‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮੁਹਾਲੀ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਮੈਂਬਰਾਂ ਨੂੰ 2 ਪਿਸਟਲ, 9 ਅਣਚੱਲੇ ਕਾਰਤੂਸ ਤੇ ਹੋਰ ਗੋਲੀ ਸਿੱਕਾ ਸਣੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਮਨਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਉਰਫ ਖੱਟੂ ਅਤੇ ਅਰਸਦੀਪ ਸਿੰਘ ਉਰਫ ਅਰਸ ਦੇ ਰੂਪ ਵਿੱਚ ਹੋਈ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਇਹ ਗੈਂਗ ਨਜਾਇਜ ਹਥਿਆਰਾਂ ਨਾਲ ਲੈਸ ਹੈ ਤੇ ਇਨ੍ਹਾਂ ਦੇ ਕਈ ਸਾਥੀ ਜੇਲ੍ਹਾਂ ਵਿੱਚ ਅਤੇ ਬਾਹਰ ਕ੍ਰਾਇਮ ਕਰਦੇ ਹਨ।ਇਹ ਦੋਸ਼ੀ ਜਾਅਲੀ ਆਈ.ਡੀ ਤੋਂ ਨੰਬਰ ਤਿਆਰ ਕਰਕੇ ਸੋਸ਼ਲ ਮੀਡੀਆ ‘ਤੇ ਧਮਕੀਆ ਤੇ ਕਤਲ ਕਰਨ ਤੋਂ ਬਾਅਦ ਜਿੰਮੇਵਾਰੀਆ ਲੈਂਦੇ ਹਨ ਤੇ ਆਪਣੇ ਵਿਰੋਧੀ ਗੈਂਗ ਦੇ ਵਿਅਕਤੀਆਂ ਨੂੰ ਮਾਰ ਕੇ ਆਪਣਾ ਪ੍ਰਭਾਵ ਆਮ ਲੋਕਾ ਵਿੱਚ ਬਣਾਉਂਦੇ ਹਨ।ਇਸ ਤੋਂ ਬਾਅਦ ਇਹ ਸਨਤਕਾਰਾਂ ਅਤੇ ਕਾਰੋਬਾਰੀਆਂ ਨੂੰ ਧਮਕਾ ਕੇ ਫਿਰੌਤੀਆਂ ਵਸੂਲਦੇ ਹਨ ਤੇ ਵਸੂਲੀ ਹੋਈ ਰਕਮ ਨੂੰ ਦੋ ਅਲੱਗ-ਅਲੱਗ ਮਿਊਜਿਕ ਕੰਪਨੀਆਂ ਠੱਗ ਲਾਇਫ ਅਤੇ ਗੋਲਡ ਮੀਡੀਆ ਵਿੱਚ ਇੰਨਵੈਸਟ ਕਰਦੇ ਹਨ।
ਇਹ ਗੈੱਗਸਟਰ ਦੂਜੇ ਗਾਇਕਾਂ ਪਾਸੋਂ ਜਬਰਦਸਤੀ ਘੱਟ ਕੀਮਤ ਉੱਤੇ ਗਾਣੇ ਲੈ ਕੇ ਆਪਣੀਆਂ ਬਣਾਈਆਂ ਹੋਈਆਂ ਕੰਪਨੀਆਂ ਚਲਾਉਂਦੇ ਹਨ ਅਤੇ ਗਾਣਿਆਂ ਵਿਚੋਂ ਪੈਸਾ ਕਮਾਉਂਦੇ ਹਨ। ਇਨ੍ਹਾਂ ਦੇ ਗੈਂਗ ਦੇ ਮੈਂਬਰਾ ਵਿੱਚੋ ਮਨਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਫਿਰੋਜਪੁਰ ਥਾਣਾ ਮੁੱਲਾਪੁਰ, ਜਸਵਿੰਦਰ ਸਿੰਘ ਉਰਫ ਖੱਟੂ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮੰਗਲੀ ਖਾਸ, ਥਾਣਾ ਮੇਹਰਬਾਨ ਜਿਲ੍ਹਾ ਲੁਧਿਆਣਾ ਅਤੇ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਦੇਵਤਾ ਸਿੰਘ ਉਰਫ ਟਿੰਮਾ ਵਾਸੀ ਮਨਜੀਤ ਨਗਰ ਪਟਿਆਲਾ ਥਾਣਾ ਤ੍ਰਿਪੜੀ ਜਿਲ੍ਹਾ ਪਟਿਆਲਾ ਨੂੰ ਖਰੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ਦੇ ਕੇਸਾਂ ਵਿੱਚ ਵੀ ਨੇ ਇਹ ਦੋਸ਼ੀ
ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਪਹਿਲਾਂ ਪੰਜਾਬ ਯੂਨੀਵਰਸਿਟੀ ਪੜ੍ਹਦੇ ਸਮੇਂ ਗੌਰਵ ਪਟਿਆਲ ਉਰਫ ਲੱਕੀ ਦਾ ਦੋਸਤ ਸੀ ਤੇ ਇਸਨੇ ਸਿੰਗਰ ਤੇ ਡਾਇਰੈਕਟਰ ਪਰਮੀਸ਼ ਵਰਮਾ ਤੋਂ ਦਿਲਪ੍ਰੀਤ ਸਿੰਘ ਬਾਬਾ, ਲੱਕੀ ਪਟਿਆਲ, ਸੁਖਪ੍ਰੀਤ ਸਿੰਘ ਬੁੱਢਾ ਦੇ ਧਮਕੀ ਦੇਣ ਬਾਅਦ ਪੈਸੇ ਨਾ ਦੇਣ ਉੱਤੇ ਫਾਇਰਿੰਗ ਕੀਤੀ ਸੀ।
ਇਸੇ ਤਰ੍ਹਾਂ ਦੋਸ਼ੀ ਜਸਵਿੰਦਰ ਸਿੰਘ ਨੇ ਪਹਿਲਾ ਵੀ ਮੋਹਾਲੀ ਵਿੱਚ ਆਪਣੇ ਸਾਥੀਆ ਨਾਲ ਮਿਲ ਕੇ ਵਕੀਲ ਅਰਸਦੀਪ ਸਿੰਘ ਸੇਠੀ ਦਾ ਗੋਲੀਆ ਮਾਰ ਕੇ ਕਤਲ ਕੀਤਾ ਸੀ। ਦੋਸ਼ੀ ਅਰਸਦੀਪ ਸਿੰਘ ਉਰਫ ਅਰਸ ਗੋਲਡ ਮੀਡੀਆ ਨਾਂ ਦੀ ਕੰਪਨੀ ਚਲਾਉਂਦਾ ਹੈ ਤੇ ਬੰਬੀਹਾ ਗੈਂਗ ਵੱਲੋ ਜਦੋਂ ਗਾਇਕ ਪਰਮੀਸ਼ ਵਰਮਾ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ ਤਾਂ ਉਸ ਸਮੇਂ ਵੀ ਅਰਸਦੀਪ ਉਸ ਮੁਕੱਦਮੇ ਵਿੱਚ ਦੋਸ਼ੀ ਪਾਇਆ ਗਿਆ ਸੀ।ਸੁਖਪ੍ਰੀਤ ਸਿੰਘ ਉਰਫ ਬੁੱਢਾ ਵੱਲੋਂ ਗਾਇਕ ਗਿੱਪੀ ਗਰੇਵਾਲ ਤੋਂ 25 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਤਾਂ ਉਸ ਮੁਕੱਦਮੇ ਵਿੱਚ ਵੀ ਅਰਸਦੀਪ ਸਿੰਘ ਦੋਸ਼ੀ ਸੀ।