The Khalas Tv Blog Punjab ਮੁਹਾਲੀ ’ਚ ਭਿਆਨਕ ਸੜਕ ਹਾਦਸਾ! ਮਾਂ-ਪੁੱਤ ਦੀ ਮੌਤ, ਪਤੀ ਜ਼ਖਮੀ
Punjab

ਮੁਹਾਲੀ ’ਚ ਭਿਆਨਕ ਸੜਕ ਹਾਦਸਾ! ਮਾਂ-ਪੁੱਤ ਦੀ ਮੌਤ, ਪਤੀ ਜ਼ਖਮੀ

ਬਿਉਰੋ ਰਿਪੋਰਟ: ਮੁਹਾਲੀ ਦੇ ਲਾਂਡਰਾ ਇਲਾਕੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਪਤੀ ਗੰਭੀਰ ਜ਼ਖ਼ਮੀ ਹੋ ਗਿਆ।

ਘਟਨਾ ਤੋਂ ਬਾਅਦ ਮੁਲਜ਼ਮ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ 28 ਸਾਲਾ ਪ੍ਰਭਜੋਤ ਕੌਰ ਅਤੇ ਉਸ ਦੇ ਸੱਤ ਸਾਲਾ ਪੁੱਤਰ ਮਨਰਾਜ ਸਿੰਘ ਵਜੋਂ ਹੋਈ ਹੈ। ਹਾਦਸੇ ਸਮੇਂ ਪ੍ਰਭਜੋਤ ਦਾ ਪਤੀ ਜੀਵਨਜੋਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ, ਜੋ ਕਿ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਜ਼ਖਮੀ ਜੀਵਨ ਜੋਤ ਸਿੰਘ ਦੇ ਬਿਆਨਾਂ ਅਨੁਸਾਰ ਪਰਿਵਾਰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਵਾਪਸ ਆ ਰਿਹਾ ਸੀ ਕਿ ਲਾਂਡਰਾ ਦੇ ਗੁਰਦੁਆਰਾ ਸਾਹਿਬ ਨੇੜੇ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਡਸਟਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪ੍ਰਭਜੋਤ ਕੌਰ ਅਤੇ ਉਸ ਦੇ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਜੀਵਨ ਜੋਤ ਨੂੰ ਗੰਭੀਰ ਸੱਟਾਂ ਲੱਗੀਆਂ।

ਮਾਮਲੇ ਦਾ ਨੋਟਿਸ ਲੈਂਦਿਆਂ ਥਾਣਾ ਸੁਹਾਣਾ ਪੁਲਿਸ ਨੇ ਡਸਟਰ ਕਾਰ ਨੂੰ ਕਬਜ਼ੇ ’ਚ ਲੈ ਕੇ ਫਰਾਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਦੀ ਜਲਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

Exit mobile version