‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੰਗਲਾਦੇਸ਼ ਦੇ ਇਕ ਮਸ਼ਹੂਰ ਮੌਲਾਨਾ ਨੇ ਫੇਸਬੁੱਕ ਦੇ ‘ਹਾਹਾ’ ਇਮੋਜੀ ਖਿਲਾਫ ਫਤਵਾ ਜਾਰੀ ਕਰਦਿਆਂ ਇਸਨੂੰ ਇਸਲਾਮ ਲਈ ਹਰਾਮ ਦੱਸਿਆ ਹੈ। ਜਾਣਕਾਰੀ ਅਨੁਸਾਰ ਇਸ ਮੌਲਾਨਾ ਨੂੰ ਫੇਸਬੁੱਕ ਅਤੇ ਯੂਟਿਊਬ ‘ਤੇ 30 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ ਤੇ ਅਕਸਰ ਇਸ ਮੌਲਾਨਾ ਨੂੰ ਮੁਸਲਿਮ ਬਹੁਗਿਣਤੀ ਬੰਗਲਾਦੇਸ਼ ਵਿਚ ਧਾਰਮਿਕ ਵਿਸ਼ਿਆਂ’ ਤੇ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ।
ਆਪਣੇ ਇਸ ਮਤ ਸੰਬੰਧੀ ਮੌਲਾਨਾ ਨੇ ਤਿੰਨ ਮਿੰਟ ਦੀ ਵੀਡੀਓ ਪੋਸਟ ਕਰਕੇ ਇਸ ਸਪਸ਼ਟ ਵੀ ਕੀਤਾ ਹੈ ਕਿ ਆਖਿਰ ਇਹ ਇਸਲਾਮ ਲਈ ਕਿਸ ਤਰਾਂ ਹਰਾਮ ਹੈ।ਇਸ ਤੋਂ ਬਾਅਦ ਮੌਲਾਨਾ ਨੇ ਫਤਵਾ ਜਾਰੀ ਕੀਤਾ ਹੈ। ਉਸ ਦੀ ਇਮੋਜੀ ਨੂੰ ਹਰਾਮ ਕਹਿਣ ਵਾਲੀ ਵੀਡੀਓ ਹੁਣ ਤੱਕ 20 ਲੱਖ ਲੋਕ ਦੇਖ ਚੁੱਕੇ ਹਨ।
ਮੌਲਾਨਾ ਅਹਿਮਦਉੱਲਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਕਿਸੇ ਪੋਸਟ ਨਾਲ ਇਸਦੀ ਵਰਤੋਂ ਸਿਰਫ ਮਨੋਰੰਜਨ ਲਈ ਕਰਦਾ ਹੈ ਤਾਂ ਇਹ ਉਸ ਵਿਅਕਤੀ ਲਈ ਠੀਕ ਹੈ।ਪਰ ਜੇਕਰ ਤੁਸੀਂ ਕਿਸੇ ਜਵਾਬ ਜਾਂ ਉਸ ਵਿਅਕਤੀ ਦਾ ਮਜ਼ਾਕ ਉਡਾਉਣਾ ਜਾਂ ਮਿਹਣਾ ਮਾਰਨ ਲਈ ਇਸਦੀ ਵਰਤੋਂ ਕਿਸੇ ਪੋਸਟ ਉੱਤੇ ਕਰਦੇ ਹੋ ਤਾਂ ਇਹ ਇਸਲਾਮ ‘ਚ ਪੂਰੀ ਤਰ੍ਹਾਂ ਹਰਾਮ ਹੈ। ਉਨ੍ਹਾਂ ਕਿਹਾ ਕਿ ਅੱਲ੍ਹਾ ਦੀ ਖਾਤਰ ਇਸਤੋਂ ਬਚਣਾ ਚਾਹੀਦਾ ਹੈ ਤੇ ਇਸ ਲਈ ਉਨ੍ਹਾਂ ਬੇਨਤੀ ਵੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਦਾ ਮਜ਼ਾਕ ਉਡਾਉਣ ਲਈ ਹਾਹਾ ਇਮੋਜੀ ਦੀ ਵਰਤੋਂ ਨਾ ਕੀਤੀ ਜਾਵੇ।ਜੇਕਰ ਕਿਸੇ ਮੁਸਲਮਾਨ ਨੂੰ ਦੁਖੀ ਕਰਨ ਲਈ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੇ ਜਾਵੇਗੀ ਤਾਂ ਉਹ ਕਿਸ ਤਰ੍ਹਾਂ ਦਾ ਜਵਾਬ ਦੇਵੇਗਾ, ਤੁਸੀਂ ਸੋਚਿਆ ਵੀ ਨਹੀਂ ਹੋਵੇਗਾ।
ਮੌਲਾਨਾ ਦੀ ਇਸ ਵੀਡੀਓ ‘ਤੇ ਹਜ਼ਾਰਾਂ ਪੈਰੋਕਾਰਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਇਸ ‘ਤੇ ਜ਼ਿਆਦਾਤਰ ਲੋਕਾਂ ਨੇ ਹਾਂ ਪੱਖੀ ਟਿੱਪਣੀ ਕੀਤੀ ਹੈ। ਉਸੇ ਸਮੇਂ, ਸੈਂਕੜੇ ਲੋਕ ਹਨ ਜੋ ‘ਹਾਹਾ’ ਇਮੋਜੀ ਬਣਾ ਕੇ ਇਸ ਫਤਵੇ ਦਾ ਮਜ਼ਾਕ ਉਡਾਉਂਦੇ ਹਨ।