The Khalas Tv Blog India ਅੱਜ ਤੋਂ 22 ਸਾਲ ਪਹਿਲਾਂ ਕਸ਼ਮੀਰ ਦੇ ਸਿੱਖਾਂ ਨਾਲ ਵਾਪਰੀ ਸੀ ਭਿ ਆਨਕ ਤ੍ਰਾਸਦੀ
India Punjab

ਅੱਜ ਤੋਂ 22 ਸਾਲ ਪਹਿਲਾਂ ਕਸ਼ਮੀਰ ਦੇ ਸਿੱਖਾਂ ਨਾਲ ਵਾਪਰੀ ਸੀ ਭਿ ਆਨਕ ਤ੍ਰਾਸਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 22 ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਪਿੰਡ ਛੱਤੀਸਿੰਘਪੁਰਾ ’ਚ 35 ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਪਰ ਹਾਲੇ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ। 20 ਮਾਰਚ, 2000 ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਛੱਤੀਸਿੰਘਪੁਰਾ (ਜਿਸ ਨੂੰ ਚਿੱਟੀਸਿੰਘਪੁਰਾ ਵੀ ਕਿਹਾ ਜਾਂਦਾ ਹੈ) ’ਚ ਕੁੱਝ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਬਹੁਗਿਣਤੀ ਵਾਲੇ ਇਸ ਪਿੰਡ ਉੱਤੇ ਅਚਾਨਕ ਹਮਲਾ ਬੋਲ ਦਿੱਤਾ ਸੀ। ਉਨ੍ਹਾਂ ਹਮਲਾਵਰਾਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ।

ਭਾਰਤ ਸਰਕਾਰ ਹੁਣ ਤੱਕ ਇਸ ਕਤਲੇਆਮ ਪਿੱਛੇ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ‘ਲਸ਼ਕਰ-ਏ-ਤੋਇਬਾ’ ਦਾ ਹੱਥ ਦੱਸਦੀ ਆ ਰਹੀ ਹੈ। ਕੁੱਝ ਸਥਾਨਕ ਆਗੂਆਂ ਵੱਲੋਂ ਕਥਿਤ ਦੋਸ਼ ਲੱਗਦੇ ਰਹੇ ਹਨ ਕਿ ‘ਭਾਰਤੀ ਫ਼ੌਜ ਦੇ ਹੀ ਕੁੱਝ ਅਧਿਕਾਰੀਆਂ ਨੇ ਇਹ ਕਤਲ ਕਾਂਡ ਕਰਵਾਇਆ ਸੀ।’ ਇਹੋ ਜਿਹੇ ਦੋਸ਼ ਇਸ ਲਈ ਲੱਗਦੇ ਰਹੇ ਹਨ ਕਿਉਂਕਿ ਹਮਲਾਵਰ ਫ਼ੌਜੀ ਵਾਹਨਾਂ ’ਚ ਇਸ ਪਿੰਡ ਆਏ ਸਨ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਸਿੱਖਾਂ ਨੂੰ ਕਦੇ ਵੀ ਇੰਝ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ।
 
ਜਦੋਂ ਇਹ ਕਤਲੇਆਮ ਹੋ ਰਿਹਾ ਸੀ, ਉਸ ਤੋਂ ਸਿਰਫ਼ ਇੱਕ ਦਿਨ ਪਹਿਲਾਂ 19 ਮਾਰਚ ਨੂੰ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਦੇ 7 ਦਿਨਾ ਦੌਰੇ ’ਤੇ ਦਿੱਲੀ ਪਹੁੰਚੇ ਹੋਏ ਸਨ। ਉਹ 25 ਮਾਰਚ ਤੱਕ ਦੇਸ਼ ਵਿੱਚ ਰਹੇ ਸਨ। ਜਾਣਕਾਰੀ ਮੁਤਾਬਕ ਅੱਤਵਾਦੀ ਅਜਿਹੀ ਘਿਨਾਉਣੀ ਵਾਰਦਾਤ ਕਰ ਕੇ ਕੌਮਾਂਤਰੀ ਪੱਧਰ ਉੱਤੇ ਕਸ਼ਮੀਰ ਮੁੱਦਾ ਉਛਾਲਣਾ ਚਾਹੁੰਦੇ ਸਨ।

ਪਰ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਭਾਰਤੀ ਏਜੰਸੀਆਂ ਵੱਲੋਂ ਉਸ ਵੇਲੇ ਦੇ ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਨੂੰ ਪ੍ਰਭਾਵਿਤ ਕਰਨ ਲਈ ਪਹਿਲਾਂ 20 ਮਾਰਚ, 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਪਿੰਡ ਚਿੱਠੀ ਸਿੰਘਪੁਰਾ ਵਿੱਚ 35 ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਅਤੇ ਫਿਰ ਇਨ੍ਹਾਂ ਕਤਲਾਂ ਦਾ ਦੋਸ਼ ਕਸ਼ਮੀਰੀ ਖਾੜਕੂਆਂ ਸਿਰ ਮੜ੍ਹਨ ਲਈ ਪਥਰੀਬਲ ਦੇ 5 ਨਿਰਦੋਸ਼ ਮੁਸਲਮਾਨ ਇਹ ਕਹਿ ਕੇ ਮਾਰ ਮੁਕਾਏ ਕਿ ਇਨ੍ਹਾਂ ਪੰਜਾਂ ਨੇ ਚਿੱਠੀ ਸਿੰਘਪੁਰਾ ‘ਚ ਸਿੱਖਾਂ ਦਾ ਕਤਲੇਆਮ ਕੀਤਾ ਸੀ। ਪਰ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਮਾਰੇ ਗਏ 5 ਮੁਸਲਿਮ ਨੌਜਵਾਨ ਕੋਈ ਕਸ਼ਮੀਰੀ ਖਾੜਕੂ ਨਹੀਂ ਬਲਕਿ ਆਮ ਮੁਸਲਮਾਨ ਸਨ।

ਕਸ਼ਮੀਰੀ ਸਿੱਖਾਂ ਦੀ ਨੁਮਾਇੰਦਾ ਜਮਾਤ ‘ਆਲ ਪਾਰਟੀਜ਼ ਸਿੱਖ ਕੁਆਰਡੀਨੇਸ਼ਨ ਕਮੇਟੀ’ ਦੇ ਅਹੁਦੇਦਾਰਾਂ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਸੀ ਕਿ ਲਗਭਗ 20 ਮਾਰਚ, 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਪਿੰਡ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ 35 ਸਿੱਖਾਂ ਦੇ ਕਤਲੇਆਮ ਨੂੰ ਸੁਪਰੀਮ ਕੋਰਟ ਆਪਣੀ ਜਾਂਚ ਦੇ ਘੇਰੇ ਵਿੱਚ ਲਿਆਏ। ‘ਸਿੱਖ ਕੋਆਰਡੀਨੇਸ਼ਨ ਕਮੇਟੀ’ ਅਤੇ ਦੇਸ਼ ਵਿਦੇਸ਼ ਦੇ ਸਿੱਖਾਂ ਦਾ ਇਹ ਮੰਨਣਾ ਹੈ ਕਿ 35 ਸਿੱਖਾਂ ਦਾ ਕਤਲੇਆਮ ਯੋਜਨਾਬੱਧ ਘਟਨਾ ਸੀ ਅਤੇ ਹਾਲੇ ਤੱਕ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ।

ਜਨਵਰੀ 2003 ‘ਚ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਗਈ ਸੀ। ਸੀ. ਬੀ. ਆਈ. ਨੇ 2006 ‘ਚ ਜੰਮੂ ਕਸ਼ਮੀਰ ਪੁਲਿਸ ਨੂੰ ਇਸ ਮਾਮਲੇ ‘ਚ ਕਲੀਨ ਚਿੱਟ ਦਿੰਦਿਆਂ ਸੱਤਵੀਂ ਰਾਸ਼ਟਰੀ ਰਾਇਫਲਜ਼ ਦੇ ਪੰਜ ਫੌਜੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ‘ਤੇ ਫਰਜ਼ੀ ਮੁਕਾਬਲੇ ‘ਚ ਪੰਜ ਆਮ ਨਾਗਰਿਕਾਂ ਦੀ ਹੱਤਿਆ ਦਾ ਦੋਸ਼ ਲੱਗਾ।

ਸੀ.ਬੀ.ਆਈ. ਇਨ੍ਹਾਂ ਵਿਰੁੱਧ ਫ਼ੌਜਦਾਰੀ ਮੁਕੱਦਮਾ ਚਲਾਉਣਾ ਚਾਹੁੰਦੀ ਸੀ ਪਰ ਫ਼ੌਜ ਨੇ ਵਿਸ਼ੇਸ਼ ਅਧਿਕਾਰਾਂ ਤਹਿਤ ਇਸ ਦੀ ਆਗਿਆ ਨਾ ਦਿੱਤੀ। ਸਿੱਟੇ ਵਜੋਂ ਇਹ ਕੇਸ ਸੁਪਰੀਮ ਕੋਰਟ ਵਿੱਚ ਚਲਾ ਗਿਆ, ਜਿੱਥੇ ਮਈ 2012 ਵਿੱਚ ਅਦਾਲਤ ਨੇ ਫ਼ੌਜ ਨੂੰ ਦੋਸ਼ੀ ਫ਼ੌਜੀ ਮੁਲਜ਼ਮਾਂ ਖ਼ਿਲਾਫ਼ ਅੱਠ ਹਫ਼ਤਿਆਂ ਵਿੱਚ ਕੋਰਟ ਮਾਰਸ਼ਲ ਕਰਨ ਜਾਂ ਫ਼ੌਜਦਾਰੀ ਅਦਾਲਤ ਵਿੱਚ ਮਾਮਲਾ ਚਲਾਉਣ ਸਬੰਧੀ ਫ਼ੈਸਲਾ ਕਰਨ ਦੀ ਹਦਾਇਤ ਦਿੱਤੀ ਸੀ। ਲਟਕਦੇ ਆ ਰਹੇ ਇਸ ਕੇਸ ਨੂੰ ਫ਼ੌਜ ਨੇ ਬੰਦ ਕਰਨ ਦਾ ਫ਼ੈਸਲਾ ਲੈ ਲਿਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ‘ਅਸਲ ਕਾਤਲ’ ਕੌਣ ਹਨ ਅਤੇ ਫੌਜ ਕਿਨ੍ਹਾਂ ਨੂੰ ਬਚਾ ਰਹੀ ਹੈ? ਪਰ ਹਾਲੇ ਤੱਕ ਇਹ ਇੱਕ ਭੇਤ ਹੀ ਬਣਿਆ ਹੋਇਆ ਹੈ ਕਿ ਛੱਤੀਸਿੰਘਪੁਰਾ ’ਚ 35 ਬੇਕਸੂਰ ਸਿੱਖਾਂ ਦੇ ਕਤਲ ਲਈ ਜ਼ਿੰਮੇਵਾਰ ਕੌਣ ਸੀ?

Exit mobile version