿੱਤਾ ਗਿਆ ਤਾਂ ਮੈਂ ਵਿਰੋਧ ਕਰਾਂਗਾ। ਜਗਦੀਸ਼ ਨੇ 21 ਅਕਤੂਬਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਈਮੇਲ ਵੀ ਭੇਜੀ ਸੀ।

ਦੋ ਨੌਜਵਾਨ ਪਹਿਲਾਂ ਕੀਤੇ ਕਾਬੂ

ਦੱਸ ਦੇਈਏ ਦੋ ਹਫ਼ਤਿਆਂ ਵਿੱਚ 400 ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਫੋਕੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਦੋ ਨੌਜਵਾਨ ਪਹਿਲਾਂ ਹੀ ਫਰਜ਼ੀ ਧਮਕੀਆਂ ਦਿੰਦੇ ਫੜੇ ਜਾ ਚੁੱਕੇ ਹਨ। ਦਿੱਲੀ ਪੁਲਿਸ ਨੇ 25 ਸਾਲਾ ਸ਼ੁਭਮ ਉਪਾਧਿਆਏ ਨੂੰ 26 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ 25 ਅਕਤੂਬਰ ਨੂੰ ਆਈਜੀਆਈ ਹਵਾਈ ਅੱਡੇ ’ਤੇ ਇਕ ਫਲਾਈਟ ’ਤੇ ਬੰਬ ਦੀਆਂ ਦੋ ਝੂਠੀਆਂ ਧਮਕੀਆਂ ਪੋਸਟ ਕੀਤੀਆਂ ਸਨ। ਅਜਿਹਾ ਉਸ ਨੇ ਮਸ਼ਹੂਰ ਹੋਣ ਲਈ ਕੀਤਾ।

ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਛੱਤੀਸਗੜ੍ਹ ਦੇ ਰਾਜਨੰਦਗਾਓਂ ਤੋਂ ਇੱਕ 17 ਸਾਲਾ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਸੀ। ਉਸਨੇ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਵਿੱਚ ਦੋਸਤ ਨੂੰ ਫਸਾਉਣ ਲਈ ਉਸਦੇ ਨਾਂ ਤੋਂ X ਖ਼ਾਤਾ ਬਣਾ ਕੇ 14 ਅਕਤੂਬਰ ਨੂੰ 4 ਉਡਾਣਾਂ ਵਿੱਚ ਬੰਬ ਹੋਣ ਦੀ ਝੂਠੀ ਪੋਸਟ ਕੀਤੀ ਸੀ।

Exit mobile version