The Khalas Tv Blog India ਲੱਖਾ ਸਿਧਾਣਾ ਕਰਕੇ ਕਿਸਾਨਾਂ ਦੀ ਫਸਲ ਤਬਾਹ ਹੋਈ, ਪੜ੍ਹੋ ਪੂਰੀ ਖਬਰ
India Punjab

ਲੱਖਾ ਸਿਧਾਣਾ ਕਰਕੇ ਕਿਸਾਨਾਂ ਦੀ ਫਸਲ ਤਬਾਹ ਹੋਈ, ਪੜ੍ਹੋ ਪੂਰੀ ਖਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਦੇ ਪਾਤੜਾਂ ਦੇ ਕਿਸਾਨਾਂ ਨੇ ਸਮਾਜਿਕ ਕਾਰਕੁੰਨ ਲੱਖਾ ਸਿਧਾਣਾਂ ਨੂੰ ਅਡਾਨੀ ਅਤੇ ਅੰਬਾਨੀ ਦੇ ਬਰਾਬਰ ਕਰਾਰ ਦਿੱਤਾ ਹੈ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਉਸਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉੱਥੋਂ ਦੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਹੁਣ ਕਿਸਾਨ ਜਥੇਬੰਦੀਆਂ ਵਾਲੇ ਸਾਡੇ ਪਿੰਡਾਂ ਵਿੱਚ ਵੜ੍ਹੇ ਤਾਂ ਅਸੀਂ ਉਹਨਾਂ ਦਾ ਵੀ ਘਿਰਾਓ ਕਰਾਂਗੇ। ਦਰਅਸਲ, ਲੱਖਾ ਸਿਧਾਣਾਂ ਨੇ ਪੰਜਾਬ ਵਿੱਚ ਦੂਸਰੇ ਸੂਬਿਆਂ ਤੋਂ ਆਉਂਦੇ ਝੋਨੇ ਦੇ ਟਰੱਕ ਪਾਤੜਾਂ ਵਿੱਚ ਰੋਕ ਦਿੱਤੇ ਸਨ। ‌ਇਸ ਮਾਮਲੇ ਵਿੱਚ ਪੈਦਾ ਹੋਏ ਟਕਰਾਅ ਦੇ ਨਤੀਜੇ ਵਜੋਂ ਪਾਤੜਾਂ ਮੰਡੀ ਵਿੱਚ ਝੋਨੇ ਦੀ ਖਰੀਦ ਚਾਰ ਦਿਨਾਂ ਲਈ ਬੰਦ ਹੋ ਗਈ ਸੀ। ਇੰਨੇ ਨੂੰ ਕੁਦਰਤ ਦਾ ਕਹਿਰ ਵਾਪਰਿਆ ਅਤੇ ਭਾਰੀ ਮੀਂਹ ਅਤੇ ਗੜ੍ਹੇਮਾਰੀ ਹੋ ਗਈ, ਜਿਸ ਨਾਲ ਮੰਡੀਆਂ ਵਿੱਚ ਪਿਆ ਝੋਨਾ ਬੁਰੀ ਤਰ੍ਹਾਂ ਪਾਣੀ ਨਾਲ ਭਰ ਗਿਆ। ਇਸ ਕਰਕੇ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਨਾਲ ਭਿੱਜ ਗਈ ਤੇ ਵਿਕਣ ਤੋਂ ਖੁੰਝ ਗਈ।

ਹਾਲਾਤ ਇਸ ਕਦਰ ਬਦ ਤੋਂ ਬਦਤਰ ਹੋ ਗਏ ਕਿ ਕਿਸਾਨ ਪਾਣੀ ਨਾਲ ਭਿੱਜਿਆ ਝੋਨਾ ਮੁੜ ਟਰਾਲੀਆਂ ਵਿੱਚ ਲੱਦ ਕੇ ਘਰ ਲਿਜਾਣ ਲਈ ਮਜ਼ਬੂਰ ਹੋ ਗਏ। ਕਿਸਾਨਾਂ ਨੇ ਇਹਨਾਂ ਸਾਰੇ ਹਾਲਾਤਾਂ ਲਈ ਲੱਖਾ ਸਿਧਾਣਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਹੈ ਕਿ ਪਾਤੜਾਂ ਮੰਡੀ ਵਿੱਚ ਝੋਨਾ ਸਭ ਤੋਂ ਚੰਗੇ ਢੰਗ ਨਾਲ ਵਿਕਦਾ ਸੀ ਅਤੇ ਰੇਟ ਵੀ ਬਾਕੀ ਮੰਡੀਆਂ ਨਾਲੋਂ ਤੇਜ਼ ਸੀ ਪਰ ਲੱਖਾ ਸਿਧਾਣਾ ਵੱਲੋਂ ਬਣਾਏ ਹਾਲਾਤਾਂ ਕਾਰਨ ਸਭ ਕੁੱਝ ਖੂਹ-ਖਾਤੇ ਪੈ ਗਿਆ ਹੈ।

Exit mobile version