‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੂਰਾ ਦੇਸ਼ ਕੋਰੋਨਾਵਾਇਰਸ ਤੇ ਆਕਸੀਜਨ ਦੀ ਘਾਟ ਨਾਲ ਜੰਗ ਲੜ ਰਿਹਾ ਹੈ। ਇਸ ਦੌਰਾਨ ਆਗਰਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣਾ ਆਇਆ ਹੈ। ਇੱਥੇ ਸਾਹ ਲੈਣ ਦੀ ਤਕਲੀਫ ਨਾਲ ਲੜ ਰਹੇ ਆਪਣੇ ਪਤੀ ਨੂੰ ਤਿੰਨ ਤੋਂ ਚਾਰ ਹਸਪਤਾਲਾਂ ਦੇ ਚੱਕਰ ਕੱਟਣ ਤੋਂ ਬਾਅਦ ਰੇਨੂ ਸਿੰਘਲ ਨਾਂ ਦੀ ਇੱਕ ਔਰਤ ਸਰਕਾਰੀ ਹਸਪਤਾਲ ਗਈ ਪਰ ਉਸਨੂੰ ਕੋਈ ਮਦਦ ਨਾ ਮਿਲੀ। ਇਸ ਦੌਰਾਨ ਉਸਨੇ ਆਪਣੇ ਪਤੀ ਨੂੰ ਆਪਣੇ ਮੂੰਹ ਰਾਹੀਂ ਸਾਹ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਦੀ ਜਾਨ ਨਹੀਂ ਬਚਾ ਸਕੀ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਔਰਤ ਹਾਊਸਿੰਗ ਡਿਵੈਲਪਮੈਂਟ ਸੈਕਟਰ-7 ਦੀ ਰਹਿਣ ਵਾਲੀ ਹੈ ਤੇ ਆਪਣੇ ਪਤੀ ਨੂੰ ਸਰੋਜਨੀ ਨਾਇਡੂ ਮੈਡੀਕਲ ਕਾਲਜ ਹਸਪਤਾਲ ਲੈ ਕੇ ਆਈ ਸੀ। ਦੋਸ਼ ਲਾਇਆ ਗਿਆ ਹੈ ਕਿ ਰੇਨੂੰ ਨੂੰ ਐਂਬੂਲੈਂਸ ਵੀ ਉਪਲਬਧ ਨਹੀਂ ਕਰਵਾਈ ਗਈ। ਇਸ ਤੋਂ ਬਾਅਦ ਐਸਐਨਐਮਸੀ ਦੇ ਡਾਕਟਰਾਂ ਨੇ ਰਵੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਆਗਰਾ ਦੇ ਮੁੱਖ ਮੈਡੀਕਲ ਅਫਸਰ ਆਰ ਸੀ ਪਾਂਡੇ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਮੈਡੀਕਲ ਆਕਸੀਜਨ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਅਸੀਂ ਉਪਲਬਧਤਾ ਅਨੁਸਾਰ ਸਾਰੇ ਹੀ ਪ੍ਰਬੰਧ ਕਰ ਰਹੇ ਹਾਂ।
ਹਾਲਾਂਕਿ, ਉਨ੍ਹਾਂ ਨੇ ਦਾਅਵਾ ਕੀਤਾ ਕਿ ਆਗਰਾ ਦੇ ਹਸਪਤਾਲਾਂ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਲਈ ਬੈੱਡ ਉਪਲਬਧ ਹਨ। ਜਦੋਂ ਕਿ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਬੈੱਡ ਦੀ ਭਾਲ ਵਿੱਚ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਵਿੱਚ ਚੱਕਰ ਕੱਟਦੇ ਹੋਏ ਘੰਟਿਆਂ ਬੱਧੀ ਇੰਤਜ਼ਾਰ ਕਰਨ ਲਈ ਮਜ਼ਬੂਰ ਹੋਏ।