The Khalas Tv Blog India 13 ਸਾਲ ਪਹਿਲਾਂ ਦੁਬਈ ਗਏ ਪੰਜਾਬੀ ਨੌਜਵਾਨ ਦਾ ਕਤਲ
India International Punjab

13 ਸਾਲ ਪਹਿਲਾਂ ਦੁਬਈ ਗਏ ਪੰਜਾਬੀ ਨੌਜਵਾਨ ਦਾ ਕਤਲ

ਪੰਜਾਬੀ ਆਪਣੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਪਰ ਕਈ ਵਾਰ ਅਜਿਹੀਆਂ ਮੰਦਭਾਗੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜੋ ਹਰੇਕ ਦਾ ਦਿਲ ਝੰਜੋੜ ਕੇ ਰੱਖ ਦਿੰਦਿਆਂ ਹਨ, ਅਜਿਹੀ ਹੀ ਇੱਕ ਖ਼ਬਰ ਦੁਬਈ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ – ਹਲਕਾ ਜਲੰਧਰ ਕੈਂਟ ਦੇ ਕਸਬਾ ਜਮਸ਼ੇਰ ਦੀ ਪੱਤੀ ਸੇਖੋਂ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪੰਕਜ ਡੌਲ ਵਜੋਂ ਹੋਈ ਹੈ। ਉਸ ਦੀ ਮੌਤ ਦੀ ਜਾਣਕਾਰੀ ਉਸ ਨਾਲ ਦੁਬਈ ਵਿਚ ਰਹਿੰਦੇ ਉਸ ਦੇ ਭਰਾ ਗੁਰਪ੍ਰੀਤ ਡੌਲ ਨੇ ਰਾਤ 9.30 ਵਜੇ ਫੋਨ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।

ਗੁਰਪ੍ਰੀਤ ਨੇ ਦੱਸਿਆ ਕਿ ਪੰਕਜ ਐਤਵਾਰ ਦੁਬਈ ਦੇ ਸ਼ਹਿਰ ਅਲਕੋਜ ਵਿਚ ਸਥਿਤ ਗੁਰਦੁਆਰਾ ਸਾਹਿਬ ਤੋਂ ਵਾਪਸ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਉਸ ਨੂੰ ਰਸਤੇ ਵਿਚ ਇਕ ਨੌਜਵਾਨ ਨੇ ਰੋਕ ਲਿਆ ਅਤੇ ਮਾਮੂਲੀ ਵਿਵਾਦ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੰਕਜ ਨੂੰ ਖੂਨ ਵਿਚ ਲਥਪਥ ਹਾਲਤ ਵਿਚ ਛੱਡ ਕੇ ਹੱਤਿਆਰਾ ਮੌਕੇ ਤੋਂ ਫ਼ਰਾਰ ਹੋ ਗਿਆ।

ਪੰਕਜ ਦੇ ਸਾਥੀਆਂ ਨੇ ਉਸ ਨੂੰ ਕਾਬੂ ਕਰਨਾ ਚਾਹਿਆ ਪਰ ਉਹ ਹੱਥ ਨਹੀਂ ਆਇਆ। ਅਲਕੋਜ ਸ਼ਹਿਰ ਦੀ ਪੁਲਸ ਇਸ ਸਬੰਧ ਵਿਚ ਸੂਚਿਤ ਕੀਤੇ ਜਾਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਪੁਲਿਸ ਨੇ ਹੱਤਿਆਰੇ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਕਜ 13 ਸਾਲ ਪਹਿਲਾਂ ਦੁਬਈ ਗਿਆ ਸੀ।

ਉਥੇ ਉਹ ਇਕ ਕੰਪਨੀ ਵਿਚ ਫੋਰਮੈਨ ਵਜੋਂ ਨੌਕਰੀ ਕਰਦਾ ਸੀ। ਲਗਭਗ ਇਕ ਸਾਲ ਬਾਅਦ ਉਹ ਛੁੱਟੀ ਆਉਂਦਾ ਰਹਿੰਦਾ ਸੀ। 5 ਮਹੀਨੇ ਪਹਿਲਾਂ ਵੀ ਉਹ ਰਿਸ਼ਤੇਦਾਰੀ ਵਿਚ ਕਿਸੇ ਵਿਆਹ ਸਮਾਗਮ ਵਿਚ ਹਿੱਸਾ ਲੈਣ ਲਈ ਆਇਆ ਸੀ ਅਤੇ 10 ਦਿਨ ਰਹਿ ਕੇ ਵਾਪਸ ਚਲਾ ਗਿਆ ਸੀ। ਉਸ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ।

 

Exit mobile version