The Khalas Tv Blog India ਅੰਬਾਨੀ ਦੇ ਲੰਡਨ ਵਸਣ ਦੀਆਂ ਉੱਡੀਆਂ ਖ਼ਬਰਾਂ, ਏਸ਼ੀਆ ਦੇ ਅਮੀਰ ਪਰਿਵਾਰ ਦਾ ਵੀ ਆਇਆ ਸਪਸ਼ਟੀਕਰਨ
India International Punjab

ਅੰਬਾਨੀ ਦੇ ਲੰਡਨ ਵਸਣ ਦੀਆਂ ਉੱਡੀਆਂ ਖ਼ਬਰਾਂ, ਏਸ਼ੀਆ ਦੇ ਅਮੀਰ ਪਰਿਵਾਰ ਦਾ ਵੀ ਆਇਆ ਸਪਸ਼ਟੀਕਰਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪਿਛਲੇ ਦਿਨੀਂ ਇਕ ਖਬਰ ਉੱਡੀ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੇ ਪਰਿਵਾਰ ਸਣੇ ਲੰਡਨ ਜਾ ਕੇ ਵਸ ਰਹੇ ਹਨ। ਕੋਰੋਨਾ ਕਾਲ ਦੌਰਾਨ ਵੀ ਅਜਿਹੀਆਂ ਕਈ ਖਬਰਾਂ ਆਈਆਂ ਸਨ ਕਿ ਮੁਕੇਸ਼ ਅੰਬਾਨੀ ਦੇਸ਼ ਛੱਡ ਰਹੇ ਹਨ ਤੇ ਉਨ੍ਹਾਂ ਨੇ ਲੰਦਨ ਵਿੱਚ ਇਕ ਆਲੀਸ਼ਾਨ ਘਰ ਲੈ ਲਿਆ ਹੈ। ਇਨ੍ਹਾਂ ਅਫਵਾਹਾਂ ਦਾ ਖੰਡਨ ਕਰਦਿਆਂ ਰਿਲਾਇੰਸ ਇੰਡਸਟਰੀਜ਼ ਨੇ ਇਕ ਸਪਸ਼ਟੀਕਰਨ ਜਾਰੀ ਕੀਤਾ ਹੈ ਤੇ ਇਨ੍ਹਾਂ ਖਬਰਾਂ ਨੂੰ ਅਫਵਾਹ ਦੱਸਿਆ ਹੈ।

ਅੰਬਾਨੀ ਪਰਿਵਾਰ ਨੇ ਜੋ ਸਟੇਟਮੈਂਟ ਦਿੱਤੀ ਹੈ, ਉਸ ਅਨੁਸਾਰ ਕੰਪਨੀ ਨੇ ਕਿਹਾ ਹੈ ”ਹਾਲ ਹੀ ‘ਚ ਅਖਬਾਰਾਂ ‘ਚ ਬੇਬੁਨਿਆਦ ਰਿਪੋਰਟਾਂ ਨੇ ਅਫਵਾਹ ਫੈਲਾਈ ਹੈ ਕਿ ਅੰਬਾਨੀ ਪਰਿਵਾਰ ਲੰਡਨ ਦੇ ਸਟੋਕ ਪਾਰਕ ‘ਚ ਵੱਸਣ ਦੀ ਤਿਆਰੀ ਕਰ ਰਿਹਾ ਹੈ। ਰਿਲਾਇੰਸ ਇੰਡਸਟਰੀਜ਼ ਲਿਮਿਟਡ ਸਪੱਸ਼ਟ ਕਰਦੀ ਹੈ ਕਿ ਕੰਪਨੀ ਦੇ ਚੇਅਰਮੈਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਲੰਡਨ ਜਾਂ ਦੁਨੀਆ ਦੇ ਕਿਸੇ ਹੋਰ ਸਥਾਨ ‘ਤੇ ਵੱਸਣ ਜਾਂ ਰਹਿਣ ਦੀ ਕੋਈ ਯੋਜਨਾ ਨਹੀਂ ਹੈ। ਰਿਲਾਇੰਸ ਗਰੁੱਪ ਦੀ ਕੰਪਨੀ RIIHL ਨੇ ਹਾਲ ਹੀ ‘ਚ ਹੈਰੀਟੇਜ਼ ਪ੍ਰਾਪਟੀ ‘ਸਟੋਕ ਪਾਰਕ ਅਸਟੇਟ’ ਹਾਸਲ ਕੀਤਾ ਹੈ।”

ਅੰਗ੍ਰੇਜੀ ਅਖਬਾਰ ਮਿਡ-ਡੇਅ ਮੁਤਾਬਿਕ ਇਸ ਅਮੀਰ ਪਰਿਵਾਰ ਵੱਲੋਂ ਯੂਕੇ ਦੇ ਬਕਿੰਘਮ ਸ਼ਹਿਰ ਦੇ ਸਟੋਕ ਪਾਰਕ ਵਿਚ ਇਕ ਰਿਹਾਇਸ਼ ਬਣਾਈ ਜਾ ਰਹੀ ਹੈ। ਇਸ ਵਿੱਚ 49 ਦੇ ਕਰੀਬ ਬੈੱਡਰੂਮ ਹਨ ਤੇ ਇਹ 300 ਏਕੜ ਵਿੱਚ ਫੈਲਿਆ ਹੋਇਆ ਹੈ। ਅੰਬਾਨੀ ਪਰਿਵਾਰ ਨੇ ਇਸਦੀ ਕੀਮਤ 592 ਕਰੋੜ ਅਦਾ ਕੀਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਅੰਬਾਨੀ ਪਰਿਵਾਰ ਨੇ ਲੰਦਨ ਵਿਚਲੇ ਨਵੇਂ ਘਰ ਵਿੱਚ ਦਿਵਾਲੀ ਮਨਾਈ ਹੈ। ਇਸ ਵਿੱਚ ਆਲੀਸ਼ਾਨ ਮੰਦਰ ਬਣਾਇਆ ਗਿਆ ਹੈ, ਜਿਸ ਲਈ ਖਾਸਤੌਰ ਉੱਤੇ ਮੁੰਬਈ ਤੋਂ ਪੁਜਾਰੀ ਸੱਦੇ ਗਏ ਹਨ। ਅੰਬਾਨੀ ਪਰਿਵਾਰ ਦਾ ਮੁੰਬਈ ਦੇ ਅਲਟਾਮਾਉਂਟ ਰੋਡ ਉੱਤੇ 4 ਲੱਖ ਫੁੱਟ ਉੱਤੇ ਐਂਟੀਲੀਆ ਨਾਂ ਦਾ ਆਲੀਸ਼ਾਨ ਘਰ ਹੈ ਤੇ ਕੋਰੋਨਾ ਕਾਲ ਦੌਰਾਨ ਇਸ ਪਰਿਵਾਰ ਨੂੰ ਇਕ ਖੁਲ੍ਹੇ ਡੁੱਲ੍ਹੇ ਘਰ ਦੀ ਲੋੜ ਮਹਿਸੂਸ ਹੋਈ ਸੀ।

Exit mobile version