ਮੁਹਾਲੀ ਦੇ ਨੇੜਲੇ ਪਿੰਡ ਬੱਲੋਮਾਜਰਾ ’ਚੋਂ ਇਕ ਪਰਿਵਾਰ ਦੇ ਲਾਪਤਾ ਹੋਏ ਦੋ ਬੱਚਿਆਂ ਬਾਰੇ ਪੁਲਿਸ ਜਾਂ ਪਰਿਵਾਰ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਅਰਵਿੰਦਰ ਅਤੇ ਹਿਮਾਂਸ਼ੂ ਐਤਵਾਰ ਸ਼ਾਮ ਨੂੰ ਆਪਣੇ ਘਰ ਤੋਂ ਸਾਈਕਲ ’ਤੇ ਪਾਰਕ ਵਿੱਚ ਖੇਡਣ ਲਈ ਕਹਿ ਕੇ ਗਏ ਸਨ ਪਰ ਬਾਅਦ ਘਰ ਨਹੀਂ ਪਰਤੇ। ਪਹਿਲਾਂ ਪਰਿਵਾਰ ਨੇ ਆਪਣੇ ਪੱਧਰ ’ਤੇ ਬੱਚਿਆਂ ਦੀ ਭਾਲ ਕੀਤੀ ਪਰ ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਬੱਚਿਆਂ ਦੀ ਮਾਂ ਨੇ ਬਲੌਂਗੀ ਥਾਣੇ ਵਿੱਚ ਆਪਣੇ ਦੋ ਬੱਚਿਆਂ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਦਿੱਤੀ।
ਪੁਲੀਸ ਨੇ ਦੋਵਾਂ ਬੱਚਿਆਂ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬਲੌਂਗੀ ਥਾਣਾ ਦੇ ਇੰਸਪੈਕਟਰ ਐੱਸਐੱਚਓ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਅਜੇ ਤਾਈਂ ਕਿਸੇ ਤਰ੍ਹਾਂ ਦੀ ਫਿਰੌਤੀ ਜਾਂ ਧਮਕੀ ਭਰਿਆ ਫੋਨ ਨਹੀਂ ਆਇਆ ਹੈ ਅਤੇ ਪੁਲੀਸ ਇਹ ਮੰਨ ਕੇ ਚਲ ਰਹੀ ਹੈ ਕਿ ਬੱਚਿਆਂ ਨੂੰ ਅਗਵਾ ਨਹੀਂ ਕੀਤਾ ਗਿਆ ਬਲਕਿ ਉਹ ਖ਼ੁਦ ਕਿਸੇ ਥਾਂ ਚਲੇ ਗਏ ਹਨ। ਪੁਲੀਸ ਅਨੁਸਾਰ ਅਰਵਿੰਦਰ ਪਹਿਲਾਂ ਵੀ ਘਰ ਤੋਂ ਕਿਤੇ ਚਲਾ ਗਿਆ ਸੀ ਅਤੇ ਪੰਜ ਦਿਨਾਂ ਬਾਅਦ ਵਾਪਸ ਆ ਗਿਆ ਸੀ। ਹੁਣ ਉਹ ਆਪਣੇ ਛੋਟੇ ਭਰਾ ਨੂੰ ਵੀ ਨਾਲ ਲੈ ਗਿਆ ਹੈ। ਇਹ ਬੱਚੇ ਘਰ ਤੋਂ ਕਰੀਬ 8 ਤੋਂ 10 ਹਜ਼ਾਰ ਰੁਪਏ ਵੀ ਲੈ ਕੇ ਗਏ ਹਨ।
ਥਾਣਾ ਮੁਖੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਇਹ ਦੋਵੇਂ ਬੱਚੇ ਇੱਥੇ ਨੇੜੇ ਹੀ ਖੇਡਦੇ ਦੇਖੇ ਗਏ ਹਨ। ਇਨ੍ਹਾਂ ਦੇ ਕਿਤੇ ਆਸ-ਪਾਸ ਹੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਬੱਚਿਆਂ ਦੀ ਭਾਲ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਬੱਚਿਆਂ ਦੀਆਂ ਫੋਟੋਆਂ ਸਾਰੇ ਥਾਣਿਆਂ ਵਿੱਚ ਭੇਜ ਦਿੱਤੀਆਂ ਹਨ।