The Khalas Tv Blog India ਕੋਰੋਨਾ ਮਰੀਜ਼ਾਂ ਲਈ ਜਾਨਲੇਵਾ ਬਣ ਰਹੀ ‘ਕਾਲੀ ਫੰਗਲ’ ਦਾ ਕੀ ਹੈ ਰੌਲਾ, ਪੜ੍ਹੋ ਇਹ ਹੈਰਾਨ ਕਰਨ ਵਾਲੀ ਰਿਪੋਰਟ
India

ਕੋਰੋਨਾ ਮਰੀਜ਼ਾਂ ਲਈ ਜਾਨਲੇਵਾ ਬਣ ਰਹੀ ‘ਕਾਲੀ ਫੰਗਲ’ ਦਾ ਕੀ ਹੈ ਰੌਲਾ, ਪੜ੍ਹੋ ਇਹ ਹੈਰਾਨ ਕਰਨ ਵਾਲੀ ਰਿਪੋਰਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਇਸ ਸਮੇਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਕਈ ਕੋਵਿਡ-19 ਨੂੰ ਹਰਾ ਚੁੱਕੇ ਜਾਂ ਕੋਵਿਡ ਦਾ ਸ਼ਿਕਾਰ ਮਰੀਜ਼ ਮਿਊਕੋਰਮਾਇਕੋਸਿਸ ਯਾਨੀ ਬਲੈਕ ਫੰਗਸ ਨਾਲ ਵੀ ਜੂਝ ਰਹੇ ਹਨ। ਮੁੰਬਈ ਵਿੱਚ ਅੱਖਾਂ ਦੇ ਮਾਹਿਰ ਡਾ਼ ਅਕਸ਼ੇ ਨੇ ਕਿਹਾ ਕਿ ਇਸ ਬਿਮਾਰੀ ਨਾਲ ਲੜ ਰਹੇ 25 ਸਾਲ ਦੇ ਇਕ ਮਰੀਜ਼ ਦੇ ਆਪ੍ਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਮਰੀਜ਼ ਤਿੰਨ ਹਫ਼ਤੇ ਪਹਿਲਾਂ ਹੀ ਕੋਰੋਨਾਵਾਇਰਸ ਤੋਂ ਉੱਭਰਿਆ ਹੈ।

ਉਨ੍ਹਾਂ ਦੱਸਿਆ ਕਿ ਮਿਊਕੋਰਮਾਇਕੋਸਿਸ ਚਾਹੇ ਆਮ ਨਹੀਂ ਹੈ ਪਰ ਇੱਕ ਖ਼ਤਰਨਾਕ ਫੰਗਲ ਇਨਫੈਕਸ਼ਨ ਹੈ ਜੋ ਨੱਕ, ਅੱਖਾਂ ਅਤੇ ਕਈ ਵਾਰ ਦਿਮਾਗ ‘ਤੇ ਅਸਰ ਕਰਦੀ ਹੈ। ਇਹ ਇੱਕ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਹੈ ਤੇ ਇਸਦੇ ਕਣ ਮਿੱਟੀ, ਪੌਦੇ, ਖਾਦ ਅਤੇ ਸੜੇ ਗਲੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਪਾਏ ਜਾਂਦੇ ਹਨ। ਇਹ ਬਿਮਾਰੀ ਦਿਮਾਗ ਅਤੇ ਫੇਫੜਿਆਂ ਉਪਰ ਅਸਰ ਕਰਦੀ ਹੈ ਅਤੇ ਡਾਇਬਿਟੀਜ਼, ਕੈਂਸਰ ਅਤੇ ਏਡਜ਼ ਦੇ ਮਰੀਜ਼ਾਂ ਲਈ ਜਾਨਲੇਵਾ ਹੈ।

ਉਨ੍ਹਾਂ ਦੱਸਿਆ ਕਿ ਅਪਰੈਲ ਵਿੱਚ ਇਸ ਬਿਮਾਰੀ ਕਾਰਨ 40 ਮਰੀਜ਼ ਆਏ ਸਨ ਅਤੇ ਇਨ੍ਹਾਂ ਵਿੱਚੋਂ ਕਈ ਡਾਈਬੀਟੀਜ਼ ਦੇ ਮਰੀਜ਼ ਸਨ ਅਤੇ ਘਰ ਵਿੱਚ ਹੀ ਉਨ੍ਹਾਂ ਨੇ ਕੋਰੋਨਾ ਦੀ ਜੰਗ ਜਿੱਤੀ ਸੀ। ਇਨ੍ਹਾਂ ਮਰੀਜ਼ਾਂ ਵਿਚੋਂ 11 ਦੀਆਂ ਅੱਖਾਂ ਇਲਾਜ ਦੌਰਾਨ ਕੱਢਣੀਆਂ ਪਈਆਂ ਸਨ। ਦਸੰਬਰ ਅਤੇ ਫਰਵਰੀ ਵਿੱਚ ਡਾ. ਅਕਸ਼ੈ ਨਾਲ ਕੰਮ ਕਰਨ ਵਾਲੇ ਛੇ ਡਾਕਟਰਾਂ ਨੇ ਮੁੰਬਈ, ਬੰਗਲੌਰ, ਹੈਦਰਾਬਾਦ, ਦਿੱਲੀ ਅਤੇ ਪੁਣੇ ਵਿੱਚ ਇਸ ਫੰਗਲ ਇਨਫੈਕਸ਼ਨ ਦੇ 58 ਮਰੀਜ਼ਾਂ ਵਿੱਚ ਆਉਣ ਦੀ ਜਾਣਕਾਰੀ ਦਿੱਤੀ ਹੈ। ਇਸੇ ਤਰ੍ਹਾਂ ਮੁੰਬਈ ਦੇ ਸਿਓਨ ਹਸਪਤਾਲ ਦੇ ਈਐਨਟੀ ਵਿਭਾਗ ਦੀ ਮੁਖੀ ਡਾ. ਰੇਣੂਕਾ ਨੇ ਦੱਸਿਆ ਕਿ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਇਸ ਫੰਗਲ ਇਨਫੈਕਸ਼ਨ ਦੇ 24 ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 11 ਮਰੀਜ਼ਾਂ ਨੂੰ ਆਪਣੀ ਇੱਕ ਅੱਖ ਗਵਾਉਣੀ ਪਈ ਅਤੇ ਛੇ ਦੀ ਮੌਤ ਹੋ ਗਈ।

ਡਾਕਟਰਾਂ ਅਨੁਸਾਰ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੌਰਾਨ ਇਸ ਫੰਗਲ ਇਨਫੈਕਸ਼ਨ ਦੇ ਪਹਿਲੀ ਲਹਿਰ ਨਾਲੋਂ ਜ਼ਿਆਦਾ ਮਰੀਜ਼ ਆ ਰਹੇ ਹਨ। ਇਸ ਬਿਮਾਰੀ ਵਿੱਚ ਮਰੀਜ਼ਾਂ ਦੇ ਨੱਕ ਵਿੱਚੋਂ ਖ਼ੂਨ, ਅੱਖ ਦੇ ਆਸ ਪਾਸ ਸੋਜ, ਧੁੰਦਲੀ ਧੁੰਦਲੀ ਨਿਗ੍ਹਾ, ਅੰਨ੍ਹਾਪਣ ਅਤੇ ਨੱਕ ਦੇ ਆਲੇ ਦੁਆਲੇ ਕਾਲੇ ਧੱਬੇ ਹੋ ਜਾਂਦੇ ਹਨ। ਡਾਕਟਰ ਦੱਸਦੇ ਹਨ ਕਿ ਮਰੀਜ਼ ਡਾਕਟਰਾਂ ਕੋਲ ਦੇਰੀ ਨਾਲ ਆਉਂਦੇ ਹਨ। ਜਦੋਂ ਉਨ੍ਹਾਂ ਦੀ ਨਿਗ੍ਹਾ ਜਾ ਰਹੀ ਹੁੰਦੀ ਹੈ ਤਾਂ ਜਾਨ ਬਚਾਉਣ ਲਈ ਉਨ੍ਹਾਂ ਦੀ ਅੱਖ ਕੱਢਣੀ ਪੈਂਦੀ ਹੈ। ਕੁਝ ਮਰੀਜ਼ਾਂ ਦੀਆਂ ਦੋਵੇਂ ਅੱਖਾਂ ਵੀ ਕੱਢਣੀਆਂ ਪੈਂਦੀਆਂ ਹਨ ਅਤੇ ਕਈਆਂ ਦੇ ਜਬਾੜੇ ਕੱਢਣੇ ਪੈਂਦੇ ਹਨ ਤਾਂ ਜੋ ਇਹ ਬਿਮਾਰੀ ਅੱਗੇ ਨਾ ਫੈਲੇ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੀਆਂ ਕੋਈ ਖਾਸ ਦਵਾਈਆਂ ਉਪਲੱਬਧ ਨਹੀਂ ਹਨ। ਸਿਰਫ਼ ਇੱਕ 3500 ਰੁਪਏ ਦਾ ਟੀਕਾ ਮੌਜੂਦ ਹੈ ਜਿਸ ਨੂੰ ਲਗਾਤਾਰ ਅੱਠ ਹਫ਼ਤਿਆਂ ਤਕ ਰੋਜ਼ਾਨਾ ਲਗਾਉਣਾ ਪੈਂਦਾ ਹੈ।

Exit mobile version