The Khalas Tv Blog Punjab ਕਿਸਾਨਾਂ ਦੀ ਬਾਂਹ ਮਰੋੜਨ ਦੀ ਬਜਾਏ ਮੋਦੀ ਨੂੰ ਅੰਨਦਾਤਾ ਦੀ ਬਾਂਹ ਫੜਨੀ ਚਾਹੀਦੀ : ਭਗਵੰਤ ਮਾਨ
Punjab

ਕਿਸਾਨਾਂ ਦੀ ਬਾਂਹ ਮਰੋੜਨ ਦੀ ਬਜਾਏ ਮੋਦੀ ਨੂੰ ਅੰਨਦਾਤਾ ਦੀ ਬਾਂਹ ਫੜਨੀ ਚਾਹੀਦੀ : ਭਗਵੰਤ ਮਾਨ

‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਅੰਦਰ ਮਾਲ ਗੱਡੀਆਂ ਦੀ ਆਵਾਜਾਈ ਬੰਦ ਕੀਤੇ ਜਾਣ ਮਗਰੋਂ ਕੇਂਦਰ ਸਰਕਾਰ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਭਗਵੰਤ ਮਾਨ ਨੇ ਰੇਲ ਗੱਡੀਆਂ ਨੂੰ ਰੋਕ ਲਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਤੇ ਇੱਕਜੁੱਟਤਾ ਤੋਂ ਬੁਖਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨਾਲ ਬਦਲੇਖ਼ੋਰੀ ‘ਤੇ ਉੱਤਰ ਆਏ ਹਨ।

ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ “ਮਾਲ ਗੱਡੀਆਂ ਚਲਾਉਣ ਲਈ ਕੇਂਦਰ ਵੱਲੋਂ ਯਾਤਰੂ ਰੇਲ ਗੱਡੀਆਂ ਚੱਲਣ ਦੇਣ ਦੀ ਸ਼ਰਤ ਬਾਂਹ ਮਰੋੜ ਕੇ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਸਾਜ਼ਿਸ਼ ਹੈ ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਭਗਵੰਤ ਮਾਨ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਹੰਕਾਰੀ ਤੇ ਤਾਨਾਸ਼ਾਹੀ ਰਵੱਈਆ ਤਿਆਗ ਕੇ ਸੰਘਰਸ਼ਸ਼ੀਲ ਕਿਸਾਨਾਂ ਦੀ ਬਾਂਹ ਮਰੋੜਨ ਦੀ ਥਾਂ ਥੋਪੇ ਗਏ ਕਾਲੇ ਕਾਨੂੰਨ ਵਾਪਸ ਲੈ ਕੇ ਅੰਨਦਾਤਾ ਦੀ ਬਾਂਹ ਫੜਨੀ ਚਾਹੀਦੀ ਹੈ।”

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਿਸਾਨਾਂ ਦੀ ਗੱਲ ਸੁਣਨ ਤੋਂ ਇਸ ਲਈ ਭੱਜ ਰਹੇ ਹਨ, ਕਿਉਂਕਿ ਮੋਦੀ ਨੂੰ ਆਪਣੇ ਅੰਬਾਨੀ-ਆਡਨੀ ਵਰਗੇ ਕਾਰਪੋਰੇਟ ਘਰਾਨਿਆਂ ਦੇ ਹਿਤ ਜ਼ਿਆਦਾ ਪਿਆਰੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਦੀ ਥਾਂ ਭਾਜਪਾਈ ਆਗੂਆਂ ਵੱਲੋਂ ਕਦੇ ਉਨ੍ਹਾਂ ਨੂੰ ਦਲਾਲ ਕਿਹਾ ਜਾਂਦਾ ਹੈ ਤੇ ਕਦੇ ਗੁਮਰਾਹ ਕਰਨ ਵਾਲੇ ਕਿਹਾ ਜਾਂਦਾ ਹੈ। ਮਾਨ ਨੇ ਮੋਦੀ ਸਮੇਤ ਪੂਰੀ ਭਾਜਪਾ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਜੇਕਰ ਖੇਤੀ ਬਾਰੇ ਕੇਂਦਰੀ ਕਾਨੂੰਨ ਐਨੇ ਹੀ ਕ੍ਰਾਂਤੀਕਾਰੀ ਹਨ, ਤਾਂ ਯੂਪੀ-ਬਿਹਾਰ ਦੇ ਬੇਵੱਸ ਕਿਸਾਨਾਂ ਤੋਂ ਅੱਧੇ ਮੁੱਲ ਝੋਨਾ ਖ਼ਰੀਦ ਕੇ ਵਿਚੋਲੀਏ ਪੰਜਾਬ ਦੀਆਂ ਮੰਡੀਆਂ ‘ਚ MSP ਉੱਪਰ ਵੇਚਣ ਦਾ ਗੋਰਖਧੰਦਾ ਕਿਉਂ ਚਲਾ ਰਹੇ ਹਨ?
Exit mobile version