The Khalas Tv Blog India ਪਟਿਆਲਾ ਲਾਅ ਯੂਨੀਵਰਸਿਟੀ ’ਚੋਂ ਰਾਜੀਵ ਗਾਂਧੀ ਦਾ ਨਾਮ ਹਟਾਉਣ ਦੀ ਮੰਗ, ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ
India Punjab

ਪਟਿਆਲਾ ਲਾਅ ਯੂਨੀਵਰਸਿਟੀ ’ਚੋਂ ਰਾਜੀਵ ਗਾਂਧੀ ਦਾ ਨਾਮ ਹਟਾਉਣ ਦੀ ਮੰਗ, ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ

ਚੰਡੀਗੜ੍ਹ (16 ਮਾਰਚ, 2026): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਅੱਜ ‘ਮਿਸਲ ਸਤਲੁਜ’ ਜਥੇਬੰਦੀ ਵੱਲੋਂ ਯੂਥ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ‘ਅਲਾਲ’ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪਟਿਆਲਾ ਸਥਿਤ ‘ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ’ ਦੇ ਨਾਮ ਵਿੱਚੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਮ ਤੁਰੰਤ ਹਟਾਇਆ ਜਾਵੇ।

ਯਾਦੂ ਅਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਪਹਿਲਾਂ ਹੀ ਨਾਮ ਬਦਲਣ ਦਾ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜ ਚੁੱਕੀ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ 10 ਦਿਨ ਚੱਲੇ ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਨੇ ਇਸ ਮਹੱਤਵਪੂਰਨ ਮਸਲੇ ’ਤੇ ਕੋਈ ਵਿਚਾਰ ਨਹੀਂ ਕੀਤਾ ਅਤੇ ਪੂਰਾ ਸਮਾਂ ਆਪਸੀ ਦੂਸ਼ਣਬਾਜ਼ੀ ਵਿੱਚ ਹੀ ਲੰਘਾ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਨੂੰ ‘ਵੱਡਾ ਦਰਖ਼ਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ’ ਵਰਗੇ ਬਿਆਨਾਂ ਨਾਲ ਜਾਇਜ਼ ਠਹਿਰਾਉਣ ਵਾਲੇ ਵਿਅਕਤੀ ਦੇ ਨਾਮ ’ਤੇ ਸਿੱਖਿਆ ਸੰਸਥਾ ਦਾ ਨਾਮ ਹੋਣਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। 

ਹਰਜੀਤ ਸਿੰਘ ਖਿਜ਼ਰਾਬਾਦ ਨੇ ਕਿਹਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਨਾਮ ’ਤੇ ਲਾਅ ਯੂਨੀਵਰਸਿਟੀ ਦਾ ਨਾਮ ਰੱਖਣਾ ਨਿਆਂ ਪ੍ਰਣਾਲੀ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਨਾ ਸਿਰਫ਼ ਇਸ ਯੂਨੀਵਰਸਿਟੀ, ਸਗੋਂ ਸਾਰੀਆਂ ਸੰਸਥਾਵਾਂ ਵਿੱਚੋਂ ਰਾਜੀਵ ਗਾਂਧੀ ਦਾ ਨਾਮ ਹਟਾਇਆ ਜਾਵੇ।

Exit mobile version