The Khalas Tv Blog Punjab ‘ਜਿਹੜੇ ਗੁਰੂ ਨੇ ਹਿੰਦੂ ਰਾਜੇ ਰਿਹਾਅ ਕਰਵਾਏ, ਅੱਜ ਉਹਦੇ ਸਿੱਖਾਂ ਨੂੰ ਵੀ ਇਨਸਾਫ਼ ਚਾਹੀਦਾ’ – ਜਥੇਦਾਰ
Punjab

‘ਜਿਹੜੇ ਗੁਰੂ ਨੇ ਹਿੰਦੂ ਰਾਜੇ ਰਿਹਾਅ ਕਰਵਾਏ, ਅੱਜ ਉਹਦੇ ਸਿੱਖਾਂ ਨੂੰ ਵੀ ਇਨਸਾਫ਼ ਚਾਹੀਦਾ’ – ਜਥੇਦਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜੂਨ 1595 ਈ: ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਅੰਮ੍ਰਿਤਸਰ ਦੇ ਨੇੜੇ ਪਿੰਡ ਵਡਾਲੀ ਵਿਖੇ ਹੋਇਆ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਸਾਲ 1609 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਉਸਾਰੀ ਕੀਤੀ ਅਤੇ ਸੂਰਮਿਆਂ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਸਮੇਂ ਦੀ ਹਕੂਮਤ ਦੇ ਜ਼ੁਲਮ ਨੂੰ ਵੇਖਦਿਆਂ ਗੁਰੂ ਸਾਹਿਬ ਜੀ ਨੇ ਦੋ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ। ਗੁਰੂ ਜੀ ਨੇ ਸੰਗਤ ਨੂੰ ਪੈਸਿਆਂ ਦੀ ਥਾਂ ਪੁੱਤਰਾਂ, ਘੋੜਿਆਂ ਅਤੇ ਸ਼ਸਤਰਾਂ ਦਾ ਦਾਨ ਦੇਣ ਲਈ ਕਿਹਾ। ਅੰਤ ਵੇਲਾ ਨੇੜੇ ਜਾਣ ਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਸੌਂਪੀ ਅਤੇ ਸੰਨ1644 ਨੂੰ ਜੋਤੀ-ਜੋਤ ਸਮਾ ਗਏ।

ਸ੍ਰੀ ਅਕਾਲ ਤਖ਼ਤ ਸਾਹਿਬ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਵਧਾਈ ਦਿੰਦਿਆਂ ਸਿੱਖ ਕੌਮ ਦੇ ਨਾਂਅ ਇੱਕ ਸੰਦੇਸ਼ ਜਾਰੀ ਕਰਦਿਆਂ ਸਿੱਖ ਸ਼ਕਤੀ ਇਕੱਤਰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸਿੱਖ ਜੋ ਕਿ 30-40 ਸਾਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਹਨ, ਜਿਹੜੇ ਆਪਣੀਆਂ ਨਿਰਧਾਰਤ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ। ਜਥੇਦਾਰ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ, ਅੱਜ ਉਸ ਬੰਦੀ ਛੋੜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੰਘਾਂ ਨੂੰ ਰਿਹਾਅ ਕਰਨ ਲਈ ਕੋਈ ਹਕੂਮਤ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹਕੂਮਤ ਇਸ ਲਈ ਰਿਹਾਅ ਨਹੀਂ ਕਰ ਰਹੀ ਕਿ ਕਿਤੇ ਬਹੁਗਿਣਤੀ ਗੈਰ-ਸਿੱਖਾਂ ਦਾ ਵੋਟ ਬੈਂਕ ਨਾਰਾਜ਼ ਨਾ ਹੋ ਜਾਵੇ, ਭਾਵੇਂ ਉਹ ਕੋਈ ਵੀ ਪਾਰਟੀ ਹੋਵੇ ਜਾਂ ਸਰਕਾਰ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਜਥੇਦਾਰ ਨੇ ਸਿੱਖ ਸੰਗਤ ਨੂੰ ਕਿਹਾ ਕਿ ਜੇਕਰ ਅਸੀਂ ਆਪਣੇ ਇਨ੍ਹਾਂ ਬੰਦੀ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਸਿੱਖ ਸ਼ਕਤੀ ਇਕੱਠੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਲਈ ਸਾਨੂੰ ਖੁਦ ਇਕੱਠੇ ਹੋਣਾ ਪਵੇਗਾ ਕਿਉਂਕਿ ਜੇਕਰ ਇਕੱਲੇ-ਇਕੱਲੇ ਰਹਾਂਗੇ ਤਾਂ ਮਸਲੇ ਹੱਲ ਨਹੀਂ ਹੋਣੇ। ਉਨ੍ਹਾਂ ਕਿਹਾ ਕਿ ਮਸਲੇ ਉਦੋਂ ਹੱਲ ਹੋਣਗੇ ਜਦੋਂ ਇਕੱਲਾ-ਇਕੱਲਾ ਸਿੱਖ ਬੰਦੀ ਸਿੰਘਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰੇਗਾ। ਅਖ਼ੀਰ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ।

Exit mobile version