‘ਦ ਖਾਲਸ ਬਿਊਰੋ:ਦਿੱਲੀ ਦੇ ਤਿੰਨ ਨਗਰ ਨਿਗਮਾਂ ਨੂੰ ਇੱਕ ਕਰਨ ਲਈ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਆਫ਼ ਦਿੱਲੀ ਐਕਟ (ਸੋਧ) 2022 ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਮਨਜ਼ੂਰੀ ਮਿਲ ਗਈ ਹੈ ਤੇ ਹੁਣ ਇਸ ਸੰਬੰਧ ਵਿੱਚ ਕਾਨੂੰਨ ਅਤੇ ਨਿਆਂ ਮੰਤਰਾਲਾ ਨੂੰ ਸੂਚਿਤ ਕੀਤਾ ਗਿਆ ਹੈ।
ਕਾਨੂੰਨ ਮੰਤਰਾਲੇ ਦੀ ਸਕੱਤਰ ਡਾ. ਰੀਤਾ ਵਸ਼ਿਸ਼ਟ ਵੱਲੋਂ ਇਸ ਸਬੰਧ ਵਿੱਚ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 18 ਅਪ੍ਰੈਲ, 2022 ਨੂੰ ਜਾਰੀ ਇਸ ਗਜ਼ਟ ਨੋਟੀਫਿਕੇਸ਼ਨ ਤੋਂ ਬਾਅਦ, ਹੁਣ ਤਿੰਨ ਦਿੱਲੀ ਨਗਰ ਨਿਗਮ ਉੱਤਰੀ, ਦੱਖਣ ਅਤੇ ਪੂਰਬ ਨੂੰ ਦਿੱਲੀ ਨਗਰ ਨਿਗਮ ਵਜੋਂ ਜਾਣਿਆ ਜਾਵੇਗਾ। ਇਸ ਤੋਂ ਬਾਅਦ ਦਿੱਲੀ ਨਗਰ ਨਿਗਮ ਦੀਆਂ ਸੰਭਾਵਿਤ ਚੋਣਾਂ ‘ਤੇ ਰੋਕ ਲਗਾ ਦਿੱਤੀ ਗਈ ਹੈ।
ਦਿੱਲੀ ਮਿਉਂਸਪਲ ਕਾਰਪੋਰੇਸ਼ਨ ਐਕਟ 2022 ਨਾਲ ਸਬੰਧਤ ਬਿੱਲ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਅਤੇ ਰਾਜ ਸਭਾ ਦੇ ਦੋਵਾਂ ਸਦਨਾਂ ਵਿੱਚ ਪੇਸ਼ ਕੀਤਾ ਸੀ।ਜਿਸ ਨੂੰ ਦੋਵਾਂ ਸਦਨਾਂ ਨੇ ਮਨਜ਼ੂਰੀ ਦਿੱਤੀ। ਸੋਧ ਬਿੱਲ ਕਾਨੂੰਨ ਬਣਨ ਲਈ ਸਹਿਮਤੀ ਲੈਣ ਲਈ ਰਾਸ਼ਟਰਪਤੀ ਕੋਲ ਭੇਜਿਆ ਗਿਆ ਸੀ, ਜਿਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ। ਹੁਣ ਤਿੰਨਾਂ ਨਿਗਮਾਂ ਦੇ ਰਲੇਵੇਂ ਦਾ ਕਾਨੂੰਨ ਲਾਗੂ ਹੋ ਗਿਆ ਹੈ।