‘ਦ ਖ਼ਾਲਸ ਬਿਊਰੋ :- ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ 2021-22 ਤੋਂ ਬੀਈ ਅਤੇ ਬੀਟੈੱਕ ਕੋਰਸਾਂ ਵਿੱਚ ਦਾਖਲੇ ਪ੍ਰਾਪਤ ਕਰਨ ਲਈ 12ਵੀਂ ਪੱਧਰ ‘ਤੇ ਗਣਿਤ ਅਤੇ ਭੌਤਿਕ ਵਿਗਿਆਨ ਨੂੰ ਵਿਕਲਪਕ ਬਣਾਇਆ ਹੈ, ਭਾਵ ਹੁਣ ਇੰਜੀਨੀਅਰਿੰਗ ਲਈ ਇਨ੍ਹਾਂ ਦੋ ਵਿਸ਼ਿਆਂ ਦੀ ਕੋਈ ਖਾਸ ਅਹਿਮੀਅਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿੱਚ ਅੰਡਰਗਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲੇ ਲਈ 12ਵੀਂ ਪੱਧਰ ਦੇ ਗਣਿਤ ਅਤੇ ਭੌਤਿਕ ਵਿਗਿਆਨ ਵਿਸ਼ੇ ਲਾਜ਼ਮੀ ਸਨ।
ਏਆਈਸੀਟੀਈ ਵੱਲੋਂ ਸਾਲ 2021-22 ਵਾਸਤੇ ਜਾਰੀ ਕੀਤੀ ਗਈ ਮਨਜ਼ੂਰੀ ਪ੍ਰਕਿਰਿਆ ਦੀ ਹੈਂਡਬੁੱਕ ਨੇ UG ਦਾਖਲਿਆਂ ਵਾਸਤੇ ਯੋਗਤਾ ਦੀਆਂ ਕਸੌਟੀਆਂ ਨੂੰ ਬਦਲ ਦਿੱਤਾ ਹੈ। ਉਮੀਦਵਾਰਾਂ ਨੂੰ 45% ਅੰਕ ਪ੍ਰਾਪਤ ਕਰਨੇ ਪੈਣਗੇ, ਰਾਖਵੇਂ ਵਰਗ ਦੇ ਵਿਦਿਆਰਥੀਆਂ ਲਈ ਇਹ 40% ਅੰਕ ਹਨ। ਏਆਈਸੀਟੀਈ ਨੇ ਆਪਣੀ ਹੈਂਡਬੁੱਕ ਵਿੱਚ ਕਿਹਾ ਕਿ, “ਯੂਨੀਵਰਸਿਟੀਆਂ ਵੰਨ-ਸੁਵੰਨੇ ਪਿਛੋਕੜਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਗਣਿਤ, ਭੌਤਿਕ ਵਿਗਿਆਨ, ਇੰਜੀਨੀਅਰਿੰਗ ਡਰਾਇੰਗ ਵਰਗੇ ਢੁੱਕਵੇਂ ਕੋਰਸਾਂ ਦੀ ਪੇਸ਼ਕਸ਼ ਕਰਨਗੀਆਂ।
ਏਆਈਸੀਟੀਈ ਦੇ ਚੇਅਰਮੈਨ ਅਨਿਲ ਡੀ ਸਹਿਸਰਾਬੁਧੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, “ਇਹ ਵਿਕਲਪਕ ਦਾ ਸਵਾਲ ਨਹੀਂ ਹੈ। ਇੰਜੀਨੀਅਰਿੰਗ ਸਿੱਖਿਆ ਵਿੱਚ ਇਨਪੁਟ ਦੇ ਤੌਰ ‘ਤੇ ਲੋੜੀਂਦੇ ਤਿੰਨ ਜ਼ਰੂਰੀ ਕੋਰਸਾਂ ਦੀ ਚੋਣ ਦਾ ਵਿਸਤਾਰ ਕੀਤਾ ਜਾਂਦਾ ਹੈ ਅਤੇ ਇਸ ਲਈ ਵੱਖ-ਵੱਖ ਵਿਸ਼ਿਆਂ ਲਈ ਤਿੰਨ ਲਾਜ਼ਮੀ ਕੋਰਸ ਹੋ ਸਕਦੇ ਹਨ। ਉੱਭਰਦੇ ਖੇਤਰ, ਜਿਵੇਂ ਕਿ ਡਾਟਾ ਸਾਇੰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਸਾਰੇ ਗਣਿਤ ‘ਤੇ ਆਧਾਰਿਤ ਹਨ। ਗਣਿਤ ਨੂੰ ਜਾਣੇ ਬਿਨਾਂ, ਵਿਦਿਆਰਥੀ ਨਵੇਂ ਉੱਭਰਦੇ ਖੇਤਰਾਂ ‘ਤੇ ਚਮਕ ਨਹੀਂ ਪਾ ਸਕਦੇ।
ਵੱਖ-ਵੱਖ ਅਕਾਦਮਿਕ ਮਾਹਿਰਾਂ ਨੇ ਕੀਤੀ ਆਲੋਚਨਾ
ਅਕਾਦਮਿਕ ਮਾਹਿਰਾਂ ਨੇ ਏਆਈਸੀਟੀਈ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ‘ਗਣਿਤ ਸਾਰੀਆਂ ਇੰਜੀਨੀਅਰਿੰਗ ਡਿਗਰੀਆਂ ਦਾ ਆਧਾਰ ਹੈ। ਬ੍ਰਿਜ ਕੋਰਸ ਉਹਨਾਂ ਲੋਕਾਂ ਲਈ ਇੱਕ ਉਪਚਾਰਕ ਕੋਰਸ ਹੈ, ਜੋ ਗਣਿਤ ਵਿੱਚ ਕਮਜ਼ੋਰ ਹਨ। ਇਹ ਹਾਇਰ ਸੈਕੰਡਰੀ ਪੱਧਰ ਦੇ ਗਣਿਤ ਦੀ ਥਾਂ ਨਹੀਂ ਲੈ ਸਕਦੀ, ਜੋ ਕਿ ਇੱਕ ਬੁਨਿਆਦੀ ਕੋਰਸ ਹੈ’। SASTRA ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਐਸ. ਵੈਧਿਆਸੁਬਰਾਮਨੀਅਮ ਨੇ ਕਿਹਾ ਕਿ ‘ਇੰਜੀਨੀਅਰਿੰਗ ਪ੍ਰੋਗਰਾਮਾਂ ਵਾਸਤੇ ਏਆਈਸੀਟੀਈ ਦੇ ਮਾਡਲ ਪਾਠਕ੍ਰਮ ਵਿੱਚ ਲਗਭਗ ਸਾਰੇ ਪ੍ਰੋਗਰਾਮਾਂ ਵਿੱਚ ਗਣਿਤ ਪੰਜਵੇਂ ਸਮੈਸਟਰ ਤੱਕ ਚੱਲ ਰਿਹਾ ਹੈ। ਸਾਰੇ ਇੰਜੀਨੀਅਰਿੰਗ ਕੋਰਸਾਂ ਲਈ ਗਣਿਤ ਅਤੇ ਭੌਤਿਕ ਵਿਗਿਆਨ ਲਾਜ਼ਮੀ ਹੋਣਾ ਚਾਹੀਦਾ ਹੈ’।
ਅੰਨਾ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਪ੍ਰੋਫੈਸਰ ਡੀ ਅਰੀਵੁਦਾਨੇਂਬੀ ਨੇ ਕਿਹਾ ਕਿ ਇਹ ਕੋਈ ਚੰਗੀ ਪਹਿਲ ਨਹੀਂ ਹੈ। ਅੰਨਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐੱਮਕੇ ਸੁਰੱਪਾ ਨੇ ਕਿਹਾ ਕਿ ‘ਗਣਿਤ ਲਾਜ਼ਮੀ ਵਿਸ਼ਾ ਬਣਿਆ ਰਹਿਣਾ ਚਾਹੀਦਾ ਹੈ। ਜੈਵਿਕ ਇੰਜੀਨੀਅਰਿੰਗ ਅਤੇ ਜੀਵ-ਤਕਨਾਲੋਜੀ ਵਰਗੇ ਪ੍ਰੋਗਰਾਮਾਂ ਲਈ ਵੀ ਗਣਿਤ ਮਹੱਤਵਪੂਰਨ ਹੈ। ਗਣਿਤ ਦਾ ਗਿਆਨ ਵਿਦਿਆਰਥੀਆਂ ਨੂੰ ਵਧੇਰੇ ਵਿਸ਼ਲੇਸ਼ਣਾਤਮਕ ਅਤੇ ਰਚਨਾਤਮਕ ਬਣਨ ਵਿੱਚ ਮਦਦ ਕਰਦਾ ਹੈ’।