The Khalas Tv Blog Punjab ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਕੀਤੀ ਇੱਕ ਖ਼ਾਸ ਅਪੀਲ, ਇਨ੍ਹਾਂ ਲੀਡਰਾਂ ਨੂੰ ਵੋਟ ਨਾ ਪਾਉਣ ਲਈ ਕਿਹਾ…
Punjab

ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਕੀਤੀ ਇੱਕ ਖ਼ਾਸ ਅਪੀਲ, ਇਨ੍ਹਾਂ ਲੀਡਰਾਂ ਨੂੰ ਵੋਟ ਨਾ ਪਾਉਣ ਲਈ ਕਿਹਾ…

Musewala's father made a special appeal to the people

Musewala's father made a special appeal to the people ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਆਪਣੇ ਘਰ ਮਿਲਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸਾਖੀ ਦਿਵਸ ਮੌਕੇ ਸਰਕਾਰ ਨੇ ਧਾਰਮਿਕ ਸਥਾਨਾਂ ‘ਤੇ ਖ਼ੌਫ਼ਨਾਕ ਮਾਹੌਲ ਸਿਰਜਿਆ, ਸੰਗਤ ਸਹਿਮ ਵਿੱਚ ਸੀ, ਹਰੇਕ ਦੀਆਂ ਤਲਾਸ਼ਾਂ ਲਈਆਂ ਗਈਆਂ। ਜੇ ਅਸੀਂ ਧਾਰਮਿਕ ਸਥਾਨਾਂ ਉੱਤੇ ਜਾਂਦਿਆਂ ਵੀ ਡਰ ਮਹਿਸੂਸ ਕਰਾਂਗੇ ਤਾਂ ਫਿਰ ਅਸੀਂ ਆਪਣਾ ਖ਼ੌਫ਼ ਕਿੱਥੇ ਛੱਡ ਕੇ ਜਾਵਾਂਗੇ।

ਸਰਕਾਰ ਮੂਸੇਵਾਲਾ ਦੇ ਇਨਸਾਫ਼ ਵਿੱਚ ਬਹੁਤ ਦੇਰ ਕਰ ਰਹੀ ਹੈ ਪਰ ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਸਰਕਾਰ ਨੇ ਵਿਸਾਖੀ ਤੱਕ ਦਾ ਸਮਾਂ ਦਿੱਤਾ ਸੀ ਪਰ ਹਾਲੇ ਤੱਕ ਕੁਝ ਨਹੀਂ ਹੋਇਆ।

ਮੀਡੀਆ ਨੂੰ ਤਾੜਨਾ ਕਰਦਿਆਂ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹਰੇਕ ਮਸਲੇ ਵਿੱਚ ਮੂਸੇਵਾਲਾ ਕਤਲਕਾਂਡ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ। ਪਰਿਵਾਰ ਨੂੰ ਲੈ ਕੇ ਬੇਮਤਬਲ ਦੀਆਂ ਝੂਠੀਆਂ ਖਬਰਾਂ ਬਣਾਈਆਂ ਜਾ ਰਹੀਆਂ ਹਨ।

ਮੂਸੇਵਾਲਾ ਦੇ ਪਿਤਾ ਨੇ ਏਜੰਸੀਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਏਜੰਸੀਆਂ ਉਨ੍ਹਾਂ ਦਾ ਫੋਨ ਜਦੋਂ ਮਰਜ਼ੀ ਚੈੱਕ ਕਰ ਲੈਣ। ਏਜੰਸੀਆਂ ਜਿੱਥੋਂ ਤੱਕ ਜਾਂਚ ਪੜਤਾਲ ਕਰ ਸਕਦੀਆਂ ਹਨ, ਕਰ ਲੈਣ ਪਰ ਅਸੀਂ ਝੂਠ ਬਰਦਾਸ਼ਤ ਨਹੀਂ ਕਰਾਂਗੇ।

ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਵੀਡੀਓ ਕਾਲ ਦਾ ਜ਼ਿਕਰ ਕਰਦਿਆਂ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਉਸਦੀ ਵੀਡੀਓ ਦਾ ਹਾਲੇ ਤੱਕ ਕੋਈ ਹੱਲ ਕਿਉਂ ਨਹੀਂ ਹੋਇਆ। ਬਿਸ਼ਨੋਈ ਨੂੰ ਛੱਡ ਕੇ ਤੁਸੀਂ ਬੇਕਸੂਰ ਨੌਜਵਾਨਾਂ ‘ਤੇ ਸ਼ਿਕੰਜਾ ਕਸ ਰਹੇ ਹੋ। ਇਨ੍ਹਾਂ ਨੂੰ ਲਾਰੈਂਸ ਦੀ ਕੋਈ ਗਲਤੀ ਨਹੀਂ ਲੱਗ ਰਹੀ। ਜੇਲ੍ਹ ਮੰਤਰੀ ਸੀਐੱਮ ਮਾਨ ਖੁਦ ਹਨ ਤਾਂ ਫਿਰ ਉਨ੍ਹਾਂ ਨੇ ਇਸ ਮਸਲੇ ਵਿੱਚ ਕੀ ਕਾਰਵਾਈ ਕੀਤੀ ਹੈ, ਇਸਦਾ ਸਾਨੂੰ ਜਵਾਬ ਚਾਹੀਦਾ ਹੈ। ਮੁਲਜ਼ਮ ਇਨ੍ਹਾਂ ਕੋਲ ਗ੍ਰਿਫਤਾਰ ਹੈ, ਇਹ ਕਿਹੜੀ ਇਨਕੁਆਇਰੀ ਦੀ ਗੱਲ ਕਰ ਰਹੇ ਹਨ।

ਮੂਸੇਵਾਲਾ ਦੇ ਪਿਤਾ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਤੁਸੀਂ ਸੱਚੀ ਵਿੱਚ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਸੈਂਟਰ ਅਤੇ ਜੋ ਇੱਥੇ ਲੀਡਰ ਹਨ, ਇਨ੍ਹਾਂ ਨੂੰ ਵੋਟ ਨਾ ਦਿਓ। ਇਹ ਲੀਡਰ ਸਾਡੇ ਲਈ ਚੰਗੇ ਨਹੀਂ ਹਨ, ਇਨ੍ਹਾਂ ਨੂੰ ਮੂੰਹ ਨਾ ਲਾਓ। ਇਨ੍ਹਾਂ ਦੋਵਾਂ ਨੂੰ ਮੂੰਹ ਨਾ ਲਾਓ, ਹੋਰ ਜਿਸਨੂੰ ਮਰਜ਼ੀ ਵੋਟ ਪਾ ਦਿਓ।

ਗੈਂਗਸਟਰਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਕੀਤਾ ਹੀ ਕੀ ਹੈ, ਸਿਰਫ਼ ਚਾਰ ਸ਼ੂਟਰ ਹੀ ਫੜੇ ਹਨ। ਜੇ ਤੁਹਾਨੂੰ ਉਨ੍ਹਾਂ ਦਾ ਜ਼ਿਆਦਾ ਹੀ ਦੁੱਖ ਲੱਗਦਾ ਹੈ ਤਾਂ ਬੇਸ਼ੱਕ ਛੱਡ ਦਿਓ, ਜੇ ਤੁਸੀਂ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ਼੍ਹਾਂ ਵਿੱਚ ਰੱਖਣਾ ਪਸੰਦ ਕਰਦੇ ਹੋ ਤਾਂ ਰੱਖੋ, ਸਾਡੀ ਕਿਹੜਾ ਕੋਈ ਸੁਣੀ ਜਾਂਦੀ ਹੈ। ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਜੋ ਕਰਨਾ ਹੈ ਉਹ ਕਰਕੇ ਰਹਾਂਗੇ। ਅਸੀਂ ਡਰਨ ਵਾਲੇ ਨਹੀਂ ਹਾਂ, ਕਿਉਂਕਿ ਡਰਨ ਵਾਸਤੇ ਸਾਡੇ ਕੋਲ ਬਚਿਆ ਹੀ ਕੀ ਹੈ।

ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਲੋਕਾਂ ਵੱਲੋਂ ਮੂਸੇਵਾਲਾ ਨੂੰ ਯਾਦ ਰੱਖਿਆ ਜਾ ਰਿਹਾ ਹੈ। ਸਰਕਾਰ ਆਪਣੀ ਇੱਕ ਗਲਤੀ ਲੁਕਾਉਣ ਲਈ ਦੂਜੀ ਗਲਤੀ ਨਾਲ ਦੀ ਨਾਲ ਕਰ ਦਿੰਦੀ ਹੈ। ਮੂਸੇਵਾਲਾ ਦਾ ਮਸਲਾ ਦਬਾਉਣ ਲਈ ਅੰਮ੍ਰਿਤਪਾਲ ਸਿੰਘ ਵਾਲਾ ਮਸਲਾ ਉਛਾਲਿਆ ਗਿਆ। ਮੇਰੇ ਪੁੱਤ ਵੇਲੇ ਇਹ ਚੁੱਪ ਕਿਉਂ ਬੈਠੇ ਹਨ ਪਰ ਅੰਮ੍ਰਿਤਪਾਲ ਸਿੰਘ ਦੀਆਂ ਆਏ ਦਿਨ ਸੀਸੀਟੀਵੀ ਫੁਟੇਜ ਜਾਰੀ ਕਰ ਰਹੇ ਹਨ। ਇਨ੍ਹਾਂ ਗੱਲਾਂ ਕਰਕੇ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਸਾਨੂੰ ਕਿਹਾ ਜਾ ਰਿਹਾ ਹੈ ਕਿ ਅਸੀਂ ਇਸਨੂੰ ਰਾਜਨੀਤਿਕ ਕੇਸ ਬਣਾ ਰਹੇ ਹਾਂ ਪਰ ਅਸੀਂ ਤਾਂ ਆਪਣੇ ਪੁੱਤ ਦਾ ਇਨਸਾਫ਼ ਮੰਗ ਰਹੇ ਹਾਂ। ਜਿਹੜਾ ਗਲਤ ਬੰਦਿਆਂ ਦਾ ਸਾਥ ਦਿੰਦੇ ਹਨ, ਰੱਬ ਉਨ੍ਹਾਂ ਦੀ ਵਾਰੀ ਵੀ ਲਿਆਵੇਗਾ। ਜਦੋਂ ਇਨ੍ਹਾਂ ਦੇ ਆਪਣੇ ਬੱਚਿਆਂ ਉੱਤੇ ਵਾਰੀ ਆਈ, ਇਨ੍ਹਾਂ ਨੂੰ ਉਦੋਂ ਪਤਾ ਲੱਗੇਗਾ। ਹੁਣ ਇਹ ਖੁਦ ਮੈਚ ਖੇਡ ਰਹੇ ਹਨ, ਜਿਨ੍ਹਾਂ ਨੇ ਮੈਚ ਖੇਡਣੇ ਸਨ, ਉਨ੍ਹਾਂ ਨੂੰ ਤਾਂ ਤੁਸੀਂ ਦੁਨੀਆ ਤੋਂ ਅਲਵਿਦਾ ਕਰ ਰਹੇ ਹੋ।

Exit mobile version