The Khalas Tv Blog India ਇੱਥੇ 3 ਦਿਨ ਪਹਿਲਾਂ ਪਹੁੰਚੇਗਾ ਮਾਨਸੂਨ! ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੇ ਸੰਕੇਤ
India

ਇੱਥੇ 3 ਦਿਨ ਪਹਿਲਾਂ ਪਹੁੰਚੇਗਾ ਮਾਨਸੂਨ! ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੇ ਸੰਕੇਤ

ਰਾਜਸਥਾਨ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਦੋ ਦਿਨ ਪਹਿਲਾਂ ਉਦੈਪੁਰ, ਡੂੰਗਰਪੁਰ ਅਤੇ ਬਾਂਸਵਾੜਾ ਵਿੱਚ ਵੀ ਚੰਗੀ ਬਾਰਿਸ਼ ਹੋਈ ਸੀ। ਪਰ ਸੂਬੇ ਦੇ ਲੋਕ ਇੰਤਜ਼ਾਰ ਕਰ ਰਹੇ ਹਨ ਕਿ ਮਾਨਸੂਨ ਕਦੋਂ ਦਾਖ਼ਲ ਹੋਵੇਗਾ? ਮੌਸਮ ਵਿਗਿਆਨੀਆਂ ਅਨੁਸਾਰ ਇਸ ਵਾਰ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਚੰਗੇ ਹਨ ਅਤੇ ਇਹ ਮਹਾਰਾਸ਼ਟਰ ਤੋਂ ਅੱਗੇ ਗੁਜਰਾਤ ਵਿੱਚ ਦਾਖ਼ਲ ਹੋ ਗਿਆ ਹੈ।

ਰਾਜਸਥਾਨ ਦੀ ਗੱਲ ਕਰੀਏ ਤਾਂ ਇਸ ਵਾਰ ਮਾਨਸੂਨ ਕਰੀਬ ਤਿੰਨ ਦਿਨ ਪਹਿਲਾਂ ਦਾਖ਼ਲ ਹੋਵੇਗਾ। ਆਮ ਤੌਰ ‘ਤੇ ਸੂਬੇ ‘ਚ ਮਾਨਸੂਨ 25 ਜੂਨ ਤੱਕ ਪਹੁੰਚ ਜਾਂਦਾ ਹੈ। ਜੈਪੁਰ ਦੇ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਰਾਧੇਸ਼ਿਆਮ ਸ਼ਰਮਾ ਨੇ ਕਿਹਾ ਕਿ ਰਾਜਸਥਾਨ ‘ਚ ਆਉਣ ਵਾਲਾ ਮਾਨਸੂਨ ਬੰਗਾਲ ਦੀ ਖਾੜੀ ਯਾਨੀ ਪੂਰਬੀ ਭਾਰਤ ਤੋਂ ਆਉਣ ਵਾਲੀਆਂ ਹਵਾਵਾਂ ਨਾਲ ਦਾਖ਼ਲ ਹੁੰਦਾ ਹੈ।

ਉੱਤਰ-ਪੂਰਬੀ ਭਾਰਤ ਵਿੱਚ ਪਿਛਲੇ 12 ਦਿਨਾਂ (31 ਮਈ ਤੋਂ) ਤੋਂ ਮਾਨਸੂਨ ਅੱਗੇ ਨਹੀਂ ਵਧ ਰਿਹਾ ਹੈ। ਅਗਲੇ 2-3 ਦਿਨਾਂ ਵਿੱਚ ਮਾਨਸੂਨ ਲਈ ਸਥਿਤੀ ਅਨੁਕੂਲ ਨਹੀਂ ਹੈ। ਬੰਗਾਲ ਦੀ ਖਾੜੀ ਵਿੱਚ 15 ਜੂਨ ਤੋਂ ਇੱਕ ਸਿਸਟਮ ਬਣਨ ਦੀ ਸੰਭਾਵਨਾ ਹੈ, ਜਿਸ ਕਾਰਨ ਮਾਨਸੂਨ ਦੀ ਸੁਸਤ ਰਫ਼ਤਾਰ ਮੁੜ ਰਫ਼ਤਾਰ ਫੜ ਸਕਦੀ ਹੈ।

ਕਿਉਂ ਮੱਠੀ ਪਈ ਮਾਨਸੂਨ ਦੀ ਰਫ਼ਤਾਰ?

ਡਾਇਰੈਕਟਰ ਰਾਧੇਸ਼ਿਆਮ ਸ਼ਰਮਾ ਨੇ ਦੱਸਿਆ ਕਿ ਛੱਤੀਸਗੜ੍ਹ ਤੇ ਉੜੀਸਾ ਦੇ ਆਲੇ-ਦੁਆਲੇ ਵਿਰੋਧੀ ਚੱਕਰਵਾਤ (Anticyclone) ਬਣਨ ਅਤੇ ਪੱਛਮੀ ਹਵਾਵਾਂ ਦੇ ਜ਼ਿਆਦਾ ਪ੍ਰਭਾਵੀ ਹੋਣ ਕਾਰਨ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ ਅੱਗੇ ਨਹੀਂ ਵਧ ਸਕੀਆਂ। ਇਸ ਕਾਰਨ ਮਾਨਸੂਨ ਦੀ ਪੂਰਬੀ ਸ਼ਾਖਾ 31 ਮਈ ਤੋਂ ਅਸਮ ਦੇ ਸਿੱਕਮ ਨੇੜੇ ਰੁਕ ਗਈ ਹੈ। 15 ਜੂਨ ਤੋਂ ਹਵਾ ਦੇ ਪੈਟਰਨ ‘ਚ ਬਦਲਾਅ ਦੀ ਸੰਭਾਵਨਾ ਹੈ। ਪੱਛਮੀ ਹਵਾਵਾਂ ਦਾ ਅਸਰ ਘੱਟ ਰਹੇਗਾ।

22 ਤੋਂ 25 ਜੂਨ ਦੇ ਵਿਚਕਾਰ ਮਾਨਸੂਨ ਆਉਣ ਦੀ ਸੰਭਾਵਨਾ

ਜੇ ਮਾਨਸੂਨ ਦੀ ਮੌਜੂਦਾ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਇਹ ਹੁਣ ਗੁਜਰਾਤ ਅਤੇ ਛੱਤੀਸਗੜ੍ਹ ਦੇ ਦੱਖਣੀ ਖੇਤਰ ‘ਚ ਦਾਖ਼ਲ ਹੋਇਆ ਹੈ। ਇਸ ਖੇਤਰ ਵਿੱਚ ਇਹ ਸਮੇਂ ਤੋਂ 5 ਦਿਨ ਪਹਿਲਾਂ ਦਾਖ਼ਲ ਹੋਇਆ ਹੈ। ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਗੋਆ, ਕਰਨਾਟਕ, ਤਾਮਿਲਨਾਡੂ, ਕੇਰਲ ਤੋਂ ਇਲਾਵਾ ਉੱਤਰ-ਪੂਰਬੀ ਸੱਤ ਰਾਜਾਂ ਵਿੱਚ ਮਾਨਸੂਨ ਪਹੁੰਚ ਗਿਆ ਹੈ। ਸੰਭਾਵਨਾ ਹੈ ਕਿ ਇਸ ਵਾਰ ਮਾਨਸੂਨ ਰਾਜਸਥਾਨ ਵਿੱਚ ਨਿਰਧਾਰਤ ਸਮੇਂ ਤੋਂ 2 ਤੋਂ 3 ਦਿਨ ਪਹਿਲਾਂ ਪਹੁੰਚ ਸਕਦਾ ਹੈ, ਯਾਨੀ 22 ਤੋਂ 25 ਜੂਨ ਦੇ ਵਿਚਕਾਰ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ।

ਪੂਰਬੀ ਰਾਜਸਥਾਨ ਵਿੱਚ 19 ਤੋਂ 20 ਜੂਨ ਤੱਕ ਸ਼ੁਰੂ ਹੋਵੇਗਾ ਮੀਂਹ

ਰਾਜਸਥਾਨ ਵਿੱਚ ਮਾਨਸੂਨ ਦੇ ਦਾਖ਼ਲੇ ਦਾ ਆਮ ਸਮਾਂ 25 ਜੂਨ ਨੂੰ ਤੈਅ ਕੀਤਾ ਗਿਆ ਹੈ। ਇਹ ਉਦੈਪੁਰ, ਬਾਂਸਵਾੜਾ ਰਾਹੀਂ ਆਉਂਦਾ ਹੈ। ਸਾਲ 2023 ਵਿੱਚ, ਮਾਨਸੂਨ ਨੇ ਉਦੈਪੁਰ ਡਿਵੀਜ਼ਨ ਦੇ ਨਾਲ-ਨਾਲ ਕੋਟਾ ਅਤੇ ਭਰਤਪੁਰ ਡਿਵੀਜ਼ਨ ਵਿੱਚ ਵੀ ਪ੍ਰਵੇਸ਼ ਕੀਤਾ ਸੀ। ਫਿਲਹਾਲ ਰਾਜਸਥਾਨ ਦੇ ਦੱਖਣੀ ਹਿੱਸਿਆਂ ‘ਚ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। 19-20 ਜੂਨ ਤੋਂ ਪੂਰਬੀ ਰਾਜਸਥਾਨ ਦੇ ਜ਼ਿਲ੍ਹਿਆਂ ਭਾਵ ਭਰਤਪੁਰ ਡਿਵੀਜ਼ਨ ਵਿੱਚ ਵੀ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਸ਼ੁਰੂ ਹੋ ਸਕਦੀ ਹੈ।

Exit mobile version