The Khalas Tv Blog Punjab 35 ਸਾਲਾਂ ਬਾਅਦ ਪੁੱਤ ਨੂੰ ਆਪਣੀ ਵਿੱਛੜੀ ਮਾਂ ਮਿਲੀ, ਮੌਕੇ ’ਤੇ ਜੋ ਹਾਲਾਤ ਬਣੇ ਬਿਆਨ ਨਹੀਂ ਹੋ ਸਕਦੇ…
Punjab

35 ਸਾਲਾਂ ਬਾਅਦ ਪੁੱਤ ਨੂੰ ਆਪਣੀ ਵਿੱਛੜੀ ਮਾਂ ਮਿਲੀ, ਮੌਕੇ ’ਤੇ ਜੋ ਹਾਲਾਤ ਬਣੇ ਬਿਆਨ ਨਹੀਂ ਹੋ ਸਕਦੇ…

ਪਟਿਆਲਾ : ਪੰਜਾਬ ਵਿੱਚ ਆਏ ਭਿਆਨਕ ਹੜ੍ਹ ਨੇ ਜਿੱਥੇ ਹਜ਼ਾਰਾਂ ਘਰ ਬਰਬਾਦ ਕਰ ਦਿੱਤੇ, ਉੱਥੇ ਹੀ ਦੂਜੇ ਪਾਸੇ ਇੱਕ ਘਰ ਵਿੱਚ ਖ਼ੁਸ਼ੀਆਂ ਲਿਆਉਣ ਦਾ ਕੰਮ ਵੀ ਕੀਤਾ। ਇਸ ਹੜ੍ਹ ਨੇ ਆਖ਼ਰਕਾਰ ਹੜ੍ਹ ਬਚਾਓ ਵਲੰਟੀਅਰ ਵਜੋਂ ਕੰਮ ਕਰ ਰਹੇ ਜਗਜੀਤ ਸਿੰਘ ਨੂੰ 35 ਸਾਲਾਂ ਬਾਅਦ ਆਪਣੀ ਮਾਂ ਨੂੰ ਲੰਬੇ ਵਿਛੋੜੇ ਤੋਂ ਬਾਅਦ ਮਿਲਾ ਦਿੱਤਾ।

ਇਹ ਹੈ ਸਾਰਾ ਮਾਮਲਾ

ਦਰਅਸਲ, ਨੌਜਵਾਨ ਹੜ੍ਹ ਪੀੜਤ ਲੋਕਾਂ ਦੀ ਸੇਵਾ ਕਰਨ ਲਈ ਖ਼ਾਲਸਾ ਐਡ ਵੱਲੋਂ ਗਿਆ ਹੋਇਆ ਸੀ। ਇਸ ਦੌਰਾਨ ਉਸ ਨੂੰ ਭੂਆ ਦਾ ਫ਼ੋਨ ਆਇਆ ਜਿਨ੍ਹਾਂ ਤੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਨਾਨਕਾ ਘਰ ਤੋਂ 10 ਕਿੱਲੋਮੀਟਰ ਦੀ ਦੂਰੀ ਉੱਤੇ ਹੀ ਹੈ। ਫਿਰ ਪੁੱਤ ਨੇ ਆਪਣੀ ਮਾਂ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਆਪਣੀ ਮੰਜ਼ਿਲ ਉੱਤੇ ਪਹੁੰਚ ਗਿਆ। ਮਾਂ ਪੁੱਤ ਦੇ ਮਿਲਾਪ ਨੇ ਹਰੇਕ ਦੀ ਅੱਖ ਪਾਣੀ ਨਾਲ ਨਮ ਕਰ ਦਿੱਤੀ।

ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਕੁਝ ਮਹੀਨੇ ਦਾ ਹੀ ਸੀ ਜਦੋਂ ਉਸ ਦੇ ਪਿਤਾ ਜੀ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਦਾਦਕੇ ਅਤੇ ਉਸ ਦੇ ਨਾਨਕਿਆਂ ਵਿੱਚ ਕੁੱਝ ਅਜਿਹਾ ਸਮਝੌਤਾ ਹੋ ਗਿਆ ਕਿ ਉਸ ਨੂੰ ਆਪਣੇ ਦਾਦਾ ਦਾਦੀ ਨੂੰ ਪਰਵਰਿਸ਼ ਲਈ ਦੇ ਦਿੱਤਾ ਗਿਆ ਅਤੇ ਉਸ ਦੀ ਮਾਂ ਆਪਣੇ ਮਾਂ ਪਿਉ ਕੋਲ ਯਾਨੀ ਕਿ ਉਸ ਦੇ ਨਾਨਕੇ ਚਲੀ ਗਈ।

ਉਸ ਦੇ ਦਾਦਾ ਦਾਦੀ ਹਰਿਆਣਾ ਪੁਲਿਸ ਵਿੱਚ ਨੌਕਰੀ ਕਰਦੇ ਸਨ। ਉਹਨਾਂ ਦੀ ਰਿਟਾਇਰਮੈਂਟ ਹੋ ਗਈ ਅਤੇ ਉਹ ਪੰਜਾਬ ਦੇ ਕਾਦੀਆਂ ਕਸਬੇ ਵਿੱਚ ਆ ਕੇ ਵੱਸ ਗਏ। ਉਹ ਦਾਦਾ ਦਾਦੀ ਕੋਲੋਂ ਆਪਣੀ ਮਾਂ ਬਾਰੇ ਪੁੱਛਦਾ ਸੀ ਤਾਂ ਉਸ ਨੂੰ ਦੱਸਿਆ ਜਾਂਦਾ ਸੀ ਕਿ ਉਸ ਦੀ ਮਾਂ ਦੀ ਵੀ ਪਿਤਾ ਦੇ ਨਾਲ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਉਹ ਦਾਦਾ ਦਾਦੀ ਦੀ ਮੌਤ ਤੋਂ ਬਾਅਦ ਤੱਕ ‌ਉਨ੍ਹਾਂ ਨੂੰ ਹੀ ਆਪਣੇ ਮਾਪੇ ਮੰਨਦਾ ਰਿਹਾ ਹੈ।

ਹੜ੍ਹਾਂ ਦੌਰਾਨ ਉਹ ਹੜ੍ਹ ਪੀੜਤਾਂ ਦੀ ਸੇਵਾ ਲਈ ਪਟਿਆਲਾ ਗਿਆ ਤਾਂ ਉਸ ਦੀ ਭੂਆ ਦਾ ਫ਼ੋਨ ਆਇਆ ਜਦੋਂ ਉਸ ਦੀ ਭੂਆ ਨੂੰ ਪਤਾ ਲੱਗਿਆ ਕਿ ਉਹ ਪਟਿਆਲੇ ਦੇ ਨੇੜੇ ਹੈ ਤਾਂ ਉਸ ਦੀ ਭੂਆ ਮੂੰਹੋਂ ਨਿਕਲ ਗਿਆ ਕਿ ਉਸ ਦੇ ਨਾਨਕੇ ਪਰਿਵਾਰ ਵੀ ਨੇੜੇ ਤੇੜੇ ਹੀ ਹਨ। ਜਿੱਦ ਕਰਕੇ ਆਪਣੇ ਨਾਨਕਿਆਂ ਦੀ ਜਾਣਕਾਰੀ ਲੈ ਕੇ ਉਹ ਆਪਣੇ ਨਾਨਕੇ ਪਰਿਵਾਰ ਪਹੁੰਚ ਗਿਆ ਅਤੇ ਮਾਂ ਦੇ ਹਾਲਾਤ ਦੇਖ ਪੁੱਤ ਭਾਵੁਕ ਹੋ ਗਿਆ ਕਿਉਂਕਿ ਉਸ ਨੂੰ ਛੋਟੇ ਹੁੰਦੇ ਤੋਂ ਹੀ ਕਿਹਾ ਗਿਆ ਸੀ ਕਿ ਤੇਰੇ ਮਾਂ ਬਾਪ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ ਸੀ, ਪਰ ਅੱਜ ਜਦੋਂ 35 ਸਾਲ ਬਾਅਦ ਆਪਣੀ ਨਾਨੀ ਅਤੇ ਮਾਂ ਨੂੰ ਮਿਲਿਆ ‘ਤਾਂ ਭਾਵੁਕ ਹੋ ਗਿਆ।

Exit mobile version