The Khalas Tv Blog India ਘਰੇਲੂ ਵਿਵਾਦ ਦੇ ਚੱਲਦਿਆਂ ਸ਼ਹੀਦ ਕੈਪਟਨ ਅੰਸ਼ੁਮਨ ਦੇ ਮਾਤਾ-ਪਿਤਾ ਤੇ ਪਤਨੀ ਨੂੰ ਮਿਲੇ 50-50 ਲੱਖ! ਪਤਨੀ ਨੂੰ ਮਿਲੇਗੀ ਸਾਰੀ ਪੈਨਸ਼ਨ
India

ਘਰੇਲੂ ਵਿਵਾਦ ਦੇ ਚੱਲਦਿਆਂ ਸ਼ਹੀਦ ਕੈਪਟਨ ਅੰਸ਼ੁਮਨ ਦੇ ਮਾਤਾ-ਪਿਤਾ ਤੇ ਪਤਨੀ ਨੂੰ ਮਿਲੇ 50-50 ਲੱਖ! ਪਤਨੀ ਨੂੰ ਮਿਲੇਗੀ ਸਾਰੀ ਪੈਨਸ਼ਨ

ਸਿਆਚਿਨ ਵਿੱਚ 19 ਜੁਲਾਈ 2023 ਨੂੰ ਫੌਜ ਦੇ ਟੈਂਟ ਨੂੰ ਲੱਗੀ ਅੱਗ ਵਿੱਚ ਸ਼ਹੀਦ ਹੋਏ ਦੇਵਰੀਆ ਦੇ ਕੈਪਟਨ ਅੰਸ਼ੁਮਨ ਦੇ ਪਰਿਵਾਰ ਨੂੰ ਆਰਮੀ ਗਰੁੱਪ ਇੰਸ਼ੋਰੈਂਸ ਫੰਡ ਵਿੱਚੋਂ 1 ਕਰੋੜ ਰੁਪਏ ਦਿੱਤੇ ਗਏ ਸਨ। ਇਹ ਰਕਮ ਅੰਸ਼ੁਮਨ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਬਰਾਬਰ ਵੰਡੀ ਗਈ ਹੈ।

ਸ਼ਹੀਦ ਕੈਪਟਨ ਅੰਸ਼ੁਮਨ ਦੇ ਮਾਤਾ-ਪਿਤਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਨੂੰਹ ਨੇ ਪੁੱਤਰ ਦੀ ਸ਼ਹੀਦੀ ਉਪਰੰਤ ਉਸ ਨੂੰ ਦਿੱਤੇ ਗਏ ਕੀਰਤੀ ਚੱਕਰ ਨੂੰ ਉਨ੍ਹਾਂ ਨੂੰ ਛੂਹਣ ਤੱਕ ਨਹੀਂ ਦਿੱਤਾ। ਪੁੱਤਰ ਦੇ ਜਾਣ ਤੋਂ ਬਾਅਦ ਨੂੰਹ ਕੀਰਤੀ ਚੱਕਰ ਨਾਲ ਲੈ ਕੇ ਪੇਕੇ ਚਲੀ ਗਈ। ਸਾਡੇ ਕੋਲ ਕੁਝ ਨਹੀਂ ਬਚਿਆ। ਇਸ ਲਈ ਫੌਜ ਨੂੰ ਸ਼ਹੀਦ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦੇ ਨਿਯਮਾਂ ਵਿੱਚ ਬਦਲਾਅ ਕਰਨਾ ਚਾਹੀਦਾ ਹੈ।

ਇਸ ਬਾਰੇ ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਫੌਜ ਵੱਲੋਂ ਮਾਤਾ-ਪਿਤਾ ਨੂੰ 50 ਲੱਖ ਰੁਪਏ ਅਤੇ ਪਤਨੀ ਨੂੰ 50 ਲੱਖ ਰੁਪਏ ਦਿੱਤੇ ਗਏ ਹਨ। ‘ਦਿ ਹਿੰਦੂ’ ਦੀ ਰਿਪੋਰਟ ਮੁਤਾਬਕ ਸ਼ਹੀਦ ਦੀ ਪੈਨਸ਼ਨ ਸਿਰਫ਼ ਉਨ੍ਹਾਂ ਦੀ ਪਤਨੀ ਸਮ੍ਰਿਤੀ ਨੂੰ ਦਿੱਤੀ ਜਾਵੇਗੀ ਕਿਉਂਕਿ ਅੰਸ਼ੁਮਨ ਨੇ ਉਸ ਨੂੰ ਹੀ ਆਪਣਾ ਵਾਰਿਸ (Nominee) ਬਣਾਇਆ ਸੀ।

ਇਸ ਤੋਂ ਇਲਾਵਾ ਯੂਪੀ ਸਰਕਾਰ ਨੇ ਵੀ ਪਰਿਵਾਰ ਨੂੰ 50 ਲੱਖ ਰੁਪਏ ਦਿੱਤੇ ਸਨ। ਇਸ ਵਿੱਚੋਂ 15 ਲੱਖ ਰੁਪਏ ਮਾਪਿਆਂ ਨੂੰ ਅਤੇ 35 ਲੱਖ ਰੁਪਏ ਪਤਨੀ ਸਮ੍ਰਿਤੀ ਨੂੰ ਦਿੱਤੇ ਗਏ। ਇਸ ਦੇ ਬਾਵਜੂਦ ਸ਼ਹੀਦ ਦੇ ਮਾਪਿਆਂ ਨੇ ਵਿੱਤੀ ਸਹਾਇਤਾ ਦੇ ਨਿਯਮਾਂ ਨੂੰ ਬਦਲਣ ਦੀ ਗੱਲ ਕਹੀ ਸੀ।

ਸ਼ਹੀਦ ਅੰਸ਼ੁਮਨ ਦੇ ਪਿਤਾ ਨੂੰ ਪਹਿਲਾਂ ਹੀ ਮਿਲਦੀ ਹੈ ਪੈਨਸ਼ਨ

ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ਹੀਦ ਕੈਪਟਨ ਅੰਸ਼ੁਮਨ ਮਾਰਚ 2020 ਵਿੱਚ ਆਰਮੀ ਮੈਡੀਕਲ ਕੋਰ ਵਿੱਚ ਸ਼ਾਮਲ ਹੋਏ ਸਨ। ਪਤਨੀ ਸਮ੍ਰਿਤੀ ਨੂੰ ਫੌਜ ਦੇ ਜ਼ਿਆਦਾ ਲਾਭ ਮਿਲ ਰਹੇ ਹਨ ਕਿਉਂਕਿ ਅੰਸ਼ੁਮਨ ਨੇ ਉਸ ਨੂੰ ਆਪਣਾ ਵਾਰਿਸ ਨਾਮਜ਼ਦ ਕੀਤਾ ਸੀ। ਇਹ ਵੀ ਦੱਸਿਆ ਕਿ ਅੰਸ਼ੁਮਨ ਦੇ ਪਿਤਾ ਫੌਜ ’ਚ ਸੇਵਾ ਮੁਕਤ ਜੇਸੀਓ ਹਨ ਤੇ ਉਨ੍ਹਾਂ ਨੂੰ ਪੈਨਸ਼ਨ ਅਤੇ ਹੋਰ ਫੌਜੀ ਸਹੂਲਤਾਂ ਮਿਲਦੀਆਂ ਹਨ।

Exit mobile version