The Khalas Tv Blog India ਨਾਬਾਲਿਗ ਡਰਾਇਵਰ ਹੋ ਜਾਣ ਸਾਵਧਾਨ, ਜੇ ਕੀਤਾ ਇਹ ਕੰਮ ਤਾਂ ਮਾਪਿਆਂ ਨੂੰ ਹੋ ਸਕਦੀ ਜੇਲ੍ਹ ਤੇ ਜੁਰਮਾਨਾ
India Punjab

ਨਾਬਾਲਿਗ ਡਰਾਇਵਰ ਹੋ ਜਾਣ ਸਾਵਧਾਨ, ਜੇ ਕੀਤਾ ਇਹ ਕੰਮ ਤਾਂ ਮਾਪਿਆਂ ਨੂੰ ਹੋ ਸਕਦੀ ਜੇਲ੍ਹ ਤੇ ਜੁਰਮਾਨਾ

ਪੰਜਾਬ ਪੁਲਿਸ (Punjab Police) ਵੱਲੋਂ ਨਾਬਾਲਿਗ ਡਰਾਈਵਿੰਗ ਨੂੰ ਰੋਕਣ ਲਈ ਮੋਟਰ ਵਹੀਕਲ ਸੋਧ ਐਕਟ (Motor Vehicle Amendment Act 2019) ਨੂੰ ਲਾਗੂ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪੂਰੀ ਤਿਆਰੀ ਕਰਕੇ ਨਾਬਾਲਿਗ ਬੱਚਿਆਂ ਵੱਲੋਂ ਡਰਾਈਵਿੰਗ ਨੂੰ ਰੋਕਣ ਲਈ ਕਮਰ ਕੱਸੀ ਹੋਈ ਹੈ। ਇਸ ਦੇ ਲਈ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗਾਂ ਦੁਆਰਾ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਗਈ ਹੈ।

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਨਾਬਾਲਗ ਵਿਦਿਆਰਥੀ ਬਾਈਕ ਜਾਂ ਕਾਰਾਂ ਚਲਾਉਂਦੇ ਹੋਏ ਫੜਿਆ ਗਿਆ ਤਾਂ ਉਹਨਾਂ ਦੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਜਾਵੇਗੀ, ਉਹਨਾਂ ਨੂੰ ਸੋਧੇ ਹੋਏ ਐਕਟ ਵਿੱਚ ਧਾਰਾ 199 ਏ ਦੇ ਤਹਿਤ ਹੋ ਸਕਦੀ ਸਖ਼ਤ ਸਜ਼ਾ ਬਾਰੇ ਸੂਚਿਤ ਕੀਤਾ ਜਾਵੇਗਾ। ਪੁਲਿਸ ਨੇ ਕਿਹਾ ਕਿ ਅੱਜ 1 ਅਗਸਤ ਤੋਂ ਚਾਲਾਨ ਕੱਟਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ। ਪੁਲਿਸ ਵੱਲੋਂ ਇਸ ਸਬੰਧੀ ਸਕੂਲੀ ਵਿਦਿਆਰਥੀਆਂ ਨੂੰ ਸਮਝਾਉਣ ਲਈ ਸੈਮੀਨਾਰ ਵੀ ਲਗਾਏ ਜਾ ਰਹੇ ਹਨ। ਪੁਲਿਸ ਵੱਲੋਂ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਦੇ ਮਾਪਿਆਂ ਨੂੰ 25 ਹਜ਼ਾਰ ਰੁਪਏ ਦਾ ਨਾਲ-ਨਾਲ ਤਿੰਨ ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਇਸ ਦੇ ਨਾਲ ਫੜੇ ਗਏ ਨਾਬਾਲਿਗ 25 ਸਾਲ ਤੱਕ ਦੀ ਉਮਰ ਤੱਕ ਆਪਣਾ ਲਰਨਿੰਗ ਲਾਇਸੰਸ ਵੀ ਨਹੀਂ ਬਣਾ ਸਕਣਗੇ ਅਤੇ ਵਾਹਨ ਦੀ ਆਰਸੀ ਵੀ 1 ਸਾਲ ਲਈ ਰੱਦ ਹੋ ਸਕਦੀ ਹੈ।

ਪੁਲਿਸ ਨੇ ਸਕੂਲਾਂ ਨੂੰ ਵੀ ਸਖਤ ਹਿਦਾਇਤਾਂ ਦਿੰਦਿਆਂ ਕਿਹਾ ਕਿ ਉਹ ਬੱਚਿਆਂ ਦੇ ਮਾਤਾ-ਪਿਤਾ ਨੂੰ ਇਸ ਸਬੰਧੀ ਜਾਗਰੂਕ ਕਰਨ ਤਾਂ ਜੋ ਬੱਚੇ ਇਸ ਪ੍ਰਤੀ ਹੋਰ ਸੁਚੇਤ ਹੋ ਸਕਣ। ਪੁਲਿਸ ਨੇ ਸਕੂਲਾਂ ਨੂੰ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਹ ਬੱਚਿਆਂ ਦੇ ਮਾਤਾ-ਪਿਤਾ ਨੂੰ ਦੱਸ ਦੇਣ ਕਿ ਜਾਂ ਤਾਂ ਉਹ ਆਪ ਬੱਚਿਆਂ ਨੂੰ ਸਕੂਲ ਛੱਡ ਤੇ ਲੈ ਕੇ ਜਾਣ ਨਹੀਂ ਤਾਂ ਸਕੂਲ ਬੱਸਾਂ ਦੀ ਵਰਤੋਂ ਕਰਨ, ਜੇਕਰ ਕੋਈ ਬੱਚਾਂ ਨਿਯਮ ਤੋੜਦਾ ਪਾਇਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ  –   ਪੰਜਾਬ ਵਿੱਚ ਮੀਂਹ ਨਾਲ 5 ਸਾਲ ਦੇ ਬੱਚੇ ਦੀ ਦਰਦਨਾਕ ਮੌਤ! ਹਿਮਾਚਲ ’ਚ 3 ਥਾਵਾਂ ਤੇ ਬੱਦਲ ਫਟੇ, 50 ਤੋਂ ਵੱਧ ਲੋਕ ਲਾਪਤਾ

 

 

Exit mobile version