The Khalas Tv Blog Punjab ਮਸਤੂਆਣਾ ਸਾਹਿਬ ਜੋੜ ਮੇਲੇ ’ਚ ਨਹੀਂ ਲੱਗੇਗਾ ਕੋਈ ਵੀ ਝੂਲਾ, ਸਿਰਫ ਗੁਰਮਤਿ ਅਨੁਸਾਰੀ ਦੁਕਾਨਾਂ ਦੀ ਇਜਾਜ਼ਤ
Punjab Religion

ਮਸਤੂਆਣਾ ਸਾਹਿਬ ਜੋੜ ਮੇਲੇ ’ਚ ਨਹੀਂ ਲੱਗੇਗਾ ਕੋਈ ਵੀ ਝੂਲਾ, ਸਿਰਫ ਗੁਰਮਤਿ ਅਨੁਸਾਰੀ ਦੁਕਾਨਾਂ ਦੀ ਇਜਾਜ਼ਤ

ਬਿਉਰੋ ਰਿਪੋਰਟ: ਇਸ ਸਾਲ ਆ ਰਹੇ ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੇ ਮਾਹੌਲ ਨੂੰ ਹੋਰ ਬਿਹਤਰ ਕਰਨ ਲਈ ਇਲਾਕੇ ਦੇ ਸਰਗਰਮ ਜਥੇ, ਸਖਸ਼ੀਅਤਾਂ, ਜਥੇਬੰਦੀਆਂ ਅਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕ ਸਾਂਝੇ ਤੌਰ ’ਤੇ ਯਤਨਸ਼ੀਲ ਹਨ। ਪਿਛਲੇ ਸਾਲ ਹੋਈਆਂ ਤਬਦੀਲੀਆਂ ਨੂੰ ਕਾਇਮ ਰੱਖਦਿਆਂ ਉਹਨਾਂ ਤਬਦੀਲੀਆਂ ਦੇ ਨਾਲ ਇਸ ਸਾਲ ਵੀ ਸਾਂਝਾ ਫੈਸਲਾ ਲਿਆ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਖੇਤਾਂ ਵਿੱਚ ਜੋੜ ਮੇਲੇ ਦੌਰਾਨ ਕੋਈ ਵੀ ਝੂਲਾ ਨਹੀਂ ਲੱਗੇਗਾ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਬਣੀਆਂ ਪੱਕੀਆਂ ਦੁਕਾਨਾਂ ’ਤੇ ਵੀ ਗੁਰਮਤਿ ਤੋਂ ਉਲਟ ਸਮਾਨ ਰੱਖਣ ਦੀ ਸਖ਼ਤ ਪਬੰਦੀ ਹੋਵੇਗੀ।

ਇਸ ਦੇ ਨਾਲ ਹੀ ਸਾਰੇ ਜਥਿਆਂ ਵੱਲੋਂ ਇਹ ਯਤਨ ਹੋਵੇਗਾ ਕਿ ਇਸ ਸਾਲ ਜੋੜ ਮੇਲੇ ਸਬੰਧੀ ਮਸਤੂਆਣਾ ਸਾਹਿਬ ਤੋਂ ਵੱਖ-ਵੱਖ ਇਸ਼ਤਿਹਾਰਾਂ ਦੀ ਥਾਵੇਂ ਇਕੋ ਸਾਂਝਾ ਇਸ਼ਤਿਹਾਰ ਛਾਪਿਆ ਜਾਵੇ। ਨਾਨਕਸ਼ਾਹੀ ਸੰਮਤ 559 (ਸੰਨ 2027) ਵਿੱਚ ਆ ਰਹੇ 100 ਸਾਲਾ ਯਾਦ ਸਮਾਗਮ ਤੱਕ ਜੋੜ ਮੇਲੇ ਦਾ ਮਹੌਲ ਗੁਰੂ ਖ਼ਾਲਸਾ ਪੰਥ ਦੀ ਰਵਾਇਤ ਅਨੁਸਾਰੀ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਦਰਅਸਲ ਮੇਲੇ ਲਈ ਪਿਛਲੇ ਸਾਲ ਪਿਰਤ ਪਾਈ ਗਈ ਸੀ ਕਿ ਸੰਤ ਅਤਰ ਸਿੰਘ ਜੀ ਦੀ ਰਹਿਣੀ ਅਤੇ ਤਾ ਉਮਰ ਕੀਤੇ ਪ੍ਰਚਾਰ ਪਸਾਰ ਅਨੁਸਾਰ ਹੀ ਜੋੜ ਮੇਲਾ ਮਨਾਇਆ ਜਾਏ। ਮਸਤੂਆਣਾ ਸਾਹਿਬ ਨੇੜਲੇ ਨਗਰਾਂ ਦੀਆਂ 51 ਤੋਂ ਵੱਧ ਲੰਗਰ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਨਗਰ ਪੰਚਾਇਤਾਂ ਨੇ ਇਸ ਪ੍ਰਥਾਏ ਲੰਘੇ ਸਾਲ ਮਤੇ ਪਾਏ ਸਨ ਕਿ ਸੰਤ ਅਤਰ ਸਿੰਘ ਜੀ ਦੀ ਆਉਂਦੇ ਸਾਲਾਂ ਵਿਚ ਆ ਰਹੀ 100 ਸਾਲਾ ਬਰਸੀ ਤਕ ਇਸ ਸੰਗਤੀ ਜੋੜ ਮੇਲੇ ਦਾ ਮਾਹੌਲ ਪੂਰਨ ਰੂਪ ਵਿਚ ਗੁਰਮਤਿ ਅਨੁਸਾਰੀ ਕੀਤਾ ਜਾਵੇਗਾ।

ਮੌਜ ਮਸਤੀ ਵਾਲੇ ਦੁਨਿਆਵੀ ਜੋੜ ਮੇਲਿਆਂ ਨਾਲੋਂ ਨਿਖੇੜ ਕੇ ਬੀਤੇ ਸਾਲ ਸੰਗਤਾਂ ਨੇ ਇਸ ਨੂੰ ਖਾਲਸਾਈ ਸ਼ਾਨ ਨਾਲ ਸੰਗਤੀ ਜੋੜ ਮੇਲੇ ਦੇ ਰੂਪ ਵਿਚ ਮਨਾਇਆ। ਇਸ ਉਪਰਾਲੇ ਤਹਿਤ ਲੰਗਰ ਕਮੇਟੀਆਂ, ਸੰਗਤਾਂ ਅਤੇ ਪ੍ਰਬੰਧਕਾਂ ਨੇ ਕੋਈ ਵੀ ਦੁਕਾਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਲੱਗਣ ਨਹੀਂ ਦਿੱਤੀ ਤੇ ਸਿਰਫ ਗੁਰਮਤਿ ਅਨੁਸਾਰੀ ਦੁਕਾਨਾਂ ਹੀ ਲੱਗੀਆਂ। ਲੰਗਰਾਂ ਵਿੱਚ ਅਤੇ ਟਰੈਕਟਰਾਂ ’ਤੇ ਸਪੀਕਰ ਨਾ ਲੱਗੇ। ਪੰਡਾਲ ਵਿਚਲੇ ਭੂਕਣੇ ਸਪੀਕਰ ਬੰਦ ਰਹੇ ਤੇ ਸਿਰਫ ਡੱਬਾ ਸਪੀਕਰ ਹੀ ਲੱਗੇ ਜਿਨ੍ਹਾਂ ਦੀ ਅਵਾਜ ਪੰਡਾਲ ਦੇ ਅੰਦਰ ਤੱਕ ਹੀ ਰਹੀ।

Exit mobile version