‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੱਲ੍ਹ ਈਡੀ ਵੱਲੋਂ ਹਾਈਕੋਰਟ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਨੂੰ ਜਨਤਕ ਕਰਦਿਆਂ ਕਿਹਾ ਕਿ ਸਾਡੇ ‘ਤੇ ਬਹੁਤ ਸਾਰੇ ਝੂਠੇ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਮੇਰੇ ਖਿਲਾਫ ਅੱਜ ਤੱਕ ਕੋਈ ਐੱਫਆਈਆਰ ਦਰਜ ਨਹੀਂ ਹੈ। ਤੁਹਾਨੂੰ ਕਿਸਨੇ ਅਧਿਕਾਰ ਦਿੱਤਾ ਹੈ ਕਿ ਤੁਸੀਂ ਕਿਸੇ ਬੇਗੁਨਾਹ ਦੇ ਘਰ ਜਾ ਕੇ ਗੈਰ-ਕਾਨੂੰਨੀ ਰੇਡ ਕਰੋ। ਮੇਰੇ ਸਿਰ ‘ਤੇ 3 ਕਰੋੜ ਦਾ ਕਰਜ਼ਾ ਹੈ ਪਰ ਉਸ ਲੋਨ ਨੂੰ ਵੀ ਇਨ੍ਹਾਂ ਨੇ Un-Accounted Income ਵਿੱਚ ਪਾ ਦਿੱਤਾ ਅਤੇ ਉਸਨੂੰ ਲਗਭਗ 4 ਕਰੋੜ ਰੁਪਏ ਬਣਾਇਆ ਗਿਆ ਹੈ।
ਮੇਰੇ ‘ਤੇ ਇੱਕ ਹੋਰ ਇਲਜ਼ਾਮ ਲਗਾਇਆ ਗਿਆ ਕਿ ਮੈਂ 84 ਲੱਖ ਰੁਪਏ ਕੈਸ਼ ਟ੍ਰਾਂਸਫਰ ਕੀਤੇ ਹਨ। ਮੇਰੇ ਕੋਲ ਮੇਰੀ ਜ਼ਮੀਨ ਦੀ ਲਗਭਗ 25 ਲੱਖ ਰੁਪਏ ਸਾਲਾਨਾ ਆਮਦਨ ਹੈ। ਮੈਂ ਆਪਣੇ ਘਰ ਦੇ ਖਰਚੇ ਕੱਢਣ ਤੋਂ ਬਾਅਦ ਇੱਕ ਸਾਲ ਵਿੱਚ 25 ਲੱਖ ਰੁਪਏ ਵਿੱਚੋਂ 7 ਲੱਖ ਰੁਪਏ ਜਮ੍ਹਾਂ ਕਰਵਾ ਦਿੱਤਾ ਤਾਂ ਮੈਂ ਕਿਹੜੀ ਮਨੀ ਲਾਂਡਰਿੰਗ ਕਰ ਦਿੱਤੀ। ਪਿਛਲੇ 12 ਸਾਲਾਂ ਵਿੱਚ ਜੋ ਕੈਸ਼ ਡਿਪੋਜ਼ਿਟ ਗਏ ਹਨ, ਇਹ ਮੈਂ ਜ਼ਿਆਦਾਤਾਰ ਬੈਂਕਾਂ ਤੋਂ ਜੋ ਕਰਜ਼ੇ ਲਏ ਹੋਏ ਹਨ, ਉਸਦੀ ਵਿਆਜ਼ ਦੀ ਕੀਮਤ (Interest payment) ਨੂੰ ਮਨੀ ਲਾਂਡਰਿੰਗ ਦਾ ਨਾਂ ਦਿੱਤਾ ਗਿਆ ਹੈ। ਮੇਰੇ ਜਵਾਈ ਅਤੇ ਬੇਟੇ ਨੇ ਰਲ ਕੇ ਬਣਾਈ ਗਈ ਇੱਕ ਕੰਪਨੀ ਵਿੱਚ ਵਰਤੀ ਗਈ ਰਕਮ ਨੂੰ ਵੀ ਮਨੀ ਲਾਂਡਰਿੰਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਮੇਰੇ ਖਿਲਾਫ ਕੋਈ ਐੱਫਆਈਆਰ ਦਰਜ ਨਹੀਂ ਹੈ। ਸਾਲ 2015 ਵਿੱਚ ਗੁਰਦੇਵ ਸਿੰਘ ‘ਤੇ ਐੱਨਡੀਪੀਐੱਸਈ ਐੱਫਆਈਆਰ ਦਰਜ ਸੀ, ਉਸ ਐੱਫਆਈਆਰ ਦੇ ਆਧਾਰ ‘ਤੇ ਮੈਨੂੰ ਡਰੱਗ ਮਾਮਲੇ ਵਿੱਚ ਘੜੀਸਿਆ ਜਾ ਰਿਹਾ ਹੈ। ਗੁਰਦੇਵ ਸਿੰਘ ਮੇਰੇ ਹਲਕੇ ਦਾ ਮਾਰਕਿਟ ਕਮੇਟੀ ਦਾ ਸਾਬਕਾ ਚੇਅਰਮੈਨ ਸੀ। ਉਹ ਜਦੋਂ ਫੜਿਆ ਗਿਆ, ਉਦੋਂ ਗੁਰਦੇਵ ਸਿੰਘ ਨੇ ਮੈਨੂੰ ਮਦਦ ਕਰਨ ਲਈ ਕਿਹਾ ਸੀ ਪਰ ਮੈਂ ਉਦੋਂ ਪੁਲਿਸ ਅਧਿਕਾਰੀਆਂ ਨੂੰ ਫੋਨ ਕਰਕੇ ਕਿਹਾ ਸੀ ਕਿ ਕੋਈ ਬੇਗੁਨਾਹ ਨਾ ਫਸ ਜਾਵੇ। ਪਰ ਫਿਰ ਵੀ ਮੈਨੂੰ ਡਰੱਗ ਮਾਮਲੇ ਵਿੱਚ ਜੋੜਿਆ ਗਿਆ। ਮੇਰਾ ਗੁਰਦੇਵ ਸਿੰਘ ਨਾਲ ਕੋਈ ਇਸ ਤਰ੍ਹਾਂ ਦਾ ਸੰਪਰਕ ਨਹੀਂ ਰਿਹਾ ਹੈ। 2015 ਤੋਂ ਪਹਿਲਾਂ ਗੁਰਦੇਵ ਸਿੰਘ ‘ਤੇ ਕੋਈ ਐੱਫਆਈਆਰ ਦਰਜ ਨਹੀਂ ਸੀ। ਉਸ ਨਾਲ ਮੇਰਾ ਪੈਸੇ ਦਾ ਲੈਣ-ਦੇਣ ਬਿਲਕੁਲ ਨਹੀਂ ਸੀ।
ਈਡੀ ਨੇ ਜਦੋਂ ਮੇਰੇ ਘਰ ਛਾਪਾ ਮਾਰਿਆ, ਉਦੋਂ ਉਨ੍ਹਾਂ ਨੇ ਕਰੋਨਾ ਟੈਸਟ ਵੀ ਨਹੀਂ ਕਰਵਾਇਆ ਹੋਇਆ ਸੀ। ਉਸ ਤੋਂ ਕੁੱਝ ਸਮੇਂ ਬਾਅਦ ਹੀ ਮੇਰੇ ਦੋ ਸਾਥੀਆਂ ਨੂੰ ਕਰੋਨਾ ਹੋ ਗਿਆ ਹੈ, ਜੋ ਹੁਣ ਹਸਪਤਾਲ ਵਿੱਚ ਇਲਾਜ਼ ਲਈ ਦਾਖਲ ਹਨ।