The Khalas Tv Blog Punjab ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ !
Punjab

ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ !

ਬਿਉਰੋ ਰਿਪੋਰਟ : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਜੋਤ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ 30 ਅਕਤੂਬਰ ਨੂੰ ਹੈ । ਪਰ ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਰ ਸਜਾਏ ਗਏ । ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਨੂੰ ਰਵਾਨਾ ਕੀਤਾ । ਇਸ ਮੌਕੇ ਹੈਲੀਕਾਪਟਰ ਦੇ ਜ਼ਰੀਏ ਸ਼੍ਰੀ ਦਰਬਾਰ ਸਾਹਿਬ ਅਤੇ ਸੰਗਤਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ । ਇਹ ਅਲੋਕਿਕ ਨਜ਼ਾਰਾ ਵੇਖਣ ਵਾਲਾ ਸੀ। ਇਸ ਤੋਂ ਇਲਾਵਾ ਰਸਤੇ ਵਿੱਚ ਵੀ ਸੰਗਤਾਂ ਫੁੱਲਾਂ ਦੇ ਨਾਲ ਨਗਰ ਕੀਰਤਨ ਦਾ ਸੁਆਗਤ ਕਰ ਰਹੀਆਂ ਸਨ ।

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਏ ਨਗਰ ਕੀਰਤਨ ਵਿੱਚ ਸਕੂਲੀ ਬੱਚੇ,ਕੀਰਤਨੀ ਜਥੇ ਮੌਜੂਦ ਸਨ । ਥਾਂ-ਥਾਂ ‘ਤੇ ਸੰਗਤਾਂ ਦਾ ਸੁਆਗਤ ਕਰਨ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ । ਉਧਰ ਪੁਲਿਸ ਨੇ ਲੋਕਾਂ ਨੂੰ ਅੰਮ੍ਰਿਤਸਰ ਦੇ ਸਾਰੇ ਗੇਟਾਂ ਦੇ ਬਾਹਰ ਰਿੰਗ ਰੋਡ ‘ਤੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਵਰਤੋਂ ਨਹੀਂ ਕਰਨ ਦਿੱਤਾ ।

ਨਗਰ ਕੀਰਤਨ ਦਾ ਰੂਟ

ਨਗਰ ਕੀਰਤਨ ਦਾ ਰੂਟ ਪਹਿਲਾਂ ਤੋਂ ਹੀ ਤੈਅ ਸੀ । ਦਰਬਾਰ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਜਲਿਆਂਵਾਲਾ ਬਾਗ,ਮੰਡੀ ਚੌਕ,ਸ਼ੇਰਾਂ ਵਾਲਾ ਗੇਟ,ਮਹਾ ਸਿੰਘ ਗੇਟ,ਚੌਕ ਰਾਮ ਬਾਗ,ਹਾਲ ਗੇਟ,ਹਾਥੀ ਗੇਟ,ਲੋਹਗੜ੍ਹ ਗੇਟ,ਲਾਹੌਰੀ ਗੇਟ,ਬੇਰੀ ਗੇਟ,ਖਜ਼ਾਨਾ ਗੇਟ, ਗੇਟ ਹਕੀਮਾਂ, ਭਗਤਾਂ ਵਾਲਾ ਚੌਕ,ਸੁਲਤਾਨਵਿੰਡ ਤੋਂ ਹੁੰਦੇ ਹੋਏ ਸ਼੍ਰੀ ਦਰਬਾਰ ਸਾਹਿਬ ਸਮਾਪਤ ਹੋਇਆ ।

ਪੁਲਿਸ ਵੱਲੋਂ ਖਾਸ ਇੰਤਜ਼ਾਮ

ਨਗਰ ਕੀਰਤਨ ਦੀ ਵਜ੍ਹਾ ਕਰਕੇ ਲੋਕਾਂ ਨੂੰ ਕੋਈ ਪਰੇਸ਼ਾਨ ਨਾ ਹੋਵੇ ਇਸ ਦੇ ਲਈ ਪੁਲਿਸ ਨੇ ਖਾਸ ਇੰਤਜ਼ਾਮ ਕੀਤੇ ਸਨ । ਰਿੰਗ ਰੋਡ ‘ਤੇ ਬਣੀ ਫੋਰ ਲੈਨ ਦੀ ਇੱਕ ਸਾਈਡ ਨੂੰ ਬੰਦ ਕਰ ਦਿੱਤਾ ਗਿਆ ਸੀ । ਦੂਜੀ ਸਾਈਡ ਆਮ ਲੋਕਾਂ ਦੇ ਲਈ ਖੋਲ ਦਿੱਤੀ ਗਈ ਸੀ। 12 ਵਜੇ ਤੋਂ 1 ਵਜੇ ਤੱਕ ਨਗਰ ਕੀਰਤਨ ਰਿੰਗ ਰੋਡ ‘ਤੇ ਪਹੁੰਚਿਆ।

ਅੱਜ ਸ਼੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਏ

ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਨਿੱਚਰਵਾਰ 28 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਜਿਸ ਦੀ ਸਮਾਪਤੀ 30 ਅਕਤੂਬਰ ਨੂੰ ਹੋਵੇਗੀ । 29 ਅਕਤੂਬਰ ਨੂੰ ਕੀਰਤਨ ਦਰਬਾਰ ਹੋਵੇਗਾ ਅਤੇ 30 ਅਕਤੂਬਰ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦਰਬਾਰ ਸਾਹਿਬ ਦੇ ਅੰਦਰ ਸੁੰਦਰ ਜਲੌਅ ਸਜਾਏ ਜਾਣਗੇ।

Exit mobile version