‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਿਸਾਰ ਵਿੱਚ ਕਿਸਾਨਾਂ ਦੇ ਨਾਲ ਪ੍ਰਸ਼ਾਸਨ ਦੀ ਬੈਠਕ ਹੋ ਰਹੀ ਹੈ। ਕਿਸਾਨਾਂ ਨੇ ਬੈਠਕ ਲਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਬੈਠਕ ਵਿੱਚ ਕਿਸਾਨ ਲੀਡਰ ਰਾਕੇਸ਼ ਟਿਕੈਤ, ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਮੌਜੂਦ ਹਨ। ਗੁਰਨਾਮ ਸਿੰਘ ਚੜੂਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਕਮਿਸ਼ਨਰ, ਡੀਸੀ, ਆਈਜੀ ਅਫਸਰ ਮੌਜੂਦ ਹਨ। ਜੇਕਰ ਗੱਲਬਾਤ ਤੋਂ ਬਾਅਦ ਕੋਈ ਹੱਲ ਨਾ ਨਿਕਲਿਆ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਹਰਿਆਣਾ ਦੇ ਹਿਸਾਰ ਵਿੱਚ ਕਿਸਾਨ ਅੱਜ ਵੱਡਾ ਪ੍ਰਦਰਸ਼ਨ ਕਰ ਰਹੇ ਹਨ। ਟਿਕਰੀ ਅਤੇ ਸਿੰਘੂ ਬਾਰਡਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅੱਜ ਹਿਸਾਰ ਪਹੁੰਚੇ ਹਨ। ਕਿਸਾਨ ਵੱਲੋਂ ਇਹ ਪ੍ਰਦਰਸ਼ਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਿਰਾਉ ਕਰਨ ਜਾ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਕਰਮੀਆਂ ਦੇ ਖਿਲਾਫ ਕੀਤਾ ਜਾ ਰਿਹਾ ਹੈ। ਕਿਸਾਨ ਹਿਸਾਰ ਦੇ ਪੁਲਿਸ ਕਮਿਸ਼ਨਰ ਦਾ ਦਫਤਰ ਘੇਰਨਗੇ। ਕਿਸਾਨਾਂ ਨੇ ਲਾਠੀਚਾਰਜ ਕਰਨ ਵਾਲੇ ਪੁਲਿਸ ਕਰਮੀਆਂ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।