The Khalas Tv Blog India ਉੱਡਣੇ ਸਿੱਖ ਮਿਲਖਾ ਸਿੰਘ ਦੇ ਨਾਲ ਖਤਮ ਹੋਇਆ ਭਾਰਤੀ ਖੇਡਾਂ ਦਾ ਸੁਨਹਿਰੀ ਪੰਨਾ
India Punjab

ਉੱਡਣੇ ਸਿੱਖ ਮਿਲਖਾ ਸਿੰਘ ਦੇ ਨਾਲ ਖਤਮ ਹੋਇਆ ਭਾਰਤੀ ਖੇਡਾਂ ਦਾ ਸੁਨਹਿਰੀ ਪੰਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਡਣੇ ਸਿੱਖ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ 5 ਦਿਨਾਂ ਦੇ ਅੰਤਰ ਵਿੱਚ ਇਸ ਦੁਨੀਆ ਤੋਂ ਜਾ ਕੇ ਕਿਸੇ ਹੋਰ ਦੁਨੀਆ ਵਿੱਚ ਇਕੱਠੇ ਹੋ ਗਏ ਹਨ। ਭਾਰਤ ਦੇ ਮਸ਼ਹੂਰ ਐਥਲੀਟ, ਭਾਰਤ ਦੇ ਖੇਡ ਜਗਤ ਵਿੱਚ ਇਤਿਹਾਸ ਰਚਣ ਵਾਲੇ ਮਿਲਖਾ ਸਿੰਘ ਦਾ ਕੱਲ੍ਹ ਦੇਰ ਰਾਤ ਨੂੰ ਕਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਫਲਾਇੰਗ ਸਿੱਖ ਮਿਲਖਾ ਸਿੰਘ ਦੀ ਮੌਤ ਨਾਲ ਭਾਰਤੀ ਖੇਡਾਂ ਦੇ ਸੁਨਹਿਰੀ ਪੰਨੇ ਦਾ ਅੰਤ ਹੋ ਗਿਆ ਹੈ। ਪਿਛਲੇ ਹਫ਼ਤੇ ਹੀ ਉਨ੍ਹਾਂ ਦੀ ਪਤਨੀ ਤੇ ਸਾਬਕਾ ਐਥਲੀਟ ਨਿਰਮਲ ਮਿਲਖਾ ਸਿੰਘ ਦਾ ਕਰੋਨਾ ਕਾਰਨ ਦੇਹਾਂਤ 83 ਸਾਲ ਦੀ ਉਮਰ ਵਿੱਚ ਹੋਇਆ ਸੀ।

Milkha Singh Battles "Rough Day", Oxygen Saturation Level Dips | Athletics  News

ਕਿੱਥੇ ਲਏ ਆਖਰੀ ਸਾਹ

ਉਨ੍ਹਾਂ ਨੇ ਆਖਰੀ ਸਾਹ ਪੀਜੀਆਈ ਚੰਡੀਗੜ੍ਹ ਵਿੱਚ ਲਏ। ਪੀਜੀਆਈ ਨੇ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਉਨ੍ਹਾਂ ਦੀ ਮੌਤ ਸ਼ੁੱਕਰਵਾਰ ਰਾਤ 11.30 ਵਜੇ ਹੋਈ। ਮਸ਼ਹੂਰ ਦੌੜਾਕ ਮਿਲਖਾ ਸਿੰਘ ਨੂੰ 3 ਜੂਨ 2021 ਨੂੰ ਕਰੋਨਾ ਪਾਜ਼ੀਟਿਵ ਹੋਣ ਕਾਰਨ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦਾ ਇਲਾਜ 13 ਜੂਨ ਤੱਕ ਚੱਲਿਆ, ਜਿਸ ਮਗਰੋਂ ਉਨ੍ਹਾਂ ਦਾ ਕੋਵਿਡ ਟੈਸਟ ਨੈਗੇਟਿਵ ਆ ਗਿਆ ਸੀ। ਪਰ ਕੋਵਿਡ ਤੋਂ ਬਾਅਦ ਦੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਕੋਵਿਡ ਹਸਪਤਾਲ ਤੋਂ ਮੈਡੀਕਲ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਮੈਡੀਕਲ ਟੀਮ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਿਲਖਾ ਸਿੰਘ ਨੂੰ ਨਹੀਂ ਬਚਾਇਆ ਜਾ ਸਕਿਆ। 18 ਜੂਨ ਨੂੰ ਰਾਤ 11.30 ਵਜੇ ਉਨ੍ਹਾਂ ਨੇ ਪੀਜੀਆਈ ਵਿੱਚ ਆਖਰੀ ਸਾਹ ਲਏ।”

ਕਿਵੇਂ ਤੇਂ ਕਿੱਥੇ ਦੌੜੀ ਸੀ ਆਪਣੀ ਪਹਿਲੀ ਦੌੜ

ਮਿਲਖਾ ਸਿੰਘ ਦੀ ਦੌੜ ਦੀ ਸ਼ੁਰੂਆਤ ਦਾ ਪੱਖ ਵੀ ਬਹੁਤ ਦਿਲਚਸਪ ਹੈ। 1947 ਤੋਂ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਸਾਲ 1932 ‘ਚ ਜਨਮੇ ਮਿਲਖਾ ਸਿੰਘ ਦੀ ਕਹਾਣੀ ਜੋਸ਼ ਅਤੇ ਦ੍ਰਿੜਤਾ ਨਾਲ ਭਰਪੂਰ ਹੈ। ਮਿਲਖਾ ਸਿੰਘ ਉਹ ਵਿਅਕਤੀ ਸੀ, ਜੋ ’47 ਦੀ ਵੰਡ ਦੇ ਦੰਗਿਆਂ ‘ਚ ਮੁਸ਼ਕਲ ਨਾਲ ਬਚ ਗਿਆ ਸੀ। ਮਿਲਖਾ ਸਿੰਘ ਦੇ ਪਰਿਵਾਰ ਦੇ ਕਈ ਮੈਂਬਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਗਏ ਸਨ। ਮਿਲਖਾ ਸਿੰਘ ਨੂੰ ਟ੍ਰੇਨ ‘ਚ ਬਿਨ੍ਹਾਂ ਟਿਕਟ ਦੇ ਸਫ਼ਰ ਕਰਦਿਆਂ ਫੜਿਆ ਗਿਆ ਸੀ ਅਤੇ ਇਸ ਕਰਕੇ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪਈ ਸੀ। ਜੇਲ੍ਹ ਵਿੱਚ ਮਿਲਖਾ ਸਿੰਘ ਨੇ ਦੁੱਧ ਦੇ ਇੱਕ ਗਿਲਾਸ ਲਈ ਫੌਜ ਦੀ ਦੌੜ ‘ਚ ਹਿੱਸਾ ਲਿਆ ਸੀ, ਜੋ ਕਿ ਬਾਅਦ ਵਿੱਚ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣ ਕੇ ਉਭਰਿਆ।

ਮਿਲਖਾ ਸਿੰਘ ਦਾ ਖੇਡ ਜਗਤ ਕਿਵੇਂ ਦਾ ਸੀ

ਮਿਲਖਾ ਸਿੰਘ ਨੇ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਉਸ ਸਮੇਂ ਬਣਾਈ ਸੀ, ਜਦੋਂ ਉਨ੍ਹਾਂ ਨੇ ਕਾਰਡਿਫ ਰਾਸ਼ਟਰਮੰਡਲ ਖੇਡਾਂ ‘ਚ ਤਤਕਾਲੀ ਵਿਸ਼ਵ ਰਿਕਾਰਡ ਧਾਰਕ ਮੈਲਕਮ ਸਪੈਨਸ ਨੂੰ 440 ਗਜ਼ ਦੀ ਦੌੜ ‘ਚ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਸੀ।

ਕਿੱਥੋਂ ਮਿਲਿਆ ‘ਉੱਡਣ ਸਿੱਖ’ ਖਿਤਾਬ

1960 ‘ਚ ਮਿਲਖਾ ਸਿੰਘ ਨੂੰ ਪਾਕਿਸਤਾਨ ਤੋਂ ਸੱਦਾ ਆਇਆ ਸੀ ਕਿ ਉਹ ਭਾਰਤ-ਪਾਕਿਸਤਾਨ ਐਥਲੈਟਿਕਸ ਮੁਕਾਬਲੇ ‘ਚ ਹਿੱਸਾ ਲੈਣ। ਟੋਕਿਓ ਏਸ਼ੀਅਨ ਖੇਡਾਂ ‘ਚ ਉਨ੍ਹਾਂ ਨੇ ਉੱਥੋਂ ਦੇ ਸਰਬੋਤਮ ਦੌੜਾਕ ਅਬਦੁੱਲ ਖ਼ਾਲਿਕ ਨੂੰ ਫੋਟੋ ਫਿਨਿਸ਼ ‘ਚ 200 ਮੀਟਰ ਦੀ ਦੌੜ ‘ਚ ਮਾਤ ਦਿੱਤੀ ਸੀ। ਪਾਕਿਸਤਾਨੀ ਚਾਹੁੰਦਾ ਸੀ ਕਿ ਦੋਵਾਂ ਦਾ ਮੁਕਾਬਲਾ ਪਾਕਿਸਤਾਨ ਦੀ ਜ਼ਮੀਨ ‘ਤੇ ਆਯੋਜਿਤ ਹੋਵੇ।

ਮਿਲਖਾ ਸਿੰਘ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਵੰਡ ਦੇ ਸਮੇਂ ਦੀਆਂ ਬਹੁਤ ਸਾਰੀਆਂ ਕੌੜੀਆਂ ਯਾਦਾਂ ਉਨ੍ਹਾਂ ਦੇ ਦਿਲੋ-ਦਿਮਾਗ ‘ਚ ਘੁੰਮ ਰਹੀਆਂ ਸਨ। ਉਨ੍ਹਾਂ ਦੀਆਂ ਅੱਖਾਂ ਅੱਗੇ ਉਹ ਘਟਨਾ ਵਾਰ-ਵਾਰ ਆ ਜਾਂਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪਰ ਨਹਿਰੂ ਦੇ ਕਹਿਣ ‘ਤੇ ਮਿਲਖਾ ਸਿੰਘ ਪਾਕਿਸਤਾਨ ਗਏ।

ਲਾਹੌਰ ਦੇ ਸਟੇਡੀਅਮ ‘ਚ ਜਿਵੇਂ ਹੀ ਸਟਾਰਟਰ ਨੇ ਪਿਸਤੌਲ ਦਾਗੀ, ਮਿਲਖਾ ਸਿੰਘ ਨੇ ਦੌੜਨਾ ਸ਼ੂਰੂ ਕਰ ਦਿੱਤਾ। “ਖ਼ਾਲਿਕ ਮਿਲਖਾ ਤੋਂ ਅੱਗੇ ਸਨ, ਪਰ 100 ਮੀਟਰ ਮੁਕੰਮਲ ਹੋਣ ਤੋਂ ਪਹਿਲਾਂ ਹੀ ਮਿਲਖਾ ਨੇ ਉਸ ਨੂੰ ਫੜ੍ਹ ਲਿਆ ਸੀ। ਇਸ ਤੋਂ ਬਾਅਦ ਖ਼ਾਲਿਕ ਪਛੜਦੇ ਗਏ। ਮਿਲਖਾ ਨੇ ਜਦੋਂ ਟੇਪ ਨੂੰ ਛੂਹਿਆ ਤਾਂ ਉਹ ਖ਼ਾਲਿਕ ਤੋਂ 10 ਗਜ਼ ਅੱਗੇ ਸਨ। ਜਦੋਂ ਦੌੜ ਖ਼ਤਮ ਹੋਈ ਤਾਂ ਖ਼ਾਲਿਕ ਮੈਦਾਨ ‘ਚ ਹੀ ਲੇਟ ਕੇ ਰੋਣ ਲੱਗ ਪਏ ਸਨ। ਮਿਲਖਾ ਸਿੰਘ ਉਨ੍ਹਾਂ ਦੇ ਕੋਲ ਗਏ ਅਤੇ ਖ਼ਾਲਿਕ ਦੀ ਪਿੱਠ ਥਾਪੜਦਿਆਂ ਬੋਲੇ, ” ਹਾਰ-ਜਿੱਤ ਤਾਂ ਖੇਡ ਦਾ ਹੀ ਹਿੱਸਾ ਹਨ। ਇਸ ਨੂੰ ਦਿਲ ਨਾਲ ਨਹੀਂ ਲਗਾਉਣਾ ਚਾਹੀਦਾ ਹੈ।”


ਦੌੜ ਤੋਂ ਬਾਅਦ ਮਿਲਖਾ ਸਿੰਘ ਨੇ ਵਿਕਟਰੀ ਲੈਪ ਲਗਾਇਆ। ਮਿਲਖਾ ਸਿੰਘ ਨੂੰ ਤਗਮਾ ਦਿੰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਫ਼ੀਲਡ ਮਾਰਸ਼ਲ ਅਯੂਬ ਖ਼ਾਨ ਨੇ ਕਿਹਾ, ” ਮਿਲਖਾ ਅੱਜ ਤੋਸੀਂ ਦੌੜੇ ਨਹੀਂ, ਉੱਡੇ ਹੋ। ਮੈਂ ਤੁਹਾਨੂੰ ਫਲਾਇੰਗ ਸਿੱਖ ਦਾ ਖ਼ਿਤਾਬ ਦਿੰਦਾ ਹਾਂ।”

ਵੱਖ-ਵੱਖ ਹਸਤੀਆਂ ਵੱਲੋਂ ਸ਼ਰਧਾਂਜਲੀ

ਮਿਲਖਾ ਸਿੰਘ ਦੇ ਜਾਣ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਆਪੋ-ਆਪਣੇ ਅੰਦਾਜ਼ ਵਿੱਚ ਯਾਦ ਕਰ ਰਿਹਾ ਹੈ, ਸ਼ਰਧਾਂਜਲੀ ਦੇ ਰਿਹਾ ਹੈ। ਭਾਰਤ ਦੇ ਮਸ਼ਹੂਰ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਮਿਲਖਾ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਮਸ਼ਹੂਰ ਸਨਅਤਕਾਰ ਅਨੰਦ ਮਹਿੰਦਰਾ ਨੇ ਮਿਲਖਾ ਸਿੰਘ ਬਾਰੇ ਕਾਫੀ ਭਾਵੁਕ ਸੰਦੇਸ਼ ਲਿਖਿਆ ਹੈ। ਉਨ੍ਹਾਂ ਕਿਹਾ ਕਿ, “ਸਾਡੀ ਪੀੜੀ ਕਿਵੇਂ ਦੱਸ ਸਕਦੀ ਹੈ ਕਿ ਮਿਲਖਾ ਸਿੰਘ ਸਾਡੇ ਲਈ ਕੀ ਸਨ? ਉਹ ਕੇਵਲ ਇੱਕ ਐਥਲੀਟ ਨਹੀਂ ਸਨ, ਜੋ ਸਮਾਜ ਬਸਤੀਵਾਦ ਦੀ ਚੁਣੌਤੀਆਂ ਨਾਲ ਜੂਝ ਰਿਹਾ ਸੀ, ਉਸ ਦੇ ਲਈ ਮਿਲਖਾ ਸਿੰਘ ਇੱਕ ਉਮੀਦ ਸਨ ਕਿ ਅਸੀਂ ਵੀ ਦੁਨੀਆਂ ਵਿੱਚ ਸਭ ਤੋਂ ਬਿਹਤਰੀਨ ਬਣ ਸਕਦੇ ਹਾਂ। ਮਿਲਖਾ ਸਿੰਘ ਸਾਨੂੰ ਆਤਮ ਵਿਸ਼ਵਾਸ ਦੇਣ ਲਈ ਧੰਨਵਾਦ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਮਿਲਖਾ ਸਿੰਘ ਦੇ ਰੂਪ ਵਿੱਚ ਇੱਕ ਮਹਾਨ ਖਿਡਾਰੀ ਗੁਆਇਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਿਲਖਾ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਤੇ ਭਾਰਤ ਦੇ ਇੱਕ ਦੌਰ ਦਾ ਅੰਤ ਹੋਇਆ ਹੈ।

ਬਾਲੀਵੁੱਡ ਅਦਾਕਾਰ ਅਤੇ ਮਿਲਖਾ ਸਿੰਘ ਦੇ ਕਿਰਦਾਰ ਨੂੰ ਸਾਕਾਰ ਕਰਨ ਵਾਲੇ ਫ਼ਰਹਾਨ ਅਖ਼ਤਰ ਨੇ ਟਵਿੱਟਰ ਤੇ ਲਿਖਿਆ ਕਿ “ਮੇਰਾ ਇੱਕ ਹਿੱਸਾ ਅਜੇ ਵੀ ਇਹ ਮੰਨਣ ਤੋਂ ਇਨਕਾਰੀ ਹੈ ਕਿ ਤੁਸੀਂ ਨਹੀਂ ਰਹੇ। ਇਹ ਸ਼ਾਇਦ ਉਹ ਜਿੱਦੀ ਪਹਿਲੂ ਹੈ, ਜੋ ਮੈਂ ਤੁਹਾਡੇ ਤੋਂ ਲਿਆ ਹੈ। ਜੋ ਜਿੱਦ ਜਦੋਂ ਕੁਝ ਮਨ ਵਿੱਚ ਧਾਰ ਲੈਂਦੀ ਹੈ ਤਾਂ ਬਸ ਉਸ ਦਾ ਪਿੱਛਾ ਨਹੀਂ ਛੱਡਦੀ। ਸੱਚਾਈ ਹੈ ਕਿ ਤੁਸੀਂ ਹਮੇਸ਼ਾ ਜਿਉਂਦੇ ਰਹੋਗੇ ਕਿਉਂਕਿ ਤੁਸੀਂ ਇੱਕ ਫਰਾਖ਼ ਦਿਲ, ਪਿਆਰੇ, ਨਿੱਘੇ, ਹਲੀਮ ਇਨਸਾਨ ਤੋਂ ਕਿਤੇ ਜ਼ਿਆਦਾ ਸੀ। ਤੁਸੀਂ ਇੱਕ ਸੁਪਨੇ ਦੀ ਨੁਮਾਇੰਦਗੀ ਕੀਤੀ।”

“ਤੁਸੀਂ ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਨੂੰ ਛੋਹਿਆ ਹੈ, ਜਿਨ੍ਹਾਂ ਨੇ ਤੁਹਾਨੂੰ ਇੱਕ ਪਿਤਾ ਅਤੇ ਮਿੱਤਰ ਵਜੋਂ ਜਾਣਿਆਂ ਉਨ੍ਹਾਂ ਲਈ ਇਹ ਇੱਕ ਨਿਆਮਤ ਸੀ। ਦੂਜਿਆਂ ਲਈ ਤੁਸੀਂ ਪ੍ਰੇਰਣਾ ਦੇ ਨਿਰੰਤਰ ਸੋਮੇ ਅਤੇ ਸਫ਼ਲਤਾ ਵਿੱਚ ਹਲੀਮੀ ਦੀ ਯਾਦ ਸੀ। ਮੈਂ ਤੁਹਾਨੂੰ ਆਪਣੇ ਸਮੁੱਚੇ ਦਿਲ ਨਾਲ ਪਿਆਰ ਕਰਦਾ ਹਾਂ!”

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਲਿਖਿਆ ਕਿ, “ਅਸੀਂ ਭਲੇ ਹੀ ਤੁਹਾਨੂੰ ਮੁਕੰਮਲ ਰੂਪ ਵਿੱਚ ਨਾ ਦੇਖਿਆ ਹੋਵੇ ਪਰ ਬਚਪਨ ਵਿੱਚ ਜਦੋਂ ਕਦੇ ਵੀ ਅਸੀ ਤੇਜ਼ ਦੌੜੇ ਤਾਂ ਮਿਲਖਾ ਸਿੰਘ ਵਾਂਗ ਦੌੜੇ। ਮੇਰੇ ਲਈ ਤੁਹਾਡੀ ਇਹੀ ਵਿਰਾਸਤ ਹੈ ਜੋ ਤੁਸੀਂ ਪਿੱਛੇ ਛੱਡ ਕੇ ਜਾ ਰਹੇ ਹੋ। ਤੁਸੀਂ ਸਿਰਫ਼ ਦੌੜੇ ਨਹੀਂ, ਤੁਸੀਂ ਪ੍ਰੇਰਿਤ ਕੀਤਾ।”

ਅਦਾਕਾਰ ਸ਼ਾਹਰੁਖ ਖ਼ਾਨ ਨੇ ਲਿਖਿਆ ਕਿ,” ਉੱਡਣਾ ਸਿੱਖ ਭਾਵੇਂ ਸ਼ਖ਼ਸ਼ੀ ਰੂਪ ਵਿੱਚ ਸਾਡੇ ਵਿਚਕਾਰ ਨਹੀਂ ਰਹਿਣਗੇ ਪਰ ਉਨ੍ਹਾਂ ਦੀ ਮੌਜੂਦਗੀ ਹਮੇਸ਼ਾ ਰਹੇਗੀ ਅਤੇ ਉਨ੍ਹਾਂ ਦੀ ਵਿਰਾਸਤ ਲਾਸਾਨੀ ਰਹੇਗੀ। ਮੇਰੇ ਲਈ ਇੱਕ ਪ੍ਰੇਰਨਾ, ਲੱਖਾਂ ਲੋਕਾਂ ਲਈ ਪ੍ਰੇਰਨਾ ਹੈ।”

ਅਦਾਕਾਰ ਅਕਸ਼ੇ ਕੁਮਾਰ ਨੇ ਲਿਖਿਆ ਕਿ,” ਮਿਲਖਾ ਸਿੰਘ ਜੀ ਦੀ ਮੌਤ ਬਾਰੇ ਸੁਣ ਕੇ ਬੇਹੱਦ ਦੁਖੀ ਹਾਂ। ਉਹ ਇੱਕ ਅਜਿਹਾ ਕਿਰਦਾਰ ਸਨ, ਜਿਸ ਨੂੰ ਪਰਦੇ ‘ਤੇ ਨਾ ਨਿਭਾ ਸਕਣ ਦਾ ਮੈਨੂੰ ਹਮੇਸ਼ਾ ਅਫ਼ਸੋਸ ਰਹੇਗਾ!

ਅਦਾਕਾਰ ਅਤੇ ਸਿਆਸਤਦਾਨ ਰਾਜ ਬੱਬਰ ਨੇ ਲਿਖਿਆ ਕਿ, “ਇਹ ਜਾਨਣਾ ਦੁੱਖਦਾਈ ਹੈ ਕਿ ਲਿਜੈਂਡਰੀ ਖਿਡਾਰੀ ਮਿਲਖਾ ਸਿੰਘ ਨਹੀਂ ਰਹੇ। ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਜੋ ਮਾਣ ਉਹ ਦੇਸ਼ ਲਈ ਲੈ ਕੇ ਆਏ, ਉਹ ਲੋਕ-ਕਥਾਵਾਂ ਦਾ ਹਿੱਸਾ ਹਨ। ਉੱਡਣੇ ਸਿੱਖ ਦੀ ਵਿਰਾਸਤ ਹਮੇਸ਼ਾ ਯਾਦ ਰੱਖੀ ਜਾਵੇਗੀ। ਸ਼ੁਕਰੀਆ ਸਰ, ਦੇਸ਼ ਲਈ ਤੁਹਾਡੀਆਂ ਕੋਸ਼ਿਸ਼ਾਂ ਦਾ।”

ਅਦਾਕਾਰ ਅਨੁਪਮ ਖੇਰ ਨੇ ਲਿਖਿਆ ਕਿ, “ਆਪਣੇ ਆਪ ਨੂੰ ਕੀ ਮਿਲਖਾ ਸਿੰਘ ਸਮਝਦਾ ਹੈਂ? ਜਦੋਂ ਕੋਈ ਹਸਤੀ ਮੁਹਾਵਰਾ ਬਣ ਜਾਵੇ ਤਾਂ ਇਹ ਉਨ੍ਹਾਂ ਦੀ ਮਾਹਨਤਾ ਦਾ ਪ੍ਰਤੀਕ ਬਣ ਜਾਂਦਾ ਹੈ। ਮੈਨੂੰ ਦੋ ਵਾਰ ਮਿਲਖਾ ਸਿੰਘ ਜੀ ਨਾਲ ਮਿਲਣ ਦਾ ਸੁਭਾਗ ਮਿਲਿਆ ਸੀ। ਬਹੁਤ ਥੋੜ੍ਹੇ ਲੋਕਾਂ ਵਿੱਚ ਅਜਿਹੀ ਉਦਾਰਤਾ ਦੇਖਣ ਨੂੰ ਮਿਲਦੀ ਹੈ। ਉਹ ਹਰ ਉਮਰ ਦੇ ਲਈ ਪ੍ਰੇਰਣਾ ਦੇ ਪ੍ਰਤੀਕ ਸਨ ਅਤੇ ਰਹਿਣਗੇ।”

ਭਾਰਤੀ ਔਰਤ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਲਿਖਿਆ, “ਉੱਡਣੇ ਸਿੱਖ ਮਿਲਖਾ ਸਿੰਘ ਜੀ ਦੀ ਮੌਤ ਬਾਰੇ ਸੁਣ ਕੇ ਬੇਹੱਦ ਦੁੱਖ ਵਿੱਚ ਹਾਂ। ਇਹ ਸ਼ਖ਼ਸ, ਜਿਸ ਨੇ ਸਾਡੇ ਵਿੱਚੋਂ ਬਹੁਤਿਆਂ ਨੂੰ ਪ੍ਰੇਰਿਤ ਕੀਤਾ, ਹਮੇਸ਼ਾ ਸਾਡੇ ਦਿਲ ਵਿੱਚ ਰਹੇਗਾ। ਪਰਿਵਾਰ ਨਾਲ ਮੇਰੀਆਂ ਦਿਲੀ ਸੰਵੇਦਨਾਵਾਂ।”

Exit mobile version