ਮੁਕਤਸਰ : ਮੁਕਤਸਰ ਵਿੱਚ 23 ਸਾਲ ਦੀ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਤੋਂ ਕੰਪਨੀ ਦੇ ਲਈ ਨਿਕਲੀ ਕੁੜੀ ਜਦੋਂ ਵਾਪਸ ਨਾ ਪਰਤੀ ਤਾਂ ਪਰਿਵਾਰ ਪ੍ਰੇਸ਼ਾਨ ਹੋ ਗਿਆ। ਅਚਨਾਕ ਇੱਕ ਸ਼ਖਸ ਵੱਲੋਂ ਧੀ ਨੂੰ ਅਗਵਾ ਕਰਨ ਦੀ ਜਾਣਕਾਰੀ ਮਿਲੀ ਤਾਂ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਮੁਲਜ਼ਮ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੁਖੀ ਪਰਿਵਾਰ ਨੇ ਧੀ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਅਪੀਲ ਕੀਤੀ।
ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਇਹ ਕਿਹਾ ਥਾਣਾ ਸਦਰ ਮੁਕਤਸਰ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਮੁਤਾਬਿਕ ਇੱਕ ਵਿਅਕਤੀ ਨੇ ਦੱਸਿਆ ਕਿ ਕੁੜੀ ਇੱਕ ਨਿੱਜੀ ਕਾਰ ਕੰਪਨੀ ਵਿੱਚ 4 ਮਹੀਨੇ ਤੋਂ ਨੌਕਰੀ ਕਰ ਰਹੀ ਸੀ। ਉਹ ਰੋਜ਼ਾਨਾ ਸਵੇਰ 9 ਵਜੇ ਘਰੋਂ ਨਿਕਲਦੀ ਅਤੇ ਸ਼ਾਮ 6 ਵਜੇ ਵਾਪਸ ਪਰਤ ਆਉਂਦੀ। ਉਹ 18 ਅਪ੍ਰੈਲ ਸਵੇਰ 9 ਵਜੇ ਘਰ ਤੋਂ ਕੰਪਨੀ ਗਈ ਤਾਂ ਸ਼ਾਮ ਤੱਕ ਵਾਪਸ ਨਹੀਂ ਆਈ। ਪਰਿਵਾਰ ਨੇ ਧੀ ਦੀ ਕਾਫੀ ਭਾਲ ਕੀਤੀ,ਪਰ ਉਸ ਦਾ ਕੁਝ ਵੀ ਪਤਾ ਨਾ ਲੱਗ ਸਕਿਆ ।
ਅਗਵਾ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ ਮੁਲਜ਼ਮ
ਪਰਿਵਾਰ ਮੁਤਾਬਿਕ ਉਨ੍ਹਾਂ ਦੀ ਧੀ ਨੂੰ ਮੁਕਤਸਰ ਦੇ ਬੁੱਢਾ ਗੁੱਜਰ ਦੇ ਪ੍ਰਿੰਸ ਨੇ ਅਗਵਾ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪ੍ਰਿੰਸ ਮੇਰੀ ਕੁੜੀ ਨੂੰ ਅਗਵਾ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਰਹਿੰਦਾ ਸੀ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪ੍ਰਿੰਸ ਨੇ 23 ਸਾਲ ਦੀ ਕੁੜੀ ਨੂੰ ਕਿਉਂ ਅਗਵਾ ਕੀਤਾ ਹੈ ? ਕੀ ਮਕਸਦ ਹੈ ? ਕੀ ਕਿਸੇ ਤਰ੍ਹਾਂ ਦੀ ਫਿਰੌਤੀ ਮੰਗੀ ਗਈ ਹੈ ਜਾਂ ਇੱਕ ਤਰਫਾ ਪਿਆਰ ਦੀ ਵਜ੍ਹਾ ਕਰਕੇ ਪ੍ਰਿੰਸ ਨੇ ਇਹ ਹਰਕਤ ਕੀਤੀ ਹੈ ? ਪੁਲਿਸ ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਲੱਭਣ ਲਈ ਜਾਂਚ ਕਰ ਰਹੀ ਹੈ।