The Khalas Tv Blog Punjab “ਨੀ ਮੈਂ ਸੱਸ ਕੁੱਟਣੀ” ਨੂੰ ਲੈ ਕੇ ਭੁਲੇਖਾ !
Punjab

“ਨੀ ਮੈਂ ਸੱਸ ਕੁੱਟਣੀ” ਨੂੰ ਲੈ ਕੇ ਭੁਲੇਖਾ !

‘ਦ ਖਾਲਸ ਬਿਊਰੋ:ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪੰਜਾਬੀ ਫਿਲਮ “ਨੀ ਮੈਂ ਸੱਸ ਕੁੱਟਣੀ” ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਫਿਲਮ ਵਿੱਚ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਨੀਸ਼ਾ ਬਾਨੋ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਫਿਲਮ ਦੇ ਨਾਂ ਸੱਸ ਕੁੱਟਣੀ ਨੂੰ ਲੈ ਕੇ ਥੋੜੀ ਜਿਹੀ ਉਲਝਣ ਹੈ, ਸਿਰਲੇਖ ਨੂੰ ਲੈ ਕੇ ਹੀ ਵਿਵਾਦ ਖੜਾ ਹੋ ਚੁੱਕਿਆ ਹੈ। ਬਾਨੋ ਨੇ ਕਿਹਾ ਕਿ ਫਿਲਮ ਦਾ ਨਾਂ ਕਾਫ਼ੀ ਪੁਰਾਣੇ ਸਮੇਂ ਤੋਂ ਪੈ ਰਹੀਆਂ ਬੋਲੀਆਂ ਵਿੱਚੋਂ ਲਿਆ ਗਿਆ ਹੈ, ਜਿਨ੍ਹਾਂ ਵਿੱਚ ਇਹ ਬੋਲੀ ਵੀ ਹੈ ਕਿ “ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਹਲੇ।” ਇਸ ਫਿਲਮ ਵਿੱਚ ਬਹੁਤ ਵਧੀਆ ਸੰਦੇਸ਼ ਦਿੱਤਾ ਗਿਆ ਹੈ, ਸੱਸ ਅਤੇ ਨੂੰਹ ਦਾ ਪਿਆਰ ਵਿਖਾਇਆ ਗਿਆ ਹੈ। ਫਿਲਮ ਵਿੱਚ ਵਿਵਾਦ ਵਾਲਾ ਕੁੱਝ ਨਹੀਂ ਹੈ। ਅਸੀਂ ਸਿਰਫ਼ ਫਿਲਮ ਦੇ ਨਾਂ ਨੂੰ ਲੈ ਕੇ ਪੂਰੀ ਫਿਲਮ ਨੂੰ ਗਲਤ ਨਹੀਂ ਸਮਝ ਸਕਦੇ ਕਿਉਂਕਿ ਸਾਰੇ ਅਦਾਕਾਰਾਂ ਦੀ ਬਹੁਤ ਮਿਹਨਤ ਲੱਗੀ ਹੁੰਦੀ ਹੈ। ਸਾਰੇ ਇਸ ਗੱਲ ਤੋਂ ਚਿੰਤਾ ਵਿੱਚ ਹਨ ਕਿ ਫਿਲਮ ਦਾ ਮੈਸੇਜ ਨੈਗੇਟਿਵ ਵਿੱਚ ਚਲਾ ਗਿਆ ਹੈ। ਪ੍ਰੋਡਿਊਸਰ ਅਤੇ ਫਿਲਮ ਦੇ ਲੇਖਕ ਜ਼ਰੂਰ ਕਮਿਸ਼ਨ ਦੇ ਦਫ਼ਤਰ ਜਾ ਕੇ ਆਪਣਾ ਸਪੱਸ਼ਟੀਕਰਨ ਦੇਣਗੇ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਨੀਸ਼ਾ ਬਾਨੋ ਨੂੰ ਜਵਾਬ ਦਿੰਦਿਆਂ ਕਿਹਾ ਕਿ ਸਾਡਾ ਇੱਦਾਂ ਦਾ ਕੋਈ ਮੰਤਵ ਨਹੀਂ ਹੈ। ਅਸੀਂ ਸਿਰਫ਼ ਫਿਲਮ ਦੇ ਨਾਂ ਨੂੰ ਲੈ ਕੇ ਟੀਮ ਤੋਂ ਸਿਰਫ਼ ਸਪੱਸ਼ਟੀਕਰਨ ਮੰਗਿਆ ਹੈ। ਪੰਜਾਬੀ ਫਿਲਮਾਂ ਦਾ ਮੈਂ ਹਮੇਸ਼ਾ ਸਨਮਾਨ ਕਰਦੀ ਹਾਂ। ਬਸ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਇਸ ਫਿਲਮ ਦੇ ਪ੍ਰੋਡਿਊਸਰ ਮੋਹਿਤ ਬਨਵੈਤ ਨੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਫਿਲਮ ਦਾ ਨਾਂ ਅਸੀਂ ਪੁਰਾਣੇ ਲੋਕ ਗੀਤ, ਲੋਕ ਬੋਲੀਆਂ ਵਿੱਚੋਂ ਚੁੱਕਿਆ ਹੈ। ਅਸੀਂ ਕਰੋੜਾਂ ਰੁਪਏ ਲੋਕਾਂ ਨੂੰ ਗਲਤ ਸਿੱਖਿਆ ਦੇਣ ਵਾਲੀਆਂ ਫਿਲਮਾਂ ਉੱਤੇ ਤਾਂ ਨਹੀਂ ਲਾਵਾਂਗੇ। ਇਸ ਫਿਲਮ ਵਿੱਚ ਅਸੀਂ ਘਰ ਨੂੰ ਜੋੜਨ ਵਾਲੀ ਗੱਲ ਕੀਤੀ ਹੈ। ਮੇਰਾ ਹਰ ਫਿਲਮ ਵਿੱਚ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਹੁੰਦੀ ਹੈ।

ਕਮਿਸ਼ਨ ਨੇ ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੁਹਾਲੀ ‘ਚ ਸਥਿਤ ਦਫ਼ਤਰ ਵਿਖੇ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਤਲਬ ਕੀਤਾ ਗਿਆ ਹੈ। ਉਨ੍ਹਾਂ ਨੂੰ ਫਿਲਮ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਕਿ ਇਸ ਨਾਲ ਸਮਾਜ ਵਿੱਚ ਉਹ ਕੀ ਸੁਨੇਹਾ ਦੇਣਾ ਚਾਹੁੰਦੇ ਹਨ। ਇਹ ਫਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਮਿਸ਼ਨ ਮੁਤਾਬਕ ਇਸ ਫਿਲਮ ਦੇ ਨਾਂ “ਨੀ ਮੈਂ ਸੱਸ ਕੁੱਟਣੀ” ਰੱਖਿਆ ਗਿਆ ਹੈ, ਜਿਸ ਨਾਲ ਸਮਾਜ ਵਿੱਚ ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ।

Exit mobile version