The Khalas Tv Blog Punjab ਮਾਂ ਬੋਲੀ ਦੇ ਪ੍ਰਸ਼ਨ ਪੱਤਰ ਵਿੱਚ ਪੰਜਾਬੀ ‘ਚ ਗਲ਼ਤੀਆਂ, ਕਾਰਵਾਈ ਕਰਨ ਦੀ ਉੱਠੀ ਮੰਗ…
Punjab

ਮਾਂ ਬੋਲੀ ਦੇ ਪ੍ਰਸ਼ਨ ਪੱਤਰ ਵਿੱਚ ਪੰਜਾਬੀ ‘ਚ ਗਲ਼ਤੀਆਂ, ਕਾਰਵਾਈ ਕਰਨ ਦੀ ਉੱਠੀ ਮੰਗ…

ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਪੰਜਾਬੀ ਪ੍ਰਸ਼ਨ ਪੱਤਰ ਵਿੱਚ ਗਲ਼ਤੀਆਂ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗੀ ਉੱਠੀ ਹੈ।

ਚੰਡੀਗੜ੍ਹ : 21 ਫਰਵਰੀ ਨੂੰ ਪੰਜਾਬ ਵਿੱਚ ਮਾਂ ਬੋਲੀ ਦਿਹਾੜਾ(International Mother Language Day) ਮਨਾਇਆ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬੀ ਦੇ ਪੇਪਰ ਵਿੱਚ ਗਲ਼ਤੀਆਂ ਨੇ ਪੰਜਾਬੀ ਬੋਲੀ ਨੂੰ ਹੀ ਸ਼ਰਮਸਾਰ ਕੀਤਾ ਹੈ। ਸਿੱਖਿਆਰਥੀਆਂ ਤੋਂ ਗ਼ਲਤੀ ਹੋਣਾ ਕੋਈ ਵੱਡੀ ਗੱਲ ਨਹੀਂ, ਪਰ ਜੇ ਅਧਿਆਪਕ ਹੀ ਗ਼ਲਤੀ ਕਰ ਦੇਵੇ ਤਾਂ ਫੇਰ ਕੀ ਕਹੋਗੇ। ਇਸ ਤੋਂ ਵੀ ਵੱਡੀ ਗੱਲ ਜੇ ਮਾਂ ਬੋਲੀ ਲਈ ਸੇਵਾ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਅਦਾਰੇ ਤੋਂ ਹੀ ਗਲ਼ਤੀ ਹੋਵੇ ਤਾਂ ਫੇਰ ਕੀ ਹੋਵੇਗਾ।

ਅਸਲ ਵਿੱਚ ਇੰਨਾ ਦਿਨਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ(Punjab School Education Board) ਦੇ ਬਾਰਵੀਂ ਜਮਾਤ ਦੇ ਸਾਲਾਨਾ ਪੇਪਰ ਚੱਲ ਰਹੇ ਹਨ। 20 ਫਰਵਰੀ ਨੂੰ ਪੰਜਾਬੀ ਦਾ ਜਨਰਲ ਪੇਪਰ ਹੋਇਆ। ਪੰਜਾਬੀ ਦੇ ਪ੍ਰਸ਼ਨ ਪੱਤਰ ਵਿੱਚ ਏਨੀਆਂ ਗਲ਼ਤੀਆਂ ਹਨ ਹਨ ਕਿ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਵਿੱਚ ਨਾ ਸਿਰਫ਼ ਸ਼ਬਦਾਂ ਵਿੱਚ ਬਲਕਿ ਵਿਆਕਰਨ ਵਿੱਚ ਵੀ ਗਲ਼ਤੀਆਂ ਹਨ। ਐਨਾ ਹੀ ਨਹੀਂ ਪੰਜਾਬੀ ਭਾਸ਼ਾ ਦੇ ਪੇਪਰ ਵਿੱਚ ਹਿੰਦੀ ਦੇ ਸ਼ਬਦ ਸ਼ਾਮਲ ਕੀਤੇ ਹੋਏ ਹਨ।

-ਪ੍ਰਸ਼ਨ ਪੱਤਰ ਦੇ ਸ਼ੁਰੂ ਵਿੱਚ ਹੀ ਸਹੀ ਸ਼ਬਦ ਸਾਲਾਨਾ ਦੀ ਥਾਂ ਸਲਾਨਾ ਅਤੇ ਪ੍ਰਣਾਲੀ ਦੀ ਥਾਂ ਗ਼ਲਤ ਸ਼ਬਦ ਪ੍ਰਨਾਲ਼ੀ ਦੇਖਿਆ ਜਾ ਸਕਦਾ ਹੈ।
-ਸੱਭਿਅਕ ਦੀ ਥਾਂ ਹਿੰਦੀ ਦਾ ਸ਼ਬਦ ‘ਸੱਭਯ’
– ਸੰਯੁਕਤ ਦੀ ਥਾਂ ਗ਼ਲਤ ਸ਼ਬਦ ਸੰਜੁਗਤ
-ਵਿਸਮਕ ਦੀ ਥਾਂ ਵਿਸ਼ਮੇ ਲਿਖਿਆ ਗਿਆ ਹੈ
– ਮੂੰਹੋਂ ਦੀ ਥਾਂ ਮੂੰਹੋ ਲਿਖਿਆ ਗਿਆ ਹੈ।
-ਬੰਦਾ ਦੀ ਥਾਂ ਬੰਦਾਂ
-ਕਿਰਸਾਨੀ ਦੀ ਥਾਂ ਕਿਰਸਾਣੀ ਲਿਖਿਆ ਗਿਆ ਹੈ।
-ਪੌਰਾਣਿਕ ਦੀ ਥਾਂ ਪੁਰਾਣਿਕ ਲਿਖਿਆ ਹੈ।
– ਸ਼ੋਭਾ ਦੀ ਥਾਂ ਸੋਭਾ ਲਿਖਿਆ ਗਿਆ ਹੈ।

ਪੰਜਾਬੀ ਵਿੱਚ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਸੱਭਯ, ਦੁਆਰਾ, ਮਾਨੋ ਆਦਿ। ਪ੍ਰਸ਼ਨ ਪੱਤਰ ਦੇ ਪੰਜਵੇਂ ਪੈਰੇ ਵਿੱਚ ਤੁਸੀਂ ਹਿੰਦੀ ਦੇ ਸ਼ਬਦ ਇਸਤੇਮਾਲ ਕੀਤੇ ਆਮ ਦੇਖ ਸਕਦੇ ਹੋ। ਸ਼ਬਦਾਂ ਤੋਂ ਇਲਾਵਾ ਵਿਆਕਰਨ ਗਲਤੀਆਂ ਵੀ ਹਨ। ਜਿੱਥੇ ਲੋੜ ਵੀ ਨਹੀਂ ਉੱਥੇ ਵੀ ਹਾਈਫਨ ਦੀ ਵਰਤੋਂ ਕੀਤੀ ਗਈ ਹੈ। ਅੱਖਰਾਂ ਦੇ ਪੈਰ ਵਿੱਚ ਬਿੰਦੀ ਵਰਤੋਂ ਆਮ ਕੀਤੀ ਗਈ ਹੈ।
ਇਹ ਤਾਂ ਆਮ ਵਿਅਕਤੀ ਹੀ ਗ਼ਲਤੀ ਕੱਢ ਰਿਹਾ ਹੈ। ਭਾਸ਼ਾ ਵਿਗਿਆਨੀ ਤਾਂ ਇਸ ਤੋਂ ਵੀ ਵੱਧ ਗ਼ਲਤੀ ਕੱਢ ਸਕਦੇ ਹਨ।

ਪੰਜਾਬੀ ਬੋਲੀ ਲਈ ਜੱਦੋ ਜਹਿਦ ਕਰਨ ਵਾਲੇ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਧਰਨੇਵਰ ਦਾ ਵੀ ਇਸ ਮਾਮਲੇ ਵਿੱਚ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਵਿੱਚ ਗਲਤੀਆਂ ਕਰਨਾ ਪਾਪ ਹੈ। ਉਹ ਇਸ ਮਾਮਲੇ ਨੂੰ ਪੰਜਾਬ ਸਰਕਾਰ ਕੋਲ ਲੈ ਕੇ ਜਾਣਗੇ।

panditrao dharennavar, punjabi language, punjab news, pseb mohali, 12th class punjabi paper
ਪੰਜਾਬੀ ਬੋਲੀ ਲਈ ਜੱਦੋ ਜਹਿਦ ਕਰਨ ਵਾਲੇ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਧਰਨੇਵਰ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਸਰਕਾਰੀ ਅਦਾਰੇ ਵਿੱਚ ਪੰਜਾਬੀ ਭਾਸ਼ਾ ਵਿੱਚ ਸ਼ਬਦਾਂ ਦੀ ਗ਼ਲਤੀ ਕੋਈ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ। ਪਰ ਸਵਾਲ ਇਹ ਹੈ ਕਿ ਇਹ ਵਾਰ ਵਾਰ ਕਿਉਂ ਹੁੰਦਾ ਹੈ। ਕੀ ਇਸ ਦੇ ਪਿੱਛੇ ਸੰਜੀਦਗੀ ਦੀ ਘਾਟ ਹੈ ਜਾਂ ਫੇਰ ਕੋਈ ਹੋਰ ਕਾਰਨ ਹੈ।

Exit mobile version